ਹਜ਼ਾਰਾਂ ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਬਰਬਾਦ ਹੋ ਰਹੀ ਹੈ : ਤੋਤਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਮੁਤਾਬਕ ਬਜਟ ਇਜਲਾਸ ਦੋ ਦਿਨਾਂ ਦਾ ਹੋਵੇ ਅਤੇ ਹਰ ਮੈਂਬਰ ਨੂੰ ਬੋਲਣ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ

Tota Singh

ਅੰਮ੍ਰਿਤਸਰ : ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਮੁਤਾਬਕ ਬਜਟ ਇਜਲਾਸ ਦੋ ਦਿਨਾਂ ਦਾ ਹੋਵੇ ਅਤੇ ਹਰ ਮੈਂਬਰ ਨੂੰ ਬੋਲਣ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੋਤਾ ਸਿੰਘ ਦੀ ਟੋਨ ਵੀ ਕੁੱਝ ਬਾਗ਼ੀ ਸੁਰਾਂ ਅਲਾਪਦੀ ਨਜ਼ਰ ਆਈ। ਸ਼੍ਰੋਮਣੀ ਕਮੇਟੀ ਦੀ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਰਹੀ ਹੈ ਤੇ ਅੱਜ ਠੇਕਾ 50 ਹਜ਼ਾਰ ਤੋਂ ਘੱਟ ਨਹੀ ਹੈ ਤੇ ਉਸ ਪਾਸੇ ਵੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਕ ਸਬ ਕਮੇਟੀ ਬਣਾ ਕੇ ਪੂਰਾ ਜਾਇਜ਼ਾ ਲਵੇ।  ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸੈਕਸ਼ਨ 85 ਤੇ 87 ਦੇ ਗੁਰਦੁਆਰੇ ਵੀ ਆਉਂਦੇ ਹਨ ਅਤੇ ਬਹੁਤ ਸਾਰੇ ਗੁਰਦੁਆਰਿਆਂ ਵਿਚ ਮੁਲਾਜ਼ਮਾਂ ਦੀ ਗਿਣਤੀ ਲੋੜ ਤੋਂ ਵੱਧ ਹੈ।

ਉਹ ਕਿਸੇ ਵੀ ਮੁਲਾਜ਼ਮ ਦੀ ਛਾਂਟੀ ਦੀ ਗੱਲ ਨਹੀ ਕਰਦੇ ਪਰ ਯੋਗਤਾ ਦਾ ਜ਼ਰੂਰ ਖਿਆਲ ਰਖਿਆ ਜਾਵੇ ਤੇ 10+2 ਪੜ੍ਹੇ ਸਿਰਫ਼ ਸੇਵਾਦਾਰ ਹੀ ਲਗਾਏ ਜਾਣ। 
ਸਰਾਵਾਂ ਦਾ ਪ੍ਰਬੰਧ ਕਾਫੀ ਠੀਕ ਚੱਲ ਰਿਹਾ ਹੈ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਮਰਾ ਸਿਰਫ ਲੋੜਵੰਦਾਂ ਨੂੰ ਹੀ ਦਿੱਤਾ ਜਾਵੇ ਕਿਉਕਿ ਕਈ ਵਾਰੀ ਬਾਹਰੋਂ ਆਏ ਸ਼ਰਧਾਲੂ ਖੱਜਲ ਖੁਆਰ ਵੀ ਹੁੰਦੇ ਹਨ। ਬਹੁਤ ਸਾਰੇ ਮੈਂਬਰ ਹਨ ਜਿਹੜੇ ਇਜਲਾਸ ਵਿਚ ਭਾਗ ਲੈਣ ਆਉਣ ਸਮੇਂ ਟੀ ਏ ਡੀ ਏ ਨਹੀਂ ਲੈਂਦੇ ਇਸ ਲਈ ਬਜਟ ਵਿਚੋਂ ਇਹ ਮਦ ਹੀ ਉਡਾ ਦਿਤੀ ਜਾਣੀ ਚਾਹੀਦੀ ਹੈ। 

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪਿਛਲੇ ਸਾਲ ਮੈਂਬਰਾਂ ਦਾ ਟੀ ਏ ਡੀ ਏ ਵਾਸਤੇ 10 ਲੱਖ ਰੱਖੇ ਗਏ ਸਨ ਪਰ ਨਂੌ ਮਹੀਨਿਆਂ ਵਿਚ 50 ਲੱਖ 27 ਹਜ਼ਾਰ 2 ਸੌ ਖ਼ਰਚੇ ਹੋ ਗਏ ਹਨ। ਅਗਲੇ ਤਿੰਨ ਮਹੀਨਿਆਂ ਵਿਚ 19 ਲੱਖ 62 ਹਜ਼ਾਰ 800 ਰੁਪਏ ਖ਼ਰਚੇ ਜਾਣੇ ਸਨ ਤੇ ਕੁਲ ਮਿਲਾ ਕੇ 70 ਲੱਖ ਬਣਦੇ ਹਨ, ਇਸ ਲਈ ਇਹ ਕਹਿਣਾ ਕਿ ਮੈਂਬਰ ਕੋਈ ਭੱਤਾ ਨਹੀ ਲੈਂਦੇ ਠੀਕ ਨਹੀ ਹੋਵੇਗਾ। ਇਸ ਵਾਰੀ ਬੱਜਟ ਮੈਂਬਰਾਂ ਨੂੰ ਭੱਤੇ ਦੇਣ ਲਈ 85 ਲੱਖ ਰੱਖੇ ਗਏ ਹਨ।  ਉਹ ਤੋਤਾ ਸਿੰਘ ਨਾਲ ਸਹਿਮਤ ਹਨ ਕਿ ਬਹੁਤ ਸਾਰੇ ਮੈਂਬਰ ਕੋਈ ਵੀ ਭੱਤਾ ਨਹੀਂ ਲੈਂਦੇ ਤੇ ਇਸ ਮਦ ਲਈ ਸਿਰਫ਼ ਪੰਜ ਲੱਖ ਹੀ ਰੱਖੇ ਜਾਣੇ ਚਾਹੀਦੇ ਹਨ। ਜਦੋਂ ਬੀਬੀ ਕਿਰਨਜੋਤ ਕੌਰ ਹੋਰ ਸੁਝਾਅ ਦੇਣ ਲੱਗੀ ਤਾਂ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਆਨੰਦ ਸਾਹਿਬ ਦੇ ਪਾਠ ਆਰੰਭ ਕਰਵਾ ਕੇ ਉਸ ਨੂੰ ਚੁੱਪ ਕਰਵਾ ਦਿਤਾ ਤੇ ਸਟੇਜ ਦੇ ਮਾਈਕ ਦੀ ਅਵਾਜ਼ ਬੰਦ ਕਰਵਾ ਦਿਤੀ। ਬੀਬੀ ਕਿਰਨਜੋਤ ਕੌਰ ਨੇ ਇਕ ਪੱਤਰ ਪ੍ਰਧਾਨ ਨੂੰ ਦਿਤਾ ਜਿਸ ਵਿਚ ਕਈ ਮਦਾ ਦਾ ਜ਼ਿਕਰ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਫ਼ਜ਼ੂਲ ਖ਼ਰਚੀ ਕੀਤੀ ਜਾਂਦੀ ਹੈ।