ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ,ਏਕਾ ਬਾਣੀ, ਏਕਾ ਗੁਰੁ, ਏਕਾ ਸ਼ਬਦ ਵਿਚਾਰਿ 2

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਜਗਤ ਲਈ ਸ਼ਰਧਾ ਤੇ ਪ੍ਰੇਰਨਾ ਦਾ ਸ੍ਰੋਤ ਹੈ

Guru Granth Sahib Ji

 

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਖ਼ਾਲਸੇ ਦੀ ਸਿਰਜਨਾ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਵਿਸ਼ੇਸ਼ਤਾਈ ਲਈ ਇਕ ਸਿਧਾਂਤ ਦਿਤਾ ਜਿਸ ਨੂੰ ਇਤਿਹਾਸ ਵਿਚ 'ਨਾਸ ਸਿਧਾਂਤ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਅਨੁਸਾਰ ਹਰ ਵਿਅਕਤੀ ਨੂੰ ਖ਼ਾਲਸਾ ਬਣਨ ਤੋਂ ਪਹਿਲਾਂ ਚਾਰ ਚੀਜ਼ਾਂ ਦਾ ਤਿਆਗ ਜ਼ਰੂਰੀ ਹੈ। ਇਹ ਹਨ : 1. ਧਰਮ ਨਾਸ, 2. ਕੁਲ ਨਾਸ, 3. ਕਿਰਤ ਨਾਸ ਤੇ 4. ਕਰਮ ਨਾਸ। ਇਸ ਸਿਧਾਂਤ ਤੇ ਚਲਦਿਆਂ ਗੁਰੂ ਸਾਹਿਬ ਨੇ ਸਾਰੀਆਂ ਜਾਤਾਂ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਬਚਨ ਕੀਤਾ, ਇਨ ਗ਼ਰੀਬ ਸਿੰਘਨ ਕੋ ਦੇਊਂ ਪਾਤਸ਼ਾਹੀ। ਯਾਦ ਰਖੇ ਹਮਰੀ ਗੁਰਿਆਈ। (ਰਤਨ ਸਿੰਘ ਭੰਗੂ, ਪੰਥ ਪ੍ਰਕਾਸ਼, ਪੰਨਾ 32)

 

 

ਗੁਰੂ ਸਾਹਿਬਾਨ ਦੀ ਬਾਣੀ ਤੋਂ ਭਗਤ ਬਾਣੀ ਦੇ ਸੰਗ੍ਰਹਿ ਨੂੰ ਵਿਧੀਵਤ ਰੂਪ ਦੇ ਕੇ ਸੰਪਾਦਨ ਕਰਨ ਦਾ ਮਹਾਨ ਕਾਰਜ ਗੁਰੂ ਅਰਜਨ ਸਾਹਿਬ ਨੂੰ ਸੌਂਪਿਆ ਗਿਆ। ਗੁਰੂ ਸਾਹਿਬ ਨੇ ਵਾਹਿਗੁਰੂ ਨੂੰ ਅਪਣੇ ਹਿਰਦੇ ਵਿਚ ਵਸਾ ਕੇ 'ਸ਼ਬਦ ਗੁਰੂ' ਦਾ ਪ੍ਰਕਾਸ਼ ਕੀਤਾ (ਸਬਦੁ ਗੁਰੂ ਪਰਕਾਸਿਉ ਹਰਿ ਰਸਨ ਬਸਾਯਉ£ (ਪੰਨਾ 1407)) ਗੁਰਬਾਣੀ ਦੇ ਸੰਪਾਦਨ ਦਾ ਕਾਰਜ 1601 ਈ. ਤੋਂ 1604 ਈ. ਤਕ ਤਿੰਨ ਸਾਲਾਂ ਵਿਚ ਸੰਪੂਰਨ ਹੋਇਆ। ਸੰਪੂਰਨਤਾ ਉਪਰੰਤ 1 ਸਤੰਬਰ ਨੂੰ ਬੀੜ ਲਿਆ ਕੇ ਦਰਬਾਰ ਸਾਹਿਬ ਵਿਚ ਪ੍ਰਕਾਸ਼ ਕਰ ਦਿਤਾ। ਪਹਿਲੀ ਵਾਰ ਪ੍ਰਕਾਸ਼ ਕਰਨ ਸਮੇਂ ਜੋ ਹੁਕਮਨਾਮਾ ਆਇਆ ਉਹ ਸੀ, ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ£' ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਸ ਬੀੜ ਵਿਚ, ਭਾਈ ਮਨੀ ਸਿੰਘ ਜੀ ਤੋਂ ਸ਼ਾਮਲ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖ਼ਸ਼ੀ। ਜੇਕਰ ਦਸਵੇਂ ਪਾਤਸ਼ਾਹ ਅਪਣੀ ਕਿਸੇ ਰਚਨਾ ਨੂੰ ਇਸ ਬੀੜ ਵਿਚ ਸ਼ਾਮਲ ਕਰਵਾਉਣਾ ਚਾਹੁੰਦੇ ਤਾਂ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ।

 

ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦੱਖਣ ਵਿਚ ਨੰਦੇੜ, ਹਜ਼ੂਰ ਸਾਹਿਬ ਵਿਖੇ ਜੋਤੀ ਜੋਤਿ ਸਮਾਉਣ ਤੋਂ ਇਕ ਦਿਨ ਪਹਿਲਾਂ (ਕਾਰਤਕ ਮਾਸੇ ਸੁਦੀ ਚਉਥ ਸ਼ੁਕਲਾ ਪੱਖੇ ਬੁਧਵਾਰ ਕੇ ਦਿਹੁੰ-ਸਤਰਾਂ ਸੈ ਪੈਸਠ) ਗੁਰੂ ਸ਼ਬਦ ਦੀ ਪਰੰਪਰਾ ਅਨੁਸਾਰ 6 ਅਕਤੂਰ 1708 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਆਈ ਦੇ ਕੇ ਗੁਰੂ ਸੰਸਥਾ ਦੇ ਸਰੂਪ ਨੂੰ ਸੰਪੂਰਨ ਕੀਤਾ। ਇਸ ਅਲੌਕਿਕ ਤੇ ਇਤਿਹਾਸਕ ਲਮਹੇ ਨੂੰ ਇਸ ਸਮੇਂ ਸੰਗਤ ਵਿਚ ਹਾਜ਼ਰ ਭਾਈ ਨਰਬਦ ਸਿੰਘ ਭੱਟ ਨੇ ਇਸ ਤਰ੍ਹਾਂ ਕਲਮਬੱਧ ਕੀਤਾ ਹੈ : 'ਗੁਰੂ ਗੋਬਿੰਦ ਸਿੰਘ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ਼ ਦੱਖਣ, ਸਤਰਾਂ ਸੈ ਪੈਂਸਠ ਕਾਰਤਕ ਮਾਸੇ ਸੁਦੀ ਚਉਥ ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੋਆ ਸ੍ਰੀ ਗ੍ਰੰਥ ਸਾਹਿਬ ਲੇ ਲਾਉ, ਬਚਨ ਪਾਇ ਦੈਆ ਸਿੰਘ ਸ੍ਰੀ ਗ੍ਰੰਥ ਲੇ ਆਏ। ਗੁਰੂ ਜੀ ਨੇ ਪਾਂਚ ਪੈਸੇ ਏਕ ਨਾਰੀਅਲ ਆਗੇ ਭੇਟਾ ਰੱਖ ਮਥਾ ਟੇਕਾ। ਸਰਬਤਿ ਸੰਗਤ ਸੇ ਕਹਾ- ਮੇਰਾ ਹੁਕਮ ਹੈ, ਮੇਰੀ ਜਗ੍ਹਾ ਸ੍ਰੀ ਗ੍ਰੰਥ ਜੀ ਕੋ ਜਾਨਨਾ। ਜੋ ਸਿੱਖ ਜਾਨੇਗਾ, ਤਿਸ ਕੀ ਘਾਲੁ ਥਾਇ ਪਏਗੀ, ਗੁਰੂ ਤਿਸ ਕੀ ਬਹੁੜੀ ਕਰੇਗਾ, ਸਤਿ ਕਰ ਮਾਨਨਾ...। (ਭਟ ਵਹੀ ਤਲਵੁੰਡਾ ਪ੍ਰਗਣਾ ਜੀਂਦ)

 

 

ਭਾਈ ਸਰੂਪ ਸਿੰਘ ਕੌਸ਼ਿਸ਼ (ਗੁਰੂ ਕੀਆਂ ਸਾਖੀਆਂ, 1762 ਈ.) ਨੇ ਇਨ੍ਹਾਂ ਇਤਿਹਾਸਕ ਲਮਹਿਆਂ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ : 'ਗੁਰੂ ਜੀ ਨੇ ਦਯਾ ਸਿੰਘ ਸੇ ਕਹਾ, ਭਾਈ ਸਿਖਾ ਸ੍ਰੀ ਗ੍ਰੰਥ ਸਾਹਿਬ ਲੈ ਆਈਏ...। ਸ੍ਰੀ ਮੁੱਖ ਥੀ ਇੰਜ ਬੋਲੇ ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟ ਚਲਾਯੋ ਪੰਥ। ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਉ ਗ੍ਰੰਥ। ਗੁਰੂ ਖ਼ਾਲਸਾ ਮਾਨੀਐ ਪ੍ਰਗਟ ਗੁਰੂ ਕੀ ਦੇਹ।.. ਉਪਰੰਤ ਰਬਾਬੀਆਂ ਕੀਰਤਨ ਆਰੰਭ ਕੀਆ, ਬਾਦ ਅਰਦਾਸੀਏ ਅਰਦਾਸ ਕਰ ਕੇ ਤ੍ਰਿਹਾਵਲ ਪ੍ਰਸਾਦ ਕੀ ਦੇਗ ਵਰਤਾਈ...। ਭਾਈ ਦਯਾ ਸਿੰਘ ਗੁਰੂ ਦੇ ਸਾਜੇ ਪੰਜ ਪਿਆਰਿਆਂ ਵਿਚੋਂ ਇਕ ਸਨ। ਸਿੱਖਾਂ ਦੀ ਰੋਜ਼ਾਨਾ ਅਰਦਾਸ ਵਿਚ ਵੀ ਦਸਵੇਂ ਪਾਤਸ਼ਾਹ ਦੇ ਆਦੇਸ਼, 'ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ' ਨੂੰ ਦੁਹਰਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਸਿੱਖੀ ਦਾ ਧੁਰਾ ਹੈ। ਸਿੱਖ ਜਗਤ ਲਈ ਸ਼ਰਧਾ ਤੇ ਪ੍ਰੇਰਨਾ ਦਾ ਸ੍ਰੋਤ ਹੈ। ਇਸ ਦੀ ਅਗਵਾਈ ਨਾਲ ਹੀ ਸਿੱਖਾਂ ਨੇ ਅਪਣਾ ਗੌਰਵਮਈ ਇਤਿਹਾਸ ਸਿਰਜਿਆ ਹੈ।

ਕੁੱਲ ਮਿਲਾ ਕੇ ਗੁਰਬਾਣੀ ਜੀਵਨ ਦੇ ਹਰ ਪਹਿਲੂ- ਅਧਿਆਤਮਕ, ਸਮਾਜਕ, ਰਾਜਸੀ ਤੇ ਆਰਥਕ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ। ਸਮੁੱਚੇ ਪੰਥ ਵਿਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਨੂੰ ਅਤਿ ਸਤਿਕਾਰਯੋਗ ਅਤੇ ਸਰਬ-ਉੱਚ  ਦਰਜਾ ਪ੍ਰਾਪਤ ਹੈ। ਸ਼ਬਦ-ਗੁਰੂ ਨੇ ਹੀ ਸਿੱਖ ਪੰਥ ਨੂੰ ਇਕ ਸੂਤਰ ਵਿਚ ਪਰੋ ਕੇ ਰਖਿਆ। ਇਹ ਧੁਰ ਕੀ ਬਾਣੀ ਹੈ। ਇਹ ਜੁਗੋ ਜੁਗ ਅਟਲ ਹੈ। ਸਿੱਖਾਂ ਨੂੰ ਤਾਕੀਦ ਹੈ, 'ਏਕਾ ਬਾਣੀ, ਏਕਾ ਗੁਰੁ, ਏਕੋ ਸ਼ਬਦ ਵਿਚਾਰਿ£ (ਪੰਨਾ 646) ਸਿੱਖਾਂ ਦੀ ਰਾਜਸੀ ਤਾਕਤ ਖ਼ਤਮ ਹੋਣ ਤੋਂ ਬਾਅਦ, ਅੰਗਰੇਜ਼ਾਂ ਦੇ ਰਾਜ ਵਿਚ ਸਿੱਖ ਕੌਮ ਨੂੰ ਦੋ ਦੁਸ਼ਮਣਾਂ ਦਾ ਸਾਹਮਣਾ ਕਰਨਾ ਪਿਆ-ਇਕ ਸਨ ਅੰਗਰੇਜ਼ ਤੇ ਦੂਜੇ ਸਨ ਸਵਾਮੀ ਦਯਾ ਨੰਦ ਦੀ ਅਗਵਾਈ ਹੇਠ ਆਰੀਆ ਸਮਾਜ ਦੇ ਪ੍ਰਚਾਰਕ। ਅੰਗਰੇਜ਼ ਜਾਣਦੇ ਸਨ ਕਿ ਸਿੱਖਾਂ ਦਾ ਪ੍ਰੇਰਨਾਸ੍ਰੋਤ ਗੁਰੂ ਗ੍ਰੰਥ ਸਾਹਿਬ ਹੈ। ਉਨ੍ਹਾਂ ਨੇ ਇਕ ਗਿਣੀ ਮਿਥੀ ਸਾਜ਼ਸ਼  ਅਧੀਨ ਇਕ ਜਰਮਨ ਈਸਾਈ ਮਿਸ਼ਨਰੀ ਡਾ. ਟਰੰਪ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਵਿਚ ਅਨੁਵਾਦ ਦਾ ਕੰਮ ਸੌਂਪ ਦਿਤਾ। ਡਾ. ਟਰੰਪ ਨੇ ਅੰਗਰੇਜ਼ਾਂ ਦੀ ਇੱਛਾ ਅਨੁਸਾਰ ਬੜੇ ਅਲੋਚਨਾਤਮਕ ਢੰਗ ਨਾਲ ਗੁਰਬਾਣੀ ਦੀ ਤਰੋੜ-ਮਰੋੜ ਕੇ ਵਿਆਖਿਆ ਕੀਤੀ।

ਅੰਗਰੇਜ਼ਾਂ ਨੇ ਇਥੇ ਹੀ ਬਸ ਨਾ ਕੀਤੀ। ਉਨ੍ਹਾਂ ਨੇ ਬਚਿੱਤਰ ਨਾਟਕ ਦੀ ਰਚਨਾ ਨੂੰ ਲੈ ਕੇ ਇਸ ਨੂੰ ਦਸਵੇਂ ਪਾਤਸ਼ਾਹ ਨਾਲ ਜੋੜ ਕੇ, ਦਸਮ ਗ੍ਰੰਥ ਦਾ ਨਾਮ ਦੇ ਕੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਰੀਕ ਵਜੋਂ ਪੇਸ਼ ਕਰਨ ਦਾ ਯਤਨ ਕੀਤਾ। ਬਚਿੱਤਰ ਨਾਟਕ ਕਦੋਂ ਤੇ ਕਿਸ ਨੇ ਲਿਖਿਆ ਹੈ? ਇਸ ਦਾ ਜਵਾਬ ਅੱਜ ਤਕ ਕਿਸੇ ਕੋਲ ਨਹੀਂ। ਅੰਗਰੇਜ਼ਾਂ ਦੀ ਇਸ ਕੋਝੀ ਹਰਕਤ ਨੇ ਕਈ ਅਣਜਾਣ ਜਾਂ ਭੋਲੇ ਭਾਲੇ ਸਿੱਖਾਂ ਨੂੰ ਭੰਬਲ ਭੂਸੇ ਵਿਚ ਪਾ ਦਿਤਾ ਹੈ। ਸਿੱਖ ਕੌਮ ਨੂੰ ਦੁਸ਼ਮਣਾਂ ਦੀ ਇਸ ਡੂੰਘੀ ਚਾਲ ਤੋਂ ਸੁਚੇਤ ਹੋਣ ਦੀ ਲੋੜ ਹੈ। ਬਚਿੱਤਰ ਨਾਟਕ ਦੀ ਵਿਚਾਰਧਾਰਾ ਵਿਚ ਦੇਵੀ ਦੇਵਤਿਆਂ ਦਾ ਵਰਣਨ ਹੈ, ਅਵਤਾਰਵਾਦ ਦਾ ਸੰਕਲਪ ਹੈ ਅਤੇ ਕਈ ਜਗ੍ਹਾ ਤੇ ਹੱਦੋਂ ਵੱਧ ਅਸ਼ਲੀਲਤਾ ਹੈ ਜਿਸ ਦੀ ਕਿਸੇ ਵੀ ਧਾਰਮਕ ਗ੍ਰੰਥ ਵਿਚ ਕੋਈ ਥਾਂ ਨਹੀਂ ਹੋ ਸਕਦੀ। ਇਹ ਬਹੁਤ ਹੀ ਅਪਮਾਨਜਨਕ ਹੈ। ਇਹ ਵਿਚਾਰਧਾਰਾ ਗੁਰੂਆਂ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ।

ਅੰਗਰੇਜ਼ਾਂ ਨੇ ਗੁਰੂਆਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਢਾਹ ਲਗਾਉਣ ਲਈ ਛੇ ਪ੍ਰਮੁੱਖ ਗੁਰਦਵਾਰੇ ਵੀ ਅਪਣੇ ਕੰਟਰੋਲ ਵਿਚ ਲੈ ਕੇ ਉਨ੍ਹਾਂ ਦਾ ਕਬਜ਼ਾ ਮਹੰਤਾਂ-ਪੁਜਾਰੀਆਂ ਨੂੰ ਦੇ ਦਿਤਾ। ਇਨ੍ਹਾਂ ਮਹੰਤਾਂ-ਪੁਜਾਰੀਆਂ ਦਾ ਕਿਰਦਾਰ ਏਨਾ ਡਿੱਗ ਚੁਕਿਆ ਸੀ ਕਿ ਉਨ੍ਹਾਂ ਨੇ ਗੁਰੂਘਰ ਦੀਆਂ ਰਵਾਇਤਾਂ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਅੰਗਰੇਜ਼ਾਂ ਨੇ ਸੰਤ ਪਰੰਪਰਾ ਨੂੰ ਵੀ ਉਤਸ਼ਾਹਤ ਕੀਤਾ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਸਵਾਮੀ ਦਯਾਨੰਦ ਦੀ ਅਗਵਾਈ ਵਿਚ ਆਰੀਆ ਸਮਾਜ ਨੇ ਵੀ ਸਿੱਖ ਵਿਰੋਧੀ ਗਤੀਵਿਧੀਆਂ ਚਲਾਉਣ ਵਿਚ ਕੋਈ ਕਸਰ ਨਹੀਂ ਸੀ ਛੱਡੀ। ਇਨ੍ਹਾਂ ਦਾ ਪ੍ਰਮੁੱਖ ਮੁੱਦਾ ਇਹ ਸੀ ਕਿ ਸਿੱਖਾਂ ਦੀ ਕੋਈ ਅਡਰੀ ਪਹਿਚਾਣ ਨਹੀਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵੇਦਾਂ, ਪੁਰਾਣਾਂ ਤੇ ਹੀ ਆਧਾਰਤ ਹੈ। ਇਕ ਪ੍ਰਚਾਰਕ ਨੇ ਤਾਂ ਇਥੋਂ ਤਕ ਕਹਿ ਦਿਤਾ, 'ਨਾਨਕ ਸ਼ਾਹ ਫ਼ਕੀਰ ਨੇ ਨਯਾ ਚਲਾਇਆ ਪੰਥ, ਇਧਰ ਉਧਰ ਸੇ ਜੋੜ ਕੇ ਲਿਖ ਮਾਰਾ ਇਕ ਗ੍ਰੰਥ।' 1873 ਵਿਚ ਸਿੰਘ ਸਭਾ ਲਹਿਰ ਨੇ ਜਨਮ ਲਿਆ।

ਇਸ ਲਹਿਰ ਨੇ ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਦੀ ਅਗਵਾਈ ਵਿਚ ਬੜੀ ਦਲੇਰੀ ਨਾਲ ਆਰੀਆ ਸਮਾਜ ਨਾਲ ਟੱਕਰ ਲਈ। ਭਾਈ ਕਾਹਨ ਸਿੰਘ ਨੇ ਸਿੱਖਾਂ ਦੀ ਅਡਰੀ ਪਹਿਚਾਣ ਸਾਬਤ ਕਰਨ ਲਈ 'ਹਮ ਹਿੰਦੂ ਨਹੀਂ' ਨਾਮ ਦੀ ਇਕ ਕਿਤਾਬ ਲਿਖੀ। 1920 ਵਿਚ ਗੁਰਦਵਾਰਾ ਸੁਧਾਰ ਲਹਿਰ ਹੋਂਦ ਵਿਚ ਆਈ ਜਿਸ ਨੇ ਅਤਿਅੰਤ ਕੁਰਬਾਨੀਆਂ ਦੇ ਕੇ ਸਿੱਖ ਗੁਰਦਵਾਰਿਆਂ ਨੂੰ ਮਹੰਤਾਂ-ਪੁਜਾਰੀਆਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਤੇ ਉਥੇ ਗੁਰ-ਮਰਯਾਦਾ ਬਹਾਲ ਕਰਵਾਈ। ਅੱਜ ਵੀ ਸਿੰਘ ਸਭਾ ਲਹਿਰ ਤੇ ਗੁਰਦਵਾਰਾ ਸੁਧਾਰ ਲਹਿਰ ਤੋਂ ਪਹਿਲਾਂ ਵਾਲੀ ਸਥਿਤੀ ਪੈਦਾ ਹੋ ਚੁੱਕੀ ਹੈ। ਸਿੱਖ ਪੰਥ ਇਕ ਸੰਕਟਮਈ ਦੌਰ ਵਿਚੋਂ ਲੰਘ ਰਿਹਾ ਹੈ। ਸਿੱਖਾਂ ਦੀ ਸੱਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਸਾਡੇ ਅਪਣੇ ਹੀ ਲੀਡਰ ਸਵਾਰਥੀ, ਬੁਜ਼ਦਿਲ ਤੇ ਬੇਈਮਾਨ ਹੋ ਗਏ ਹਨ।

ਸਿੱਖੀ ਸੰਸਥਾਵਾਂ ਵਿਚ ਬਹੁਤ ਗਿਰਾਵਟ ਆ ਚੁੱਕੀ ਹੈ। ਇਹ ਬਹੁਤ ਹੀ ਦੁਖਦਾਈ ਗੱਲ ਹੈ ਪਰ ਇਸ ਦੇ ਨਾਲ ਹੀ ਸਿੱਖ ਸੰਗਤ ਤੋਂ ਇਕ ਆਸ ਵੀ ਟਪਕਦੀ ਹੈ। ਜਿਸ ਦਲੇਰੀ ਅਤੇ ਸ਼ਾਂਤਮਈ ਤਰੀਕੇ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਬੰਗਲਾ ਸਾਹਿਬ ਦਿੱਲੀ ਵਿਚ ਹੋਏ ਘਟਨਾਕ੍ਰਮ ਤੋਂ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਸਿੱਖ ਜਗਤ ਇਨ੍ਹਾਂ ਯਤਨਾਂ ਨੂੰ ਇਕ ਸੂਤਰ ਵਿਚ ਪਰੋ ਕੇ ਇਕ ਇਮਾਨਦਾਰ, ਨਿਧੜਕ ਅਤੇ ਮਜ਼ਬੂਤ ਜਥੇਬੰਦੀ ਦੀ ਆਸ ਵਿਚ ਹੈ। ਸੰਗਤਾਂ ਦੇ ਉਤਸ਼ਾਹ ਅਤੇ ਸਿਦਕ ਨਾਲ ਸੱਭ ਸਮੱਸਿਆਵਾਂ ਦਾ ਹੱਲ ਲੱਭ ਸਕਦਾ ਹੈ। ਕਵੀ ਸ਼ਾਹ ਮੁਹੰਮਦ ਦਾ ਕਥਨ ਇਕ ਅਟੱਲ ਸਚਾਈ ਹੈ : 'ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ।' ਅੱਜ ਦੇ ਰਾਜਸੀ ਅਤੇ ਧਾਰਮਕ ਆਗੂਆਂ ਨੂੰ ਬਦਲ ਕੇ ਹੀ ਖ਼ਾਲਸਾ ਪੰਥ ਨੂੰ ਰਾਹਤ ਮਿਲ ਸਕਦੀ ਹੈ।
                                                     ਡਾ. ਗੁਰਦਰਸ਼ਨ ਸਿੰਘ ਢਿਲੋਂ, ਸੰਪਰਕ : 98151-43911