ਭਾਜਪਾ 'ਹਿੰਦੋਸਤਾਨ' ਦੇ ਨਾਂਅ 'ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਕਰ ਰਹੀ ਹੈ ਗੁਮਰਾਹ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਮ ਸੇਫ਼ ਇੰਟਰਨੈਸ਼ਨਲ ਦੀ ਵੀਡੀਉ ਰਾਹੀਂ ਆਰਐਸਐਸ ਦੀ ਨੀਤੀ ਦਾ ਪ੍ਰਗਟਾਵਾ

Giani Jagtar Singh Jachak

ਕੋਟਕਪੂਰਾ (ਗੁਰਿੰਦਰ ਸਿੰਘ) : ਹਿੰਦੂ ਰਾਸ਼ਟਰ ਦੀ ਮੁਦਈ ਕੇਂਦਰ ਦੀ ਭਾਜਪਾ ਸਰਕਾਰ ਭਾਰਤ ਨੂੰ 'ਹਿੰਦੋਸਤਾਨ' ਦਾ ਨਾਂਅ ਦੇਣ ਪ੍ਰਤੀ ਸਮੁੱਚੇ ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਅੰਦਰਲੇ ਬਾਬੇ ਨਾਨਕ ਦੇ ਹਵਾਲੇ ਹਿੰਦੁਸਤਾਨ ਸਮਾਲਸੀ ਬੋਲਾਂ ਨਾਲ ਸਿੱਖਾਂ ਨੂੰ ਅਤੇ ਮੌਲਾਨਾ ਇਕਬਾਲ ਦੇ ਤਰਾਨੇ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਨਾਲ ਮੁਸਲਮਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਨਾਂਅ ਜਗਤ-ਗੁਰ ਬਾਬਾ ਨਾਨਕ ਅਤੇ ਸ਼ੈਰ-ਏ-ਮਸ਼ਰਕ ਮੌਲਾਨਾ ਇਕਬਾਲ ਵਰਤਦੇ ਹੋਣ, ਉਹ ਦੇਸ਼ ਵਾਸੀਆਂ ਲਈ ਗ਼ਲਤ ਕਿਵੇਂ ਹੋ ਸਕਦਾ ਹੈ?

ਪਰ ਇਹ ਪੱਖ ਨਹੀਂ ਪ੍ਰਗਟਾਉਂਦੇ ਕਿ ਉਨ੍ਹਾਂ ਵੇਲੇ ਦਾ ਹਿੰਦੋਸਤਾਨ 1947 ਤੋਂ ਪਿਛੋਂ ਭਾਰਤ-ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਨਾਵਾਂ ਹੇਠ ਤਿੰਨ ਭਾਗਾਂ 'ਚ ਵੰਡ ਚੁੱਕਾ ਹੈ। ਇਸ ਲਈ ਹੁਣ ਭਾਰਤ ਨੂੰ 'ਹਿੰਦੋਸਤਾਨ' ਕਹਿਣਾ ਸੰਵਿਧਾਨਕ ਉਲੰਘਣਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਨਿਊਯਾਰਕ ਤੋਂ ਭੇਜੇ ਪ੍ਰੈਸ ਨੋਟ 'ਚ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਗੁਰੂ ਨਾਨਕ ਸਾਹਿਬ ਵੇਲੇ ਮੁਗਲ ਰਾਜ ਸੀ ਤੇ ਰਾਜਸੀ-ਭਾਸ਼ਾ ਫ਼ਾਰਸੀ 'ਚ 'ਹਿੰਦੋਸਤਾਨ' ਦਾ ਅਰਥ ਸੀ-ਗ਼ੁਲਾਮਾਂ (ਹਿੰਦੂਆਂ) ਦੀ ਧਰਤੀ।

ਆਲ-ਇੰਡੀਆ ਮੁਸਲਿਮ ਲੀਗ ਦੇ 1940 ਲਾਹੌਰ ਦੇ ਮਤੇ ਨੇ ਬ੍ਰਿਟਿਸ਼ ਭਾਰਤ ਦੇ ਉੱਤਰ-ਪੱਛਮ ਤੇ ਉੱਤਰ-ਪੂਰਬ 'ਚ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਲਈ ਪ੍ਰਭੂਸੱਤਾ ਦੀ ਮੰਗ ਕੀਤੀ ਸੀ, ਜਿਸ ਨੂੰ ਉਹ 'ਪਾਕਿਸਤਾਨ' ਕਹਿੰਦੇ ਸਨ ਤੇ ਬਾਕੀ ਦੇ ਖੇਤਰ ਨੂੰ 'ਹਿੰਦੋਸਤਾਨ'। ਬ੍ਰਿਟਿਸ਼ ਅਧਿਕਾਰੀਆਂ ਨੇ ਵੀ ਇਨ੍ਹਾਂ ਦੋਵਾਂ ਨਾਵਾਂ ਨੂੰ ਚੁਣ ਕੇ ਅਧਿਕਾਰਤ ਰੂਪ 'ਚ ਇਸਤੇਮਾਲ ਕਰਨਾ ਸ਼ੁਰੂ ਕਰ ਦਿਤਾ ਸੀ

ਪਰ 1947 ਦੀ ਅਜ਼ਾਦੀ ਤੇ ਦੇਸ਼ ਦੀ ਵੰਡ ਪਿਛੋਂ ਹਿੰਦੂਆਂ ਦੀ ਧਰਤੀ ਵਾਲੇ ਪ੍ਰਭਾਵਤ ਅਰਥਾਂ ਕਾਰਨ ਹਿੰਦੋਸਤਾਨ ਨਾਮ ਨੂੰ ਭਾਰਤੀ ਨੇਤਾਵਾਂ ਦੀ ਸੰਵਿਧਾਨਕ ਮਨਜ਼ੂਰੀ ਨਾ ਮਿਲੀ ਕਿਉਂਕਿ ਸਿੱਖ ਮੁਸਲਮਾਨ ਤੇ ਈਸਾਈ ਆਦਿਕ ਇਸ ਨਾਂਅ ਨੂੰ ਬ੍ਰਾਹਮਣੀ ਮਤ ਨਾਲ ਜੋੜ ਕੇ ਵੇਖਦੇ ਸਨ, ਭਾਰਤੀ ਸੰਵਿਧਾਨ ਸਭਾ ਨੇ ਦੇਸ਼ ਦਾ ਸਰਬਸਾਂਝਾ ਤੇ ਧਰਮ ਨਿਰਪੱਖ ਅਧਿਕਾਰਤ ਨਾਮ 'ਭਾਰਤ' (ਭਾ+ਰਤ) ਪ੍ਰਵਾਨ ਕੀਤਾ ਕਿਉਂਕਿ ਇਸ ਦਾ ਅਰਥ ਹੈ: ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼।

ਇਸ ਲਈ ਦੇਸ਼ ਵਾਸੀਆਂ ਨੂੰ ਹੁਣ ਬਹੁਤ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ 'ਬਾਮ ਸੇਫ ਇੰਟਰਨੈਸ਼ਨਲ' ਨੇ ਇਕ ਵੀਡੀਓ ਰਾਹੀਂ ਆਰ.ਐਸ.ਐਸ. ਵਲੋਂ ਤਿਆਰ ਕੀਤੇ ਭਾਰਤੀ ਸੰਵਿਧਾਨ ਦੀ ਕਾਪੀ ਵਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਉਸ 'ਚ ਸ੍ਰੀ ਰਾਮ ਚੰਦਰ, ਹਨੂੰਮਾਨ, ਬ੍ਰਹਮਾ ਤੇ ਦੁਰਗਾ ਦੇਵੀ ਆਦਿਕ ਦੇ ਕਈ ਚਿੱਤਰ ਲਾ ਕੇ ਦੇਸ਼ ਦੇ ਅਧਿਕਾਰਤ ਨਾਂਅ 'ਭਾਰਤ' ਨੂੰ ਬਦਲ ਕੇ 'ਹਿੰਦੁਸਤਾਨ' ਲਿਖ ਦਿਤਾ ਹੈ, ਵੱਡੀ ਸੰਭਾਵਨਾ ਹੈ ਕਿ 2022 'ਚ ਹਿੰਦੂਤਵੀ ਮੋਦੀ ਸਰਕਾਰ ਰਾਮ ਮੰਦਰ ਦੀ ਉਸਾਰੀ ਵਾਂਗ ਅਜਿਹੇ ਮਨੂੰਵਾਦੀ ਸੰਵਿਧਾਨ ਨੂੰ ਵੀ ਪ੍ਰਵਾਨਗੀ ਦੇ ਦੇਵੇ।