4 ਸਾਹਿਬਜ਼ਾਦਿਆਂ ਦਾ ਇਤਿਹਾਸ ਹੋਵੇਗਾ ਐੱਨ. ਸੀ. ਈ. ਆਰ. ਟੀ. ਦੇ ਸਿਲੇਬਸ 'ਚ ਸ਼ਾਮਲ

ਪੰਥਕ, ਪੰਥਕ/ਗੁਰਬਾਣੀ

ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ. ਸੀ. ਈ. ਆਰ. ਟੀ.) ਅਗਲੇ ਵਰ੍ਹੇ ਤੋਂ ਆਪਣੇ ਸਿਲੇਬਸ ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ  ਦਾ ਇਤਿਹਾਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਲਈ ਤਿਆਰ ਹੈ। ਇਸ ਗੱਲ ਦੀ ਜਾਣਕਾਰੀ ਐੱਨ. ਸੀ. ਈ. ਆਰ. ਟੀ. ਵੱਲੋਂ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਤੀ ਗਈ ਹੈ।  

ਇਥੇ ਦੱਸਣਯੋਗ ਹੈ ਕਿ ਇਹ ਮਾਮਲਾ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਿਆ ਸੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਕੰਮ ਨੂੰ ਪੂਰਾ ਕਰਨ ਵਾਸਤੇ ਢੁਕਵੀਆਂ ਹਦਾਇਤਾਂ ਜਾਰੀ ਕਰਨ। ਉਨ੍ਹਾਂ ਨੂੰ ਇਸ ਮਾਮਲੇ 'ਤੇ ਲਿਖੇ ਪੱਤਰ ਵਿਚ ਐੱਨ. ਸੀ. ਈ. ਆਰ. ਟੀ. ਦੇ ਸਕੱਤਰ ਮੇਜਰ ਹਰਸ਼ ਕੁਮਾਰ ਨੇ ਕਿਹਾ ਕਿ ਡਾਇਰੈਕਟਰ ਐੱਨ. ਸੀ. ਈ. ਆਰ. ਟੀ. ਨੇ ਸਿਰਸਾ ਵੱਲੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਸਿਲੇਬਸ ਵਿਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਦੀ ਭਰਵੀਂ ਸ਼ਲਾਘਾ ਕੀਤੀ ਹੈ। ਇਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ ਜਿਨ੍ਹਾਂ ਨੇ ਦੇਸ਼ ਤੇ ਮਨੁੱਖਤਾ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੋਵੇ।