ਪੰਥ ਦੇ ਨਾਂਅ 'ਤੇ ਸੱਤਾ ਦਾ ਆਨੰਦ ਮਾਣਨ ਵਾਲਿਆਂ ਨੇ ਭੁਲਾਏ ਸਿੱਖ ਕਤਲੇਆਮ ਦੇ ਪੀੜਤ
ਸਿੱਖਾਂ ਦੇ ਕਤਲੇਆਮ ਨੂੰ ਦੰਗੇ ਦਾ ਨਾਂਅ ਦੇਣਾ ਅਫ਼ਸੋਸਨਾਕ : ਪੀ.ਐਸ.ਯੂ.
ਕੋਟਕਪੂਰਾ : ਪੰਥ ਦੇ ਨਾਮ 'ਤੇ ਸੱਤਾ ਦਾ ਆਨੰਦ ਮਾਣਨ, ਸ਼ਤਾਬਦੀਆਂ ਦੀ ਆੜ 'ਚ ਸੰਗਤਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਧਾਰਮਕ ਸ਼ਰਧਾ ਰਾਹੀਂ ਇਕੱਤਰ ਕਰਨ ਅਤੇ ਤਖ਼ਤਾਂ ਦੇ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਰਾਹੀਂ ਪੰਥਕ ਵਿਦਵਾਨਾਂ ਤੇ ਪੰਥਦਰਦੀਆਂ ਨੂੰ ਧਰਮ ਦਾ ਡੰਡਾ ਦਿਖਾ ਕੇ ਡਰਾਈ ਰੱਖਣ ਲਈ ਮਸ਼ਹੂਰ ਅਕਾਲੀਆਂ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਹੋਰ ਰਾਜਾਂ 'ਚ ਹੋਏ ਸਿੱਖ ਕਤਲੇਆਮ ਦੀ ਯਾਦ 'ਚ ਕੋਈ ਸਮਾਗਮ ਰੱਖਣ ਦੀ ਵਿਹਲ ਨਹੀਂ ਪਰ ਦੂਜੇ ਪਾਸੇ ਪੰਜਾਬ ਸਟੂਡੈਂਟ ਯੂਨੀਅਨ ਨੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਕੂਲਾਂ-ਕਾਲਜਾਂ ਸਮੇਤ ਹੋਰਨਾਂ ਵਿਦਿਅਕ ਅਦਾਰਿਆਂ 'ਚ ਰੈਲੀਆਂ ਕੀਤੀਆਂ ਗਈਆਂ।
ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਸਯੂ ਦੇ ਆਗੂ ਸੁਖਪ੍ਰੀਤ ਸਿੰਘ ਮੌੜ ਨੇ ਕਿਹਾ ਕਿ ਭਾਰਤ ਦੇਸ਼ 'ਚ ਮੁੱਢ ਤੋਂ ਹੀ ਧਰਮ ਅਤੇ ਸਿਆਸਤ ਦਾ ਗਠਜੋੜ ਰਿਹਾ ਹੈ, ਚਾਹੇ 1947, 1984 ਅਤੇ ਜਾਂ ਫਿਰ ਗੁਜਰਾਤ ਦਾ 2002 ਦਾ ਮੁਸਲਿਮ ਕਤਲੇਆਮ ਹੋਵੇ, ਸੱਭ ਨੇ ਅਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ। ਉਨ੍ਹਾਂ ਕਿਹਾ ਕਿ 1984 ਸਿੱਖਾਂ ਦੇ ਕਤਲੇਆਮ ਲਈ 'ਦੰਗੇ' ਸ਼ਬਦ ਵਰਤਿਆ ਜਾਂਦਾ ਹੈ। ਪਰ ਦੰਗਾ ਹਮੇਸ਼ਾ ਦੋ ਫ਼ਿਰਕਿਆਂ 'ਚ ਹੋਏ ਖ਼ੂਨੀ ਟਕਰਾਅ ਨੂੰ ਕਿਹਾ ਜਾਂਦਾ ਹੈ ਜਿਸ 'ਚ ਦੋਹਾਂ ਧਿਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਪਰ 84 ਦੇ ਸਿੱਖ ਕਤਲੇਆਮ 'ਚ ਇਕ ਧਿਰ ਹੀ ਸਿੱਖਾਂ ਨੂੰ ਮਾਰ ਰਹੀ ਸੀ, 10 ਹਜ਼ਾਰ ਸਿੱਖ ਮਾਰੇ ਗਏ। ਕਾਂਗਰਸ ਪਾਰਟੀ ਦੇ ਗੁੰਡਿਆਂ 'ਚੋਂ ਕੋਈ ਨਹੀਂ ਮਰਿਆ।
ਇਸ ਲਈ ਇਹ 'ਦੰਗੇ' ਨਹੀਂ ਬਲਕਿ ਪੂਰੀ ਗਿਣੀ-ਮਿਥੀ ਸਾਜ਼ਸ਼ ਤਹਿਤ ਸਿੱਖਾਂ ਦਾ ਕਤਲੇਆਮ ਸੀ। 1984 ਦਾ ਸਿੱਖ ਕਤਲੇਆਮ ਸਿਰਫ਼ ਦਿੱਲੀ 'ਚ ਨਹੀਂ ਸਗੋਂ ਪੂਰੇ ਦੇਸ਼ 'ਚ ਹੋਇਆ, ਕਈ-ਕਈ ਦਹਾਕਿਆਂ ਤਕ ਕੋਈ ਫ਼ੈਸਲਾ ਨਾ ਆਉਣਾ, ਅਦਾਲਤਾਂ 'ਤੇ ਸਵਾਲ ਖੜਾ ਕਰਦਾ ਹੈ ਕਿ।ਕਈ ਦੋਸ਼ੀ ਬਚਦੇ-ਬਚਦੇ ਕੁਦਰਤੀ ਮੌਤ ਮਰ ਜਾਂਦੇ ਹਨ ਪਰ ਅਦਾਲਤਾਂ ਉਨ੍ਹਾਂ ਨੂੰ ਸਜ਼ਾ ਨਹੀਂ ਦੇ ਪਾਉਂਦੀਆਂ। ਅੱਜ ਜਦ ਸਿੱਖ ਕਤਲੇਆਮ ਨੂੰ ਹੋਏ 35 ਵਰ੍ਹਿਆਂ ਦਾ ਸਮਾਂ ਹੋ ਗਿਆ ਹੈ ਪਰ ਦੇਸ਼ ਦਾ ਨਕਾਰਾ ਤੇ ਨਖਿੱਧ ਹੋਇਆ ਪ੍ਰਬੰਧ ਸਿੱਖ ਕਤਲੇਆਮ ਦੇ ਦੋਸ਼ੀਆਂ ਸਮੇਤ ਘੱਟ ਗਿਣਤੀਆਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ਮੁਨਕਰ ਹੋ ਚੁਕਿਆ ਹੈ ਪਰ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ਮੁਨਕਰ ਹੋਏ ਇਸ ਪ੍ਰਬੰਧ ਨੂੰ ਸਿਰਫ਼ ਤੇ ਸਿਰਫ਼ ਲੋਕ ਤਾਕਤ ਹੀ ਝੁਕਾ ਸਕਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਵੀਰ ਬਰਗਾੜੀ, ਵਰਖਾ, ਪ੍ਰਿੰਸ ਰਾਮਸਰ, ਲਵਪ੍ਰੀਤ ਮੱਲਕੇ, ਗੁਰਲਾਲ ਲਾਲੀ, ਬਿਕਰਮ ਮੱਲਕੇ, ਰਾਜਦੀਪ ਢਿੱਲਵਾਂ ਆਦਿ ਵੀ ਹਾਜ਼ਰ ਸਨ।