Panthak News: ਸਾਲ 2024 ਸਿੱਖ ਪੰਥ ਦੀ ਸਿਆਸਤ ਲਈ ਵਿਵਾਦਾਂ ਨਾਲ ਭਰਿਆ ਰਿਹਾ
ਸ਼੍ਰੋਮਣੀ ਕਮੇਟੀ ਦੀ ਅੱਜ ਹੋ ਰਹੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਪੰਥਕ ਸਿਆਸਤ ਨੂੰ ਨਵਾਂ ਮੋੜ ਦੇਵੇਗੀ
Panthak News: ਅੱਜ ਬੀਤ ਰਿਹਾ ਵਰ੍ਹਾ 2024 ਸਿੱਖ ਪੰਥ ਦੀ ਸਿਆਸਤ ਲਈ ਵਿਵਾਦਾਂ ਭਰਿਆ ਰਿਹਾ। ਖ਼ਾਸ ਕਰ ਕੇ ਬਾਦਲ ਦਲ ਤੇ ਇਸ ਦੇ ਮੁਖੀ ਸੁਖਬੀਰ ਸਿੰਘ ਬਾਦਲ ਵਾਸਤੇ ਅਸ਼ੁਭ ਰਿਹਾ। ਬਾਦਲ ਦਲ ਦੀ ਬਾਗ਼ੀ-ਦਾਗ਼ੀ ਲੀਡਰਸ਼ਿਪ ਨੂੰ ਅਯੋਗ ਕਰਾਰ, ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰਾਂ ਵਲੋਂ ਦਿਤਾ ਗਿਆ ਸੀ ਜਿਸ ਨਾਲ ਪ੍ਰਭਾਵਤ ਨੇਤਾਵਾਂ ਵਾਸਤੇ ਭੂਚਾਲ ਆ ਗਿਆ। ਇਸ ਕਾਰਨ ਪੈਦਾ ਹੋਈ ਕੁੜੱਤਣ ਸਬੰਧੀ ਅੱਜ ਐਸਜੀਪੀਸੀ ਦੀ ਅੰਤ੍ਰਿਗ ਕਮੇਟੀ, ਮੀਟਿੰਗ ਕਰ ਰਹੀ ਹੈ ਜੋ ਪੰਥਕ ਸਿਆਸਤ ਨੂੰ ਨਵਾਂ ਮੋੜ ਦੇ ਸਕਦੀ ਹੈ। ਨਵੇਂ ਸਾਲ ਦੇ ਪਹਿਲੇ ਹਫ਼ਤੇ, ਬਾਦਲ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਦੇ ਅਸਤੀਫ਼ੇ ਪ੍ਰਵਾਨ ਕਰਨ ਲਈ ਫ਼ੈਸਲਾ ਲਿਆ ਜਾਣਾ ਹੈ। ਹੋਰ ਵੀ ਵਿਵਾਦਤ ਮਸਲੇ ਵਿਚਾਰੇ ਜਾਣੇ ਹਨ ਜਿਨ੍ਹਾਂ ਬਾਰੇ ਜਥੇਦਾਰ ਸਾਹਿਬ ਵਲੋਂ ਆਦੇਸ਼ ਹੋਇਆ ਹੈ।
ਸਿੱਖ ਪੰਥ ਦੀ ਸਿਆਸਤ ਲਈ ਨਵਾਂ ਸਾਲ ਵੀ ਚੁਨੌਤੀਆਂ ਭਰਿਆ ਰਹਿਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਬਾਦਲ ਦਲ ਵਲੋਂ ਦੋ ਦਸੰਬਰ ਦੇ ਫ਼ੈਸਲੇ ਲਾਗੂ ਨਾ ਕਰਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ਫ਼ਾ ਹਨ। ਮਸਲਾ ਸਿੱਖੀ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੇ ਵਕਾਰ ਦਾ ਵੀ ਬਣ ਗਿਆ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੀ ਸਮਾਪਤੀ ਹੋ ਜਾਣ ਤੇ ਸਿੱਖ ਪੰਥ ਦੀਆਂ ਸਰਗਰਮੀਆਂ ਤਿੱਖੀਆਂ ਹੋਣ ਦੀਆਂ ਸੰਭਾਵਨਾ ਵਧ ਗਈਆ ਹਨ। ਦੂਸਰਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਵਿਵਾਦਤ ਸੁਖਬੀਰ ਸਿੰਘ ਬਾਦਲ ਤੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨਾਲ ਹੋਈਆਂ ਮੁਲਾਕਾਤਾਂ ਨੇ ਬੜੀ ਅਜੀਬ ਸਥਿਤੀ ਪੈਦਾ ਕਰ ਦਿਤੀ ਹੈ।
ਉਧਰ ਪ੍ਰੇਸ਼ਾਨ ਦਸੇ ਜਾ ਰਹੇ ਜਥੇਦਾਰ ਅਕਾਲ ਤਖ਼ਤ ਸਾਹਿਬ ਬਾਰੇ ਵੀ ਰੌਲਾ ਹੈ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਬਾਅਦ ਬਣੇ ਹਾਲਾਤ ਤੋਂ ਉਹ ਅਸੰਤੁਸ਼ਟ ਹਨ ਤੇ ਕਿਆਸ ਅਰਾਈਆਂ ਹਨ ਕਿ ਉਹ ਵੀ ਅਹੁਦਾ ਛੱਡਣ ਬਾਰੇ ਗੰਭੀਰ ਹਨ ਜੋ ਸਿੱਖ ਪੰਥ ਦੇ ਹਾਲਾਤ ਬਣ ਚੁੱਕੇ ਹਨ, ਉਹ ਨਵੇਂ ਸਾਲ ਵਿਚ ਵੀ ਸੁਲਝਣ ਵਾਲੇ ਨਹੀਂ। ਭਾਵੇਂ ਬਾਦਲ ਦਲ ਨੂੰ ਸਿੱਖ ਪੰਥ ਤੇ ਸਿੱਖ ਸੰਗਤ ਪਸੰਦ ਨਹੀਂ ਕਰ ਰਹੀ ਤੇ ਉਸ ਨੇ ਲੱਕ ਤੋੜ ਹਾਰ ਲੋਕ ਸਭਾ, ਵਿਧਾਨ ਸਭਾ, ਨਗਰ ਨਿਗਮ ਵਿਚ ਦਿਤੀ ਹੈ ਪਰ ਉਹ ਅਹੁਦੇ ਛੱਡਣ ਦੇ ਰੌਂਅ ਵਿਚ ਨਹੀਂ ਜਿਸ ਕਾਰਨ ਬੜਾ ਤਿੱਖਾ ਘੋਲ, ਹੋਣ ਦੇ ਚਰਚੇ ਹਨ ਤੇ ਪੰਜ ਸਿੰਘ ਸਾਹਿਬਾਨ ਦੀ ਮਾਣ ਮਰਿਆਦਾ ਵੀ ਦਾਅ ’ਤੇ ਲੱਗ ਗਈ ਹੈ।