ਦਿਲਜੀਤ ਸਿੰਘ ਬੇਦੀ ਨੇ ਸੇਵਾ ਮੁਕਤੀ ਤੋਂ ਪਹਿਲਾਂ ਸ਼ੁਕਰਾਨਾ ਸਮਾਗਮ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਅਪਣੇ....

Sukhwinder Singh Bohdu

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਅਪਣੇ ਸੇਵਾਮੁਕਤ ਹੋਣ ਤੋਂ ਪਹਿਲਾਂ ਅੱਜ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ। ਦਿਲਜੀਤ ਸਿੰਘ ਬੇਦੀ 38 ਸਾਲ ਦੀ ਸੇਵਾ ਉਪਰੰਤ ਸ਼੍ਰੋਮਣੀ ਕਮੇਟੀ ਵਿਚੋਂ ਸੇਵਾਮੁਕਤ ਅੱਜ ਹੋ ਰਹੇ ਹਨ। 

ਉਨ੍ਹਾਂ ਵਲੋਂ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਅੱਜ ਕਰਵਾਏ ਗਏ ਸ਼ੁਕਰਾਨਾ ਸਮਾਗਮ ਸਮੇਂ ਸਿੱਖ ਕੌਮ ਦੀਆਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਰਾਜਸੀ, ਸਮਾਜਕ ਤੇ ਸਾਹਿਤਕ ਸ਼ਖ਼ਸੀਅਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਦਿਲਜੀਤ ਸਿੰਘ ਬੇਦੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ. ਬੇਦੀ ਦੀ ਕਾਰਜਸ਼ੈਲੀ ਦੀ ਤਾਰੀਫ਼ ਕੀਤੀ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਉਹ ਬੇਦੀ ਦੀਆਂ ਸੇਵਾਵਾਂ ਅਪਣੀ ਜਥੇਬੰਦੀ ਲਈ ਲੈਣਗੇ। ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਦਿਲਜੀਤ ਸਿੰਘ ਬੇਦੀ ਵਲੋਂ ਕਲਮ ਰਾਹੀਂ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਕਾਰਜਾਂ ਨੂੰ ਵਡਿਆਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਬੇਦੀ ਦੇ ਪਿਛੋਕੜ ਨੂੰ ਸਾਹਿਤਕ ਸਰੋਕਾਰਾਂ ਨਾਲ ਲਬਰੇਜ਼ ਦਸਿਆ ਅਤੇ ਕਿਹਾ ਕਿ ਬੇਦੀ ਸਵੈ ਭਰੋਸੇ ਵਾਲਾ ਸੰਘਰਸ਼ਸ਼ੀਲ ਵਿਅਕਤੀ ਹੈ। ਇਸ ਦੌਰਾਨ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਸ ਸਮੇਂ ਵੱਖ-ਵੱਖ ਰਾਜਸੀ, ਧਾਰਮਕ, ਸਾਹਿਤਕ ਸ਼ਖ਼ਸੀਅਤਾਂ ਅਤੇ ਪੱਤਰਕਾਰ ਭਾਈਚਾਰੇ ਵਲੋਂ ਸ. ਬੇਦੀ ਨੂੰ ਸਨਮਾਨਤ ਵੀ ਕੀਤਾ ਗਿਆ। ਜਥੇਦਾਰ ਗਿ. ਰਘਬੀਰ ਸਿੰਘ, ਗਿ. ਗੁਰਮਿੰਦਰ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਹਰਨਾਮ ਸਿੰਘ ਖ਼ਾਲਸਾ, ਭਾਈ ਬੋਹੜ ਸਿੰਘ, ਬਾਬਾ ਨੌਰੰਗ ਸਿੰਘ, ਬਾਬਾ ਸੁਬੇਗ ਸਿੰਘ ਵਲੋਂ ਬਾਬਾ ਅਮਰੀਕ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਜੌੜਾਸਿੰਘਾ ਆਦਿ ਹਾਜ਼ਰ ਸਨ।