ਸਿੱਖ ਇਤਿਹਾਸ ਤੇ ਗੁਰਬਾਣੀ ਅਰਥਾਂ ਨੂੰ ਉੜੀਆ ਭਾਸ਼ਾ 'ਚ ਅਨੁਵਾਦ ਕਰਨ 'ਤੇ ਸਾਧਨਾ ਪਾਤਰੀ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ ਸਾਧਨਾ ਪਾਤਰੀ ਨੂੰ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਨਮਾਨਤ ਕਰਦਿਆਂ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ।

Sadhna Patri, who translated Gurbani into Oriya

ਅੰਮ੍ਰਿਤਸਰ :  ਉੜੀਸਾ ਦੇ ਭੁਵਨੇਸ਼ਵਰ ਦੀ ਰਹਿਣ ਵਾਲੀ ਸ੍ਰੀਮਤੀ ਸਾਧਨਾ ਪਾਤਰੀ ਨੂੰ ਸਿੱਖ ਇਤਿਹਾਸ ਅਤੇ ਨਿਤਨੇਮ ਸਟੀਕ ਦਾ ਉੜੀਆ ਭਾਸ਼ਾ ਵਿਚ ਉਲੱਥਾ ਕਰਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ। ਦਸਣਯੋਗ ਹੈ ਕਿ ਸ੍ਰੀਮਤੀ ਸਾਧਨਾ ਪਾਤਰੀ ਨੇ 10 ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਸਟੀਕ ਨੂੰ ਉੜੀਆ ਭਾਸ਼ਾ ਵਿਚ ਅਨੁਵਾਦ ਕੀਤਾ ਹੈ।

ਉਨ੍ਹਾਂ ਵਲੋਂ ਅਨੁਵਾਦਤ ਕਾਰਜਾਂ ਨੂੰ ਕਿਤਾਬਾਂ ਰੂਪ ਵਿਚ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ ਸਾਧਨਾ ਪਾਤਰੀ ਨੂੰ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਨਮਾਨਤ ਕਰਦਿਆਂ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਡਾ. ਰੂਪ ਸਿੰਘ ਨੇ ਕਿਹਾ ਕਿ ਅਨੁਵਾਦ ਕਾਰਜ ਕਰਨਾ ਸੌਖਾ ਕੰਮ ਨਹੀਂ ਹੈ, ਪ੍ਰੰਤੂ ਜਿਸ ਸਿਰੜ ਨਾਲ ਸ੍ਰੀਮਤੀ ਸਾਧਨਾ ਪਾਤਰੀ ਨੇ ਕਾਰਜ ਕੀਤਾ ਹੈ, ਉਹ ਮਿਸਾਲੀ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਕਾਰਜਾਂ ਦੀ ਵੱਡੀ ਲੋੜ ਹੈ, ਤਾਂ ਜੋ ਵੱਖ-ਵੱਖ ਸੂਬਿਆਂ ਦੀ ਸੰਗਤਾਂ ਨੂੰ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਅਤੇ ਗੁਰਬਾਣੀ ਦੇ ਅਰਥਾਂ ਬਾਰੇ ਜਾਣਕਾਰੀ ਮਿਲ ਸਕੇ।

ਇਸ ਦੌਰਾਨ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਅਪਣੇ ਪੁਸਤਕ ਕਲਿ ਤਾਰਣਿ ਗੁਰੁ ਨਾਨਕ ਆਇਆ ਵੀ ਭੇਟ ਕੀਤੀ ਜਿਸ ਨੂੰ ਪ੍ਰਾਪਤ ਕਰਦਿਆਂ ਸ੍ਰੀਮਤੀ ਪਾਤਰੀ ਨੇ ਕਿਹਾ ਕਿ ਉਹ ਇਸ ਪੁਸਤਕ ਦਾ ਵੀ ਉੜੀਆ ਭਾਸ਼ਾ ਵਿਚ ਅਨੁਵਾਦ ਕਰਨਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਜਸਬੀਰ ਸਿੰਘ ਧਾਮ ਮੁੰਬਈ, ਸਕਾਲਰ ਡਾ. ਰਣਜੀਤ ਕੌਰ ਪੰਨਵਾਂ, ਬੀਬੀ ਕਿਰਨਦੀਪ ਕੌਰ ਤੇ ਹੋਰ ਵੀ ਮੌਜੂਦ ਸਨ।