ਗੁਰੂ ਕਾਲ ਵੇਲੇ ਹੀ ਨਹੀਂ, ਹੁਣ ਵੀ ਸਿੱਖੀ ਦੇ ਬੂਟੇ ਨੂੰ ਖ਼ਤਮ ਕਰਨ ਹਿਤ ਦਿਤੇ ਜਾ ਰਹੇ ਨੇ ਵੱਡੇ-ਵੱਡੇ ਲਾਲਚ!
ਪਰਮਿੰਦਰ ਕੌਰ ਖਹਿਰਾ ਨੂੰ ਇਸਾਈ ਪ੍ਰਚਾਰ ਲਈ 30 ਲੱਖ ਸਾਲਾਨਾ ਪੈਕੇਜ ਦੀ ਕੀਤੀ ਪੇਸ਼ਕਸ
ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ/ਰਣਜੀਤ ਸਿੰਘ): ਪੰਜਾਬ ਹੀ ਨਹੀਂ ਉਤਰੀ ਭਾਰਤ ਵਿਚ ਹੀ ਇਸਾਈ ਮਜ਼੍ਹਬ ਵਲੋਂ ਵੱਡੇ ਵੱਡੇ ਲਾਲਚ ਦੇ ਕੇ ਕੇਵਲ ਸਿੱਖਾਂ ਨੂੰ ਹੀ ਨਹੀਂ ਹਿੰਦੂ ਆਦਿ ਮਜ਼੍ਹਬਾਂ ਨੂੰ ਵੀ ਇਸਾਈ ਮਜ਼੍ਹਬ ਦਾ ਹਿੱਸਾ ਬਣਾਉਣ ਲਈ ਸਮੇਂ ਸਮੇਂ ਕਈ ਤਰ੍ਹਾਂ ਦੇ ਹੱਥਕੰਢੇ ਅਪਣਾਏ ਜਾ ਰਹੇ ਹਨ। ਇਸ ਦੀ ਜਿਉਂਦੀ ਜਾਗਦੀ ਅਤੇ ਤਾਜ਼ਾ ਮਿਸਾਲ ਬੀਬੀ ਪਰਮਿੰਦਰ ਕੌਰ ਖਹਿਰਾ ਨੂੰ ਕੀਤੀ ਸਾਲਾਨਾ 30 ਲੱਖ ਰੁਪਏ ਤਨਖ਼ਾਹ ਦੀ ਪੇਸ਼ਕਸ ਤੋਂ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ਦੇ ਫੇਸਬੁੱਕ ਪੇਜ ’ਤੇ ਅਪਣੀ ਗੱਲ ਦਸਦਿਆਂ ਪਰਮਿੰਦਰ ਕੌਰ ਖਹਿਰਾ ਨੇ ਦਸਿਆ ਕਿ ਗੁਰਸਿੱਖੀ ਦੇ ਨਾਤੇ ਮੇਰੇ ਪਿਤਾ ਦੀ ਉਮਰ ਦੇ ਇਕ ਦੇਖਣ ਨੂੰ ਸਾਬਤ ਸੂਰਤ ਗੁਰਸਿੱਖ ਲੱਗ ਰਹੇ ਜਸਵੀਰ ਸਿੰਘ ਨਾਲ ਪਿਛਲੇ ਦੋ ਤਿੰਨ ਸਾਲਾਂ ਤੋਂ ਸਿੱਖ ਇਤਿਹਾਸ ਅਤੇ ਧਰਮ ਪ੍ਰਤੀ ਗੱਲਬਾਤ ਹੁੰਦੀ ਰਹਿੰਦੀ ਸੀ। ਉਕਤ ਜਸਵੀਰ ਸਿੰਘ ਵਲੋਂ ਸਿੱਖ ਇਤਿਹਾਸ ਗੁਰਮਤਿ ਦੀਆਂ ਗੱਲਾਂ ਸੁਣ ਕੇ ਪੂਰਾ ਮਿਸ਼ਨਰੀ ਅਤੇ ਪੱਕਾ ਗੁਰਸਿੱਖ ਲੱਗ ਰਿਹਾ ਸੀ।
ਉਨ੍ਹਾਂ ਦਸਿਆ ਕਿ ਜਸਵੀਰ ਸਿੰਘ ਕਈ ਵਾਰ ਮੈਨੂੰ ਅਪਣੀ ਬੇਟੀ ਜਿਹੀ ਕਹਿਣ ਅਤੇ ਹਰ ਤਰ੍ਹਾਂ ਦੀ ਮਦਦ ਦਾ ਬਹੁਤ ਵਾਰ ਭਰੋਸਾ ਦਿੰਦੇ ਰਹਿੰਦੇ ਸਨ। ਪਰਮਿੰਦਰ ਕੌਰ ਦਾ ਦਸਣਾ ਹੈ ਕਿ ਮੈਨੂੰ ਉਸ ਵੇਲੇ ਬਹੁਤ ਦੁੱਖ ਅਤੇ ਅਚੰਭਾ ਹੋਇਆ ਜਦੋਂ ਉਕਤ ਜਸਵੀਰ ਸਿੰਘ ਨੇ ਮੈਨੂੰ ਅਪਣੇ ਮਿਸ਼ਨ ਵਿਚ ਸ਼ਾਮਲ ਹੋ ਕੇ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ।
ਜਦੋਂ ਉਸ ਨੂੰ ਕਿਹੜੇ ਮਿਸ਼ਨ ਅਤੇ ਕੰਮ ਕੀਂ ਕਰਨਾ ਹੈ ਦੇ ਬਾਰੇ ਪੁਛਿਆ ਤਾਂ ਉਸ ਜਸਵੀਰ ਸਿੰਘ ਨੇ ਕਿਹਾ ਕਿ ਅਸਲ ਵਿਚ ਮੈਂ ਇਕ ਇਸਾਈ ਮਿਸ਼ਨਰੀ ਹਾਂ ਤੇ ਇਸਾਈਅਤ ਦਾ ਪ੍ਰਚਾਰ ਕਰਦਾ ਹਾਂ। ਮੈਂ ਤੇ ਮੇਰੇ ਉੱਚ ਅਧਿਕਾਰੀ ਤੇਰੇ ਪ੍ਰਚਾਰ ਲਈ ਇੱਛੁਕ ਹਨ, ਕਿਉਂਕਿ ਤੂੰ ਇਕ ਪ੍ਰਭਾਵਸ਼ਾਲੀ ਅਤੇ ਵਧੀਆ ਸਪੀਕਰ ਹੈਂ। ਤੈਨੂੰ ਇਸ ਕੰਮ ਲਈ ਤੀਹ ਲੱਖ ਰੁਪਏ ਸਾਲਾਨਾ ਦੇਵਾਂਗੇ।
ਪਰਮਿੰਦਰ ਕੌਰ ਨੇ ਕਿਹਾ ਕਿ ਇਹ ਸੁਣ ਕੇ ਮੇਰੇ ਪੈਰਾਂ ਥੱਲਿਉਂ ਜ਼ਮੀਨ ਹੀ ਨਹੀਂ ਨਿਕਲੀ, ਮੈਂ ਇਕਦਮ ਸੁਨ ਵੀ ਹੋ ਗਈ। ਮੈਨੂੰ ਸਮਝ ਨਾ ਆਵੇ ਕਿ ਮੈਂ ਗੁਰਸਿੱਖ ਸਮਝੇ ਜਾਂਦੇ ਢੋਂਗੀ ਜਸਵੀਰ ਮਸੀਹ ਨੂੰ ਗਾਲ੍ਹਾਂ ਕੱਢ ਕੇ ਅਪਣੀ ਜਬਾਨ ਗੰਦੀ ਕਰਾਂ ਜਾਂ ਇਸ ਬਾਰੇ ਉੱਚੇ ਚੜ੍ਹ ਕੇ ਰੌਲਾ ਪਾਵਾਂ।
ਉਸ ਢੋਂਗੀ ਜਸਵੀਰ ਮਸੀਹ ਨੇ ਮੈਨੂੰ ਫਿਰ ਕਿਹਾ ਕਿ ਭਾਵੇ ਤੂੰ ਸਿੱਖ ਹੀ ਰਹਿ ਤੇ ਕੰਮ ਸਾਡੇ ਨਾਲ ਕਰ। ਜਿਸ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਤਹਾਨੂੰ ਇਕ ਚੰਗਾ ਜਾਗਰੂਕ ਸਿੱਖ ਹੀ ਨਹੀਂ ਅਪਣੇ ਪਿਤਾ ਅਤੇ ਚਾਚੇ ਜਿਹਾ ਸਮਝ ਰਹੀ ਸੀ ਤੇ ਤੂੰ ਮੇਰੀ ਜੁਬਾਨ ਗੰਦੀ ਨਾ ਕਰਾ ਤੇ ਅੱਜ ਤੋਂ ਬਾਅਦ ਮੇਰੇ ਨਾਲ ਕਦੇ ਵੀ ਗੱਲ ਨਾ ਕਰੀਂ।
ਪਰਮਿੰਦਰ ਕੌਰ ਖਹਿਰਾ ਦਸ ਰਹੀ ਸੀ ਕਿ ਮੈਨੂੰ ਤਾਂ ਸ਼ਾਇਦ ਇਕ ਵਾਰ ਗੁਰੂ ਨੇ ਵਿਕਣੋਂ ਤੇ ਗ੍ਰਕਣੋ ਰੱਖ ਲਿਆ, ਪਰ ਪਤਾ ਨਹੀਂ ਅਜਿਹੇ ਢੋਂਗੀ ਜਸਵੀਰ ਮਸੀਹ ਵਰਗੇ ਪੰਜਾਬ ਵਿਚ ਮੇਰੇ ਵਰਗੀਆਂ ਕਿੰਨੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਲੱਖਾਂ ਦੀ ਤਨਖ਼ਾਹ ਦਾ ਲਾਲਚ ਦੇ ਕੇ ਸਿੱਖੀ ਦਾ ਘਾਣ ਕਰਵਾ ਰਹੇ ਹੋਣਗੇ।