ਭਾਈ ਬੇਅੰਤ ਸਿੰਘ ਜੀ ਦੀ 36ਵੀਂ ਬਰਸੀ: ਗੁਰਦੁਆਰਾ ਝੰਡਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਸਿੱਖ ਭਾਈਚਾਰੇ ਵੱਲੋਂ ਅੱਜ ਮਨਾਈ ਜਾ ਰਹੀ ਹੈ ਭਾਈ ਬੇਅੰਤ ਸਿੰਘ ਜੀ ਦੀ 36ਵੀਂ ਬਰਸੀ
ਅੰਮ੍ਰਿਤਸਰ: ਸਮੂਹ ਸਿੱਖ ਭਾਈਚਾਰੇ ਵੱਲੋਂ ਅੱਜ ਭਾਈ ਬੇਅੰਤ ਸਿੰਘ ਜੀ ਦੀ 36ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਦੇ ਚਲਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਦੁਆਰਾ ਝੰਡਾ ਸਾਹਿਬ ਵਿਖੇ ਵੀ ਭਾਈ ਬੇਅੰਤ ਸਿੰਘ ਜੀ ਜੀ ਬਰਸੀ ਮਨਾਈ ਗਈ।
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਨਰੈਣ ਸਿੰਘ ਚੌੜਾ ਮੈਂਬਰ ਹਵਾਰਾ ਕਮੇਟੀ, ਕੰਵਰਪਾਲ ਸਿੰਘ ਸੰਧੂ ਦਲ ਖਾਲਸਾ ਆਗੂ ਅਤੇ ਸ਼ਹੀਦ ਪਰਿਵਾਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਮੌਜੂਦ ਸਨ।
ਦੱਸ ਦਈਏ ਕਿ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਜੂਨ 1984 ਵੇਲੇ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ 31 ਅਕਤੂਬਰ 1984 ਨੂੰ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਸ ਉਪਰੰਤ ਭਾਈ ਬੇਅੰਤ ਸਿੰਘ ਨੂੰ 31 ਅਕਤੂਬਰ 1984 ਨੂੰ ਹੀ ਗ੍ਰਿਫ਼ਤਾਰੀ ਮੌਕੇ ਸ਼ਹੀਦ ਕਰ ਦਿੱਤਾ ਗਿਆ ਸੀ। ਜਦਕਿ ਭਾਈ ਸਤੰਵਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਤਸੀਹੇ ਦੇ ਕੇ 6 ਜਨਵਰੀ 1989 ਨੂੰ ਫਾਂਸੀ ਦਿੱਤੀ ਗਈ ਸੀ।