ਚੰਡੀਗੜ੍ਹ, 14 ਸਤੰਬਰ
(ਜੀ.ਸੀ. ਭਾਰਦਵਾਜ): ਦਿੱਲੀ, ਯਮੁਨਾਨਗਰ, ਕਾਨਪੁਰ, ਪਟਨਾ ਅਤੇ ਪੰਜਾਬ ਵਿਚ ਵਸੇ ਨਵੰਬਰ
1984 ਦੇ ਸਿੱਖ ਕਤਲੇਆਮ ਪੀੜਤ ਪਰਵਾਰ ਅਤੇ ਉਨ੍ਹਾਂ ਦੇ ਬੱਚੇ 33 ਸਾਲ ਬਾਅਦ ਵੀ ਇਨਸਾਫ਼
ਲਈ ਸਰਕਾਰਾਂ ਅਤੇ ਅਦਾਲਤਾਂ ਵਿਚ ਗੁਹਾਰ ਲਗਾ ਰਹੇ ਹਨ।
ਅੱਜ ਇਥੇ ਪ੍ਰੈੱਸ ਕਲੱਬ ਵਿਚ
ਇਨ੍ਹਾਂ ਪੀੜਤਾਂ ਦੀ ਜਥੇਬੰਦੀ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਭਾਟੀਆ ਤੇ ਹੋਰ ਸਾਥੀਆਂ
ਮਹਿੰਦਰ ਸਿੰਘ ਬੱਗਾ ਨੇ ਹਾਈ ਕੋਰਟ ਦੇ ਫ਼ੈਸਲਿਆਂ, ਉਨ੍ਹਾਂ ਨੂੰ ਲਾਗੂ ਕਰਨ ਵਿਚ
ਅਧਿਕਾਰੀਆਂ ਵਲੋਂ ਲਮਲੇਟ ਕਰਨ ਅਤੇ ਨਾਜਾਇਜ਼ ਤੇ ਗ਼ੈਰ ਕਾਨੂੰਨੀ ਕਾਰਵਾਈਆਂ ਕਰਾਉਣ ਦੀ
ਲੰਮੀ ਤਫਸੀਲ ਦਿੰਦੇ ਹੋਏ ਕਿਹਾ ਕਿ ਕਤਲੇਆਮ ਪੀੜਤਾਂ ਦੀ ਦੁਰਦਸ਼ਾ ਉਸੇ ਤਰ੍ਹਾਂ ਬਣੀ ਹੋਈ
ਹੈ। ਅਦਾਲਤਾਂ ਵੀ ਅਫ਼ਸਰਾਂ ਦੀ ਖਿਚਾਈ ਨਹੀਂ ਕਰਦੀਆਂ ਤੇ ਸਰਕਾਰਾਂ ਵੀ ਸਿਆਸੀ ਦਾਅਪੇਚ
ਖੇਡ ਕੇ ਵੋਟਾਂ ਦੀ ਰਾਜਨੀਤੀ ਕਰਦੀਆਂ ਹਨ। 76 ਸਾਲ ਦੇ ਮਹਿੰਦਰ ਸਿੰਘ ਬੱਗਾ ਨੇ ਦਸਿਆ ਕਿ
ਕਿਵੇਂ ਲੁੱਟ ਲੁਟਾ ਕੇ ਉਹ ਕਾਨਪੁਰ ਤੋਂ ਆਏ, ਅਜੇ ਤਕ ਨੁਕਸਾਨ ਦੀ ਭਰਪਾਈ ਨਹੀਂ ਹੋਈ।
65 ਸਾਲ ਦੇ ਜੋਗਿੰਦਰ ਸਿੰਘ ਨੇ ਦਸਿਆ ਕਿ ਕਿਵੇਂ ਭਰ ਜਵਾਨੀ ਵਿਚ ਉਹ ਦਿੱਲੀ ਤੋਂ ਉਜੜ ਕੇ
ਆਏ, 33 ਸਾਲਾਂ ਬਾਅਦ ਵੀ ਮਕਾਨ ਨਸੀਬ ਨਹੀਂ ਹੋਇਆ ਅਤੇ ਇਵੇਂ ਹੀ60 ਸਾਲ ਦੇ ਅਜੀਤ
ਸਿੰਘ ਜੋ ਪਟਨਾ ਤੋਂ ਆਏ, ਨੇ ਮਾਲੀ ਨੁਕਸਾਨ ਦੀ ਕਹਾਣੀ ਸੁਣਾਈ।
ਇਨ੍ਹਾਂ ਪੀੜਤਾਂ
ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਦਸਿਆ ਕਿ ਡੇਢ ਮਹੀਨੇ ਬਾਅਦ ਨਵੰਬਰ ਦੇ ਪਹਿਲੇ
ਹਫ਼ਤੇ ਉਹ ਦਿੱਲੀ ਵਿਚ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਅਤੇ ਨਹਿਰੂ-ਸ਼ਾਸਤਰੀ ਦੀਆਂ
ਯਾਦਗਾਰਾਂ ਸ਼ਾਂਤੀਘਾਟ 'ਤੇ ਜਾ ਕੇ ਪ੍ਰਾਰਥਨਾ ਤੇ ਅਰਦਾਸ ਦੇ ਰੂਪ ਵਿਚ ਕਾਂਗਰਸੀ ਲੀਡਰਾਂ
ਤੋਂ ਮੰਗ ਕਰਨਗੇ ਕਿ ਆਜ਼ਾਦੀ ਵੇਲੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸਨ, ਉਹ ਤਾਂ ਪੂਰੇ
ਨਹੀਂ ਕੀਤੇ, ਉਲਟਾ ਉਨ੍ਹਾਂ ਨੂੰ ਕਤਲ ਕੀਤਾ, ਬੇਦੋਸ਼ੇ ਤੇ ਮਾਸੂਮਾਂ ਨੂੰ ਟਾਇਰ ਗਲਾਂ ਵਿਚ
ਪਾ ਕੇ ਸਾੜਿਆ।
ਜਥੇਬੰਦੀ ਨੇ ਰਾਹੁਲ ਗਾਂਧੀ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਸਲਾਹ
ਦਿਤੀ ਕਿ ਸਿੱਖਾਂ ਨਾਲ ਇਨਸਾਫ਼ ਕਰਨ ਦੇ ਨਾਲ-ਨਾਲ ਟਾਈਟਲਰ ਤੇ ਸੱਜਣ ਕੁਮਾਰ ਵਰਗਿਆਂ ਨੂੰ
ਪਹਿਲਾਂ ਪਾਰਟੀ ਵਿਚੋਂ ਕੱਢ ਕੇ ਸਜ਼ਾ ਦਿਵਾਈ ਜਾਵੇ।
ਮੋਹਾਲੀ ਵਿਚ ਪੀੜਤਾਂ ਲਈ 87
ਮਕਾਨਾਂ ਦੀ ਗ਼ਲਤ ਅਲਾਟਮੈਂਟ ਬਾਰੇ ਸੁਖਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ 42 ਮਕਾਨਾਂ ਵਿਚ
ਗ਼ੈਰ-ਕਾਨੂੰਨੀ ਤੇ ਨਾਜਾਇਜ਼ ਵਿਅਕਤੀ ਅਜੇ ਵੀ ਕਾਬਜ਼ ਹਨ ਜਿਨ੍ਹਾਂ ਨੂੰ ਡੀਸੀ ਦਫ਼ਤਰ,
ਵਿਧਾਇਕਾਂ, ਪੁਲਿਸ, ਡਿਪਟੀ ਮੇਅਰ ਅਤੇ ਗਮਾਡਾ ਦੇ ਅਫ਼ਸਰਾਂ ਦੀ ਸ਼ਹਿ ਤੇ ਪੂਰੀ ਮਦਦ ਹੈ।
ਪੀੜਤ
ਪਰਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੁੰਦਾ ਹੈ ਕਿ ਹਾਈ ਕੋਰਟ ਜੋ ਫ਼ੈਸਲੇ
ਕਰਦੀ ਹੈ, ਮੁੜ ਉਸ 'ਤੇ ਕੋਈ ਜ਼ਿਕਰ ਨਹੀਂ ਕਰਦੀ ਅਤੇ ਨਾ ਹੀ ਸਰਕਾਰਾਂ ਦੀ ਖਿਚਾਈ ਕਰਦੀ।
ਮੋਹਾਲੀ ਦੇ 42 ਮਕਾਨਾਂ ਸਬੰਧੀ ਪੀੜਤ ਪਰਵਾਰਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਸ ਵਿਚ ਜੋ
ਆਦਮੀ ਗੈਰ ਦੰਗਾ ਪੀੜਤ ਰਹਿੰਦੇ ਹਨ, ਉਹ ਐਮਐਲਏ, ਅਫ਼ਸਰਾਂ ਦੇ ਨਜ਼ਦੀਕੀ, ਡਿਪਟੀ ਮੇਅਰ
ਮੋਹਾਲੀ ਦੇ ਆਦਮੀ ਹਨ, ਉਨ੍ਹਾਂ ਤੋਂ ਇਹ ਮਕਾਨ ਖਾਲੀ ਨਹੀਂ ਹੋ ਸਕਦੇ।