5 ਜਨਵਰੀ ਦੇ ਸਮਾਗਮਾਂ ਨੂੰ ਰੋਕਣ ਦੀ ਸੀ ਯੋਜਨਾ

ਪੰਥਕ, ਪੰਥਕ/ਗੁਰਬਾਣੀ

ਬਰਨਾਲਾ, 3 ਜਨਵਰੀ (ਜਗਸੀਰ ਸਿੰਘ ਸੰਧੂ): ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜਮੇਲੇ 'ਤੇ ਸਿਆਸੀ ਕਾਨਫ਼ਰੰਸਾਂ 'ਤੇ ਅਕਾਲ ਤਖ਼ਤ ਵਲੋਂ ਰੋਕ ਲਗਾਉਣ ਪਿੱਛੇ ਅਸਲ ਮੰਤਵ ਸਪੱਸਟ ਹੋਣ ਲੱਗ ਪਿਆ ਹੈ। ਇਹ ਰੋਕ ਸ਼ਹੀਦਾਂ ਦੇ ਸਤਿਕਾਰ ਲਈ ਨਹੀਂ, ਸਗੋਂ ਆਰ.ਐਸ.ਐਸ ਦੇ ਮਨਸੂਬਿਆਂ ਦੀ ਪੂਰਤੀ ਲਈ ਲਗਾਈ ਗਈ ਹੈ ਕਿਉਂਕਿ ਇਹ ਰੋਕ ਰੋਕ ਸਿਰਫ਼ ਤੇ ਸਿਰਫ਼ 25 ਦਸੰਬਰ ਦਾ ਦਿਨ ਵੇਖ ਕੇ ਹੀ ਲਗਾਈ ਗਈ ਸੀ ਕਿਉਂਕਿ ਆਰ. ਐਸ.ਐਸ. ਦੇ ਹੁਕਮ 'ਤੇ ਬ੍ਰਿਕਰਮੀ ਕੈਲੰਡਰ ਦੀ ਪੋਹ ਸੁਦੀ ਸਤਵੀਂ ਅਨੁਸਾਰ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਦੇ ਸਤਾਬਦੀ ਸਮਾਗਮਾਂ ਨੂੰ ਸਫ਼ਲ ਕਰਨ ਲਈ ਪੰਜਾਬ ਵਿਚੋਂ ਭਾਰੀ ਗਿਣਤੀ ਵਿਚ ਸੰਗਤ ਨੂੰ ਪਟਨਾ ਸਾਹਿਬ ਲੈ ਕੇ ਜਾਣਾ ਹੀ ਰੋਕ ਦਾ ਅਸਲੀ ਮੰਤਵ ਸੀ। ਇਸ ਮੰਤਵ ਲਈ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ 'ਤੇ ਸਿਆਸੀ ਕਾਨਫ਼ਰੰਸਾਂ 'ਤੇ ਰੋਕ ਲੱਗਣ ਉਪਰੰਤ ਜਿਥੇ ਪੰਜਾਬ ਦੀ ਕੈਪਟਨ ਸਰਕਾਰ ਸਰਧਾਲੂਆਂ ਦੀਆਂ 4 ਰੇਲ ਗੱਡੀਆਂ ਭਰ ਕੇ ਪਟਨਾ ਸਾਹਿਬ ਪੁੱਜੀ, ਉਥੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਵੀ ਵੱਡੇ-ਵੱਡੇ ਕਾਫ਼ਲਿਆਂ ਨਾਲ ਉਥੇ ਸਮੂਲੀਅਤ ਕੀਤੀ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਅਪਣਾ ਸਾਰਾ ਜ਼ੋਰ ਇਨ੍ਹਾਂ ਸਮਾਗਮਾਂ ਨੂੰ ਸਫ਼ਲ ਕਰਨ ਲਈ ਲਗਾ ਦਿਤਾ।