ਬਾਬੇ ਨਾਨਕ ਦੇ ਸੱਚੇ ਸਾਥੀ ਰਬਾਬੀ ਭਾਈ ਮਰਦਾਨਾ ਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

54 ਸਾਲ ਤਕ ਪਰਛਾਵੇਂ ਦੀ ਤਰ੍ਹਾਂ ਚੱਲੇ ਨਾਲ

Bhai Mardana

ਚੰਡੀਗੜ੍ਹ: ਸਮੁੱਚੇ ਵਿਸ਼ਵ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਦੋਂ ਬਾਬੇ ਨਾਨਕ ਦਾ ਨਾਮ ਆਉਂਦਾ ਤਾਂ ਇਕ ਹੋਰ ਸਖ਼ਸ਼ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਹੈ ਜੋ ਹਰ ਸਮੇਂ ਇਕ ਪਰਛਾਵੇਂ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਰਹਿੰਦਾ ਸੀ। ਉਹ ਸੀ ਬਾਬੇ ਨਾਨਕ ਦੇ ਸੱਚੇ ਸਾਥੀ ਭਾਈ ਮਰਦਾਨਾ ਜੀ।

ਰਬਾਬੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਉਹ ਸਾਥੀ ਸਨ, ਜੋ ਸ੍ਰੀ ਗੁਰੂ ਨਾਨਕ ਜੀ ਦੇ ਨਾਲ ਕਰੀਬ 54 ਸਾਲ ਤਕ ਰਹੇ। ਸ਼ਾਇਦ ਕੋਈ ਭਾਈ ਮਰਦਾਨਾ ਜੀ ਤੋਂ ਜ਼ਿਆਦਾ ਖ਼ੁਸ਼ਨਸੀਬ ਹੋਵੇ ਜਿਸ ਨੂੰ ਬਾਬੇ ਨਾਨਕ ਦੀ ਇੰਨੀ ਜ਼ਿਆਦਾ ਸ਼ੋਹਬਤ ਨਸੀਬ ਹੋਈ ਹੋਵੇ। ਭਾਈ ਮਰਦਾਨਾ ਜੀ ਦੀ ਬਾਬੇ ਨਾਨਕ ਨਾਲ ਦੋਸਤੀ ਇੰਨੀ ਪੱਕੀ ਸੀ ਕਿ ਪਹਾੜੀਆਂ ਦੀ ਜਮਾਉਣ ਵਾਲੀ ਸਰਦੀ, ਰੇਗਿਸਤਾਨਾਂ ਦੀ ਤਪਾਉਣ ਵਾਲੀ ਗਰਮੀ, ਜੰਗਲੀ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ, ਭੁੱਖ ਅਤੇ ਪਿਆਸ ਜਾਂ ਘਰ ਦਾ ਮੋਹ ਵੀ ਉਨ੍ਹਾਂ ਦੀ ਦੋਸਤੀ ਵਿਚ ਰੁਕਾਵਟ ਪੈਦਾ ਨਹੀਂ ਕਰ ਸਕਿਆ। ਲੱਖ ਔਕੜਾਂ ਦੇ ਬਾਵਜੂਦ ਵੀ ਉਹ ਆਖ਼ਰੀ ਦਮ ਤਕ ਗੁਰੂ ਸਾਹਿਬ ਦੇ ਨਾਲ ਇਕ ਪਰਛਾਵੇਂ ਦੀ ਤਰ੍ਹਾਂ ਚਲਦੇ ਰਹੇ।

ਇਹ ਗੁਰੂ ਸਾਹਿਬ ਦੀ ਕ੍ਰਿਪਾ ਹੀ ਸੀ ਕਿ ਗੁਰੂ ਜੀ ਨੇ ਉਨ੍ਹਾਂ ਨੇ ਅਪਣੇ ਵਡਮੁੱਲੇ ਵਿਚਾਰਾਂ ਸਦਕਾ ਭਾਈ ਮਰਦਾਨਾ ਜੀ ਵਿਚੋਂ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਖ਼ਾਤਮਾ ਕਰ ਦਿੱਤਾ ਸੀ ਅਤੇ ਉਨ੍ਹਾਂ ’ਤੇ ਪੰਜ ਗੁਣਾਂ ਸਤ, ਸੰਤੋਖ, ਸਬਰ, ਦਇਆ ਅਤੇ ਧਰਮ ਦੀ ਰਹਿਮਤ ਕਰ ਦਿੱਤੀ ਸੀ। ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਭਾਈ ਮਰਦਾਨਾ ਜੀ ਨੂੰ ਬ੍ਰਹਮ ਵਿਚ ਪਹੁੰਚਣ ਦਾ, ਗੁਰੂ ਜੀ ਦੇ ਭਾਈ ਹੋਣ ਦਾ ਅਤੇ ਗੁਰੂ ਜੀ ਦੇ ਪਿਆਰੇ ਸਾਥੀ ਹੋਣ ਦਾ ਮਾਣਮੱਤਾ ਰੁਤਬਾ ਹਾਸਲ ਹੋਇਆ। ਭਾਈ ਮਰਦਾਨਾ ਜੀ ਨੇ ਤਮਾਮ ਉਮਰ ਗੁਰੂ ਸਾਹਿਬ ਦੀ ਸੋਹਬਤ ਦਾ ਆਨੰਦ ਮਾਣਿਆ ਤੇ ਅੱਜ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 553ਵੇਂ ਅੰਗ ’ਤੇ ਬਿਰਾਜਮਾਨ ਹਨ।

ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਵਿਚ ਰਾਇ-ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਉਹ ਗੁਰੂ ਸਾਹਿਬ ਨਾਲੋਂ ਉਮਰ ਵਿਚ 10 ਸਾਲ ਵੱਡੇ ਸਨ। ਭਾਈ ਮਰਦਾਨਾ ਜੀ ਦੇ ਪਿਤਾ ਮੀਰ ਬਦਰਾ ਪਿੰਡ ਦੇ ਮੀਰਾਸੀ ਸਨ। ਉਨ੍ਹਾਂ ਸਮਿਆਂ ਵਿੱਚ ਚਿੱਠੀ ਪੱਤਰ ਭੇਜਣ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਅਤੇ ਇਹ ਕੰਮ ਮੀਰਾਸੀ ਕਰਿਆ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਖ ਦੁੱਖ ਦੇ ਸੁਨੇਹੇ, ਉਨ੍ਹਾਂ ਦੇ ਦੂਰ ਨੇੜੇ ਵਸਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਸਨ। ਪਿੰਡ ਦੇ ਲੋਕਾਂ ਦੀਆਂ ਜਿਥੇ-ਜਿਥੇ ਵੀ  ਰਿਸ਼ਤੇਦਾਰੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਸਭ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ। ਉਨ੍ਹਾਂ ਦਾ ਕਿਰਦਾਰ ਬਹੁਤ ਉੱਚਾ ਸੁੱਚਾ ਹੁੰਦਾ ਸੀ। ਉਹ ਹਰ ਇੱਕ ਦੇ ਘਰ ਠਹਿਰ  ਸਕਦੇ ਸਨ ਅਤੇ ਹਰ ਇਕ ਦੇ ਘਰ ਦਾ ਖਾ ਪੀ ਸਕਦੇ ਸਨ। ਜਜਮਾਨ ਵੀ ਉਨ੍ਹਾਂ ਦਾ ਬਹੁਤ ਅਦਬ ਸਤਿਕਾਰ ਤੇ ਉਨ੍ਹਾਂ ਦੀ ਚੰਗੀ ਸੇਵਾ ਕਰਦੇ ਸਨ।

ਭਾਈ ਮਰਦਾਨਾ ਜੀ ਦੇ ਪਿਤਾ ਵੀ ਇਹੀ ਕੰਮ ਕਰਦੇ ਸਨ। ਉਨ੍ਹਾਂ ਦੀ ਜਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਮੇਸ਼ਾ ਦੂਰ ਦੁਰਾਡੇ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਨ੍ਹਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿਚ ਇੱਕਲੇ ਹੋਣ ਕਾਰਣ ਆਪਣਾ ਦਿਲ ਬਹਿਲਾਉਣ ਲਈ ਗਾਉਣਾ ਅਤੇ ਵਜਾਉਣਾ ਉਨ੍ਹਾਂ ਦੀ ਜੱਦੀ ਪੁਸ਼ਤੀ ਆਦਤ ਬਣ ਗਈ ਸੀ, ਲੰਬੇ ਲੰਬੇ ਪੈਂਡੇ ਤੈਅ ਕਰਨੇ ਤੇ ਰਸਤੇ ਵਿਚ ਗਾਉਣ ਤੇ ਸਾਜ ਵਜਾਉਣ ਨਾਲ, ਸੰਗੀਤ ਦੀਆਂ ਬਰੀਕੀਆਂ ਦੀ ਕਾਫ਼ੀ ਸਮਝ ਆ ਜਾਂਦੀ। ਭਾਈ ਮਰਦਾਨਾ ਜੀ ਵੀ ਗਾਉਣ ਅਤੇ ਰਬਾਬ ਵਜਾਉਣ ਦੇ ਧਨੀ ਸਨ। ਜਦੋਂ ਬਾਬਾ ਨਾਨਕ ਬਾਣੀ ਗਾਉਂਦੇ ਅਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤਾਂ ਸਮੁੱਚੀ ਫਿਜ਼ਾ ਵਿਚ ਮਿਠਾਸ ਘੁਲ ਜਾਂਦੀ ਸੀ।

ਰਬਾਬੀ ਭਾਈ ਮਰਦਾਨਾ ਜੀ ਵਿਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਨਾਲ ਉਨ੍ਹਾਂ ਨੇ ਗੁਰੂ ਜੀ ਵੱਲੋਂ ਰਚੀ ਬਾਣੀ ਨੂੰ ਉੱਨੀ ਰਾਗਾਂ ਵਿਚ ਗਾਇਨ ਕੀਤਾ ਅਤੇ ਰਬਾਬ ਵਜਾਇਆ। ਇਕ ਜਾਣਕਾਰੀ ਅਨੁਸਾਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਨਾਲ ਲਗਭੱਗ  39 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਹੀ ਨਹੀਂ ਭਾਈ ਮਰਦਾਨਾ ਜੀ ਨੂੰ ਸਿੱਖ ਧਰਮ ਵਿਚ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਹਾਸਲ ਹੈ। ਬਾਬੇ ਨਾਨਕ ਨਾਲ ਉਨ੍ਹਾਂ ਦੀ ਸੱਚੀ ਦੋਸਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਈ ਮਰਦਾਨਾ ਜੀ ਨੇ ਅਪਣੇ ਆਖ਼ਰੀ ਸਾਹ ਜਗਤ ਗੁਰੂ ਬਾਬਾ ਨਾਨਕ ਦੀ ਗੋਦ ਵਿਚ ਲਏ।