1700 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਪਤਨੀ ਮਾਤਾ ਜੀਤ ਕੌਰ ਚੜ੍ਹਾਈ ਕਰ ਗਏ।
5 ਦਸੰਬਰ 1700 ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਪਤਨੀ, ਮਾਤਾ ਜੀਤ ਕੌਰ, ਚੜ੍ਹਾਈ ਕਰ ਗਏ। ਇਸ ਵਕਤ ਉਨ੍ਹਾਂ ਦੇ ਦੋ ਨਿੱਕੇ ਬੱਚਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ 4 ਸਾਲ ਅਤੇ ਫ਼ਤਹਿ ਸਿੰਘ ਦੀ ਉਮਰ ਸਿਰਫ਼ ਡੇਢ ਸਾਲ ਸੀ।
1705 - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨਗਰ ਛੱਡਿਆ।
5 ਅਤੇ 6 ਦਸੰਬਰ ਦੀ ਰਾਤ, ਦੋ ਘੜੀਆਂ ਰਾਤ ਗਈ (ਦਰਅਸਲ ਇਸ ਨੂੰ 6 ਦਸੰਬਰ ਕਹਿਣਾ ਵਧੇਰੇ ਠੀਕ ਹੈ ਕਿਉਂ ਕਿ ਇਹ ਅੱਧੀ ਰਾਤ ਤੋਂ ਮਗਰੋਂ ਦਾ ਸਮਾਂ ਸੀ), ਗੁਰੂ ਸਾਹਿਬ ਚੱਕ ਨਾਨਕੀ 'ਤੇ ਸਿਰੇ 'ਤੇ ਗੁਰਦੁਆਰਾ ਸੀਸ ਗੰਜ ਵਾਲੀ ਜਗ੍ਹਾ ਪਹੁੰਚੇ ਅਤੇ ਉਨ੍ਹਾਂ ਨੇ ਭਾਈ ਗੁਰਬਖ਼ਸ਼ ਦਾਸ ਨੂੰ ਇਸ ਜਗ੍ਹਾ ਦੀ ਸੇਵਾ ਸੰਭਾਲ ਦਿੱਤੀ ਅਤੇ ਆਪ ਸਿੰਘਾਂ ਨੂੰ ਨਾਲ ਲੈ ਕੇ ਕਿਲ੍ਹਾ ਅਨੰਦਗੜ੍ਹ ਆ ਗਏ। ਅਨੰਦਗੜ੍ਹ ਆ ਕੇ ਆਪ ਨੇ ਸਭ ਤੋਂ ਪਹਿਲਾਂ 90 ਸਿੰਘਾਂ ਦੇ ਇੱਕ ਜੱਥੇ ਦੀ ਹਿਫ਼ਾਜ਼ਤ ਵਿੱਚ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦੇ ਅਤੇ ਇੱਕ ਸੇਵਾਦਾਰ ਤੇ ਇੱਕ ਸੇਵਾਦਾਰਨੀ ਨੂੰ ਕੀਰਤਪੁਰ ਵੱਲ ਟੋਰਿਆ। ਇਸ ਮਗਰੋਂ ਔਰੰਗਜ਼ੇਬ ਦੀ ਚਿੱਠੀ ਨੂੰ ਸੰਭਾਲਿਆ, ਫਿਰ ਭਾਈ ਉਦੈ ਸਿੰਘ ਦੀ ਅਗਵਾਈ 'ਚ 50 ਸਿੰਘਾਂ ਦਾ ਜੱਥਾ ਰਵਾਨਾ ਕੀਤਾ ਆਪ ਵੀ ਪਿੱਛੇ ਟੁਰ ਪਏ। ਇਨ੍ਹਾਂ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਦਾ ਜੱਥਾ ਆ ਰਿਹਾ ਸੀ। ਇਨ੍ਹਾਂ ਪਿੱਛੇ ਭਾਈ ਜੀਵਨ ਸਿੰਘ 'ਤੇ ਸਭ ਤੋਂ ਪਿੱਛੇ ਭਾਈ ਬਚਿੱਤਰ ਸਿੰਘ ਦਾ ਜੱਥਾ ਸੀ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਹੁੰਦੇ ਹੋਏ, ਪਿੰਡ ਝੱਖੀਆਂ ਦੀ ਜੂਹ 'ਚੋਂ ਲੰਘ ਕੇ ਸਰਸਾ ਨਦੀ ਦੇ ਕੰਢੇ ਵੱਲ ਜਾਣਾ ਸੀ ਅਤੇ ਇੱਥੋਂ ਨਦੀ ਪਾਰ ਕਰਨੀ ਸੀ। ਗੁਰੂ ਸਾਹਿਬ ਨੇ ਪਰਿਵਾਰ ਨੂੰ ਚਮਕੌਰ ਵੱਲ ਭੇਜਣਾ ਸੀ ਅਤੇ ਆਪ ਕੋਟਲਾ ਨਿਹੰਗ (ਰੋਪੜ) ਵੱਲ ਜਾਣਾ ਸੀ।ਅਜੇ ਗੁਰੂ ਸਾਹਿਬ ਕੀਰਤਪੁਰ ਲੰਘੇ ਹੀ ਸਨ ਕਿ ਪਿੱਛੋਂ ਪਹਾੜੀ 'ਤੇ ਮੁਗ਼ਲ ਫ਼ੌਜਾਂ ਨੇ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਭਾਈ ਉਦੈ ਸਿੰਘ ਨੂੰ ਬਖ਼ਸ਼ ਕੇ ਉਸ ਨੂੰ ਸ਼ਾਹੀ ਟਿੱਬੀ 'ਤੇ ਤਾਇਨਾਤ ਕੀਤਾ ਅਤੇ ਉਸ ਨਾਲ ਪੰਜਾਹ ਸਿੰਘ ਲੜਨ ਵਾਸਤੇ ਦਿੱਤੇ। ਉਨ੍ਹਾਂ ਭਾਈ ਉਦੈ ਸਿੰਘ ਨੂੰ ਆਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਖਣਾ ਕਿ ਉਹ ਉੱਥੇ ਨਾ ਰੁਕਣ ਅਤੇ ਕੋਟਲਾ ਨਿਹੰਗ ਚਲੇ ਜਾਣ। ਇਸ ਮਗਰੋਂ ਆਪ ਨੇ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦਿਆਂ ਤੇ ਦੋ ਸੇਵਾਦਾਰਾਂ (ਦੁੱਨਾ ਸਿੰਘ ਤੇ ਬੀਬੀ ਸੁਭਿੱਖੀ) ਨਾਲ ਸਰਸਾ ਨਦੀ ਨੂੰ ਪਾਰ ਕੀਤਾ। ਇਨ੍ਹਾਂ ਪਿੱਛੇ ਆ ਰਿਹਾ ਵਹੀਰ ਵੀ ਸਰਸਾ ਪਾਰ ਕਰ ਗਿਆ। ਗੁਰੂ ਸਾਹਿਬ ਨੇ ਇੱਕ ਸੌ ਸਿੰਘਾਂ ਨੂੰ ਆਖਿਆ ਕਿ ਉਹ ਉੱਥੇ ਰੁਕ ਕੇ ਪਿੱਛੇ ਆ ਰਹੀਆਂ ਫ਼ੌਜਾਂ ਦਾ ਰਾਹ ਡੱਕਣ। ਹੁਣ ਤਿੰਨੇ ਜੱਥੇ ਦੁਸ਼ਮਣ ਦੀ ਫ਼ੌਜ ਦਾ ਰਾਹ ਰੋਕਣ ਵਾਸਤੇ ਡਟੇ ਹੋਏ ਸਨ। ਭਾਈ ਉਦੈ ਸਿੰਘ ਸ਼ਾਹੀ ਟਿੱਬੀ 'ਤੇ, ਭਾਈ ਜੀਵਨ ਸਿੰਘ ਪਿੰਡ ਝੱਖੀਆਂ ਕੋਲ ਅਤੇ ਤੀਜਾ ਜੱਥਾ ਸਰਸਾ ਨਦੀ ਦੇ ਦੂਜੇ ਕੰਢੇ 'ਤੇ ਸੀ। ਚੌਥਾ ਜੱਥਾ ਭਾਈ ਬਚਿਤਰ ਸਿੰਘ ਦਾ ਸਰਸਾ ਪਾਰ ਕੇ ਰੋਪੜ ਵੱਲ ਰਵਾਨਾ ਹੋ ਚੁੱਕਾ ਸੀ। ਥੋੜ੍ਹੇ ਚਿਰ ਵਿੱਚ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦੇ ਅਤੇ ਦੋ ਸੇਵਾਦਾਰ ਦੂਰ ਨਿੱਕਲ ਕੇ ਚਮਕੌਰ ਵੱਲ ਚਲੇ ਗਏ ਸਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਬਖ਼ਸ਼ਿਸ਼ ਸਿੰਘ ਭਾਈ ਗੁਰਬਖ਼ਸ਼ੀਸ਼ ਸਿੰਘ ਅਤੇ ਕੁਝ ਹੋਰ ਸਾਥੀ ਸਿੰਘ ਕੋਟਲਾ ਨਿਹੰਗ ਵਿੱਚ ਪਹੁੰਚ ਚੁੱਕੇ ਸਨ।
1709 - ਬੰਦਾ ਸਿੰਘ ਬਹਾਦਰ ਦਾ ਸਢੌਰਾ 'ਤੇ ਕਬਜ਼ਾ ਹੋ ਗਿਆ।
ਸਰਹੰਦ ਦਾ ਵਜ਼ੀਰ ਖ਼ਾਨ ਹੀ ਨਹੀਂ ਸਢੌਰਾ ਦਾ ਹਾਕਮ ਉਸਮਾਨ ਖ਼ਾਨ ਵੀ ਬਹੁਤ ਜ਼ਾਲਮ ਸੀ। ਉਸਮਾਨ ਖ਼ਾਨ ਨੇ ਗੁਰੂ ਗੋਬਿੰਦ ਸਾਹਿਬ ਦੇ ਇਕ ਮੁਸਲਮਾਨ ਮੁਰੀਦ ਸਈਅਦ ਬਦਰੁੱਦੀਨ (ਪੀਰ ਬੁੱਧੂ ਸ਼ਾਹ) ਅਤੇ ਉਸ ਦੇ ਪਰਵਾਰ 'ਤੇ ਬੜੇ ਜ਼ੁਲਮ ਢਾਏ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ਸ਼ਹੀਦ ਕੀਤਾ ਸੀ। ਉਸਮਾਨ ਖ਼ਾਨ 'ਤੇ ਇਹ ਵੀ ਇਲਜ਼ਾਮ ਸੀ ਕਿ ਉਹ ਗ਼ੈਰ-ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ 'ਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਅਜ਼ਮਤ ਲੁੱਟਣ ਦਾ ਕੋਈ ਮੌਕਾ ਨਹੀਂ ਸੀ ਗੁਆਉਂਦਾ। ਇਸ ਕਰ ਕੇ ਕਪੂਰੀ 'ਤੇ ਜਿੱਤ ਤੋਂ ਮਗਰੋਂ ਬੰਦਾ ਸਿੰਘ ਨੇ ਸਢੌਰਾ ਵੱਲ ਕੂਚ ਕਰ ਦਿਤਾ। ਇਕ ਸੋਮੇ ਮੁਤਾਬਿਕ ਇਸ ਵੇਲੇ ਤੱਕ ਬੰਦਾ ਸਿੰਘ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤੱਕ ਹੋ ਚੁੱਕੀ ਸੀ। ਜੈਪੁਰ ਰਿਆਸਤ ਦੇ ਸ਼ਾਹੀ ਰਿਕਾਰਡ ਵਿੱਚ ਇਹ ਗਿਣਤੀ 70 ਹਜ਼ਾਰ ਦੇ ਕਰੀਬ ਦੱਸੀ ਗਈ ਹੈ ਜੋ ਸਹੀ ਨਹੀਂ ਜਾਪਦੀ। ਹਿਸਟੋਰੀਅਨ ਹਰੀ ਰਾਮ ਗੁਪਤਾ ਮੁਤਾਬਿਕ ਇਸ ਫ਼ੌਜ ਵਿੱਚ ਸਿੱਖਾਂ ਤੋਂ ਇਲਾਵਾ ਕਈ ਹਿੰਦੂ ਵੀ ਸਨ, ਜਿਨ੍ਹਾਂ ਵਿੱਚੋਂ ਬਹੁਤੇ ਉਹੀ ਸਨ ਜੋ ਮੁਸਲਮਾਨ ਅਮੀਰਾਂ ਦੇ ਘਰਾਂ ਦੀ ਲੁੱਟ ਦੀ ਸੋਚ ਨਾਲ ਆਏ ਹੋਏ ਸਨ।ਜਦੋਂ ਬੰਦਾ ਸਿੰਘ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖ਼ਾਨ ਦੀਆਂ ਪਹਿਲਾਂ ਤੋਂ ਹੀ ਤਿਆਰ ਖੜੀਆਂ ਤੋਪਾਂ ਨੇ ਸਿੱਖ ਫ਼ੌਜਾਂ 'ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ । ਇਸ ਨਾਲ ਕਈ ਸਿੱਖ ਸ਼ਹੀਦ ਹੋ ਗਏ ਪਰ ਇਸ ਦੇ ਬਾਵਜੂਦ ਸਿੱਖ ਫ਼ੌਜੀ ਅੱਗੇ ਵਧਦੇ ਗਏ ਅਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਦਰਵਾਜ਼ਾ ਤੋੜ ਦਿਤਾ। ਸ਼ਹਿਰ ਦੇ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਘਮਸਾਣ ਦੀ ਜੰਗ ਹੋਈ। ਇਸ ਮੌਕੇ 'ਤੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿੱਚੋਂ ਕੁਝ ਸ਼ਖ਼ਸ ਸਿੱਖ ਫ਼ੌਜਾਂ ਦਾ ਸਾਥ ਦੇ ਰਹੇ ਸਨ, ਇਸ ਕਰ ਕੇ ਉਨ੍ਹਾਂ ਨੂੰ ਸ਼ਹਿਰ 'ਤੇ ਕਬਜ਼ਾ ਕਰਨ ਵਿੱਚ ਬਹੁਤੀ ਮੁਸ਼ਕਿਲ ਨਹੀਂ ਆਈ। ਸਢੌਰਾ ਦੇ ਕਈ ਨਵਾਬ, ਵਜ਼ੀਰ 'ਤੇ ਅਮੀਰ ਚਿੱਟਾ ਝੰਡਾ ਲੈ ਕੇ ਅਤੇ ਮੂੰਹ ਵਿਚ ਘਾਹ ਲੈ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿੱਖਿਆ ਮੰਗੀ। ਬੰਦਾ ਸਿੰਘ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਪਰ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੋਂ ਤੋਂ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ।ਭਾਵੇਂ ਹੋਰ ਸਾਰਿਆਂ ਨੇ ਹਥਿਆਰ ਸੁੱਟ ਦਿੱਤੇ ਸਨ ਪਰ ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਆਪਣੇ ਆਪ ਨੂੰ ਕਿਲ੍ਹੇ ਦੇ ਅੰਦਰ ਬੰਦ ਕਰ ਲਿਆ। ਸਢੌਰੇ ਦਾ ਕਿਲ੍ਹਾ ਬੜਾ ਮਜ਼ਬੂਤ ਸੀ 'ਤੇ ਇਸ ਨੂੰ ਜਿੱਤਣਾ ਇੱਕ ਬੜੀ ਔਖੀ ਮੁਹਿੰਮ ਸੀ। ਇਸ ਨੂੰ ਜਿੱਤਣ ਵਾਸਤੇ ਲੰਮੇ ਅਰਸੇ ਦਾ ਘੇਰਾ ਅਤੇ ਸ਼ਹੀਦੀਆਂ ਹੋਣੀਆਂ ਸਨ। ਬੰਦਾ ਸਿੰਘ ਇਹ ਨਹੀਂ ਸੀ ਚਾਹੁੰਦਾ ਕਿਉਂ ਕਿ ਉਸ ਦੀ ਮੰਜ਼ਿਲ ਤਾਂ ਅਤੇ ਫਿਰ ਲਾਹੌਰ ਸੀ। ਇਸ ਵਾਰ ਫਿਰ ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਨੇ ਕਿਲ੍ਹੇ ਦੇ ਅੰਦਰ ਰਾਬਤਾ ਬਣਾ ਕੇ ਉਨ੍ਹਾਂ ਤੋਂ ਕਿਲ੍ਹੇ ਦਾ ਦਰਵਾਜ਼ਾ ਖੁਲ੍ਹਵਾ ਲਿਆ ਅਤੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਉਸਮਾਨ ਖ਼ਾਨ ਨੂੰ ਗ਼੍ਰਿਫਤਾਰ ਕਰ ਕੇ ਸਜ਼ਾਏ-ਮੌਤ ਦਿਤੀ ਗਈ। ਕਿਲ੍ਹੇ ਵਿਚੋਂ ਸਿੱਖਾਂ ਨੂੰ ਲੱਖਾਂ ਰੁਪਏ ਨਕਦ ਅਤੇ ਬਹੁਤ ਸਾਰਾ ਸੋਨਾ 'ਤੇ ਹੀਰੇ ਜਵਾਹਰਾਤ ਹੱਥ ਲੱਗੇ।
ਸਢੌਰੇ 'ਤੇ ਕਬਜ਼ਾ ਕਰਨ ਮਗਰੋਂ ਕੁਝ ਦਿਨ ਸਾਰੀਆਂ ਸਿੱਖ ਫ਼ੌਜਾਂ ਉੱਥੇ ਹੀ ਟਿਕੀਆਂ ਰਹੀਆਂ।
ਇਕ ਦਿਨ ਜਦੋਂ ਕੁਝ ਸਿੱਖ ਘੋੜੇ ਚਰਾ ਰਹੇ ਸਨ ਤਾਂ ਇਕ ਊਠ ਦੂਰੋਂ ਭੱਜਦਾ ਆਇਆ ਤੇ ਖੇਤਾਂ 'ਚ ਵੜ ਗਿਆ। ਉਸ ਨੂੰ ਖੇਤਾਂ ਵਿੱਚੋਂ ਕੱਢਣ ਵਾਸਤੇ ਇੱਕ ਫ਼ੌਜੀ ਨੇ ਇੱਕ ਰਾਹਗੀਰ ਤੋਂ ਇਕ ਬਾਂਸ ਖੋਹ ਕੇ ਊਠ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬਾਂਸ ਅੰਦਰੋਂ ਖੋਖਲਾ ਹੋਣ ਕਰ ਕੇ ਟੁੱਟ ਗਿਆ ਅਤੇ ਵਿੱਚੋਂ ਇੱਕ ਚਿੱਠੀ ਨਿੱਕਲ ਕੇ ਡਿੱਗ ਪਈ। ਇਹ ਚਿੱਠੀ ਸਢੌਰਾ ਦੇ ਕਿਸੇ ਵਜ਼ੀਰ-ਅਮੀਰ ਨੇ ਵਜ਼ੀਰ ਖ਼ਾਨ (ਸੂਬੇਦਾਰ ਸਰਹੰਦ) ਨੂੰ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਸੀਂ ਬੰਦਾ ਸਿੰਘ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਫਸਾਈ ਰੱਖਾਂਗੇ। ਇਸ ਦੌਰਾਨ ਤੁਸੀਂ ਹਮਲਾ ਕਰ ਦੇਣਾ 'ਤੇ ਅਸੀਂ ਵੀ ਸ਼ਹਿਰ ਦੇ ਅੰਦਰ ਸਿੱਖਾਂ 'ਤੇ ਹਮਲਾ ਕਰ ਦੇਵਾਂਗੇ। ਇਸ ਨਾਲ ਜੇ ਬੰਦਾ ਸਿੰਘ ਗ੍ਰਿਫ਼ਤਾਰ ਨਾ ਵੀ ਹੋ ਸਕਿਆ ਤਾਂ ਗੜਬੜ ਵਿੱਚ ਸ਼ਹਿਰ ਛੱਡ ਕੇ ਜਾਨ ਬਚਾਉਣ ਵਾਸਤੇ ਦੌੜ ਜ਼ਰੂਰ ਜਾਵੇਗਾ। ਇਹ ਚਿੱਠੀ ਪੜ੍ਹ ਕੇ ਬੰਦਾ ਸਿੰਘ ਨੇ ਉਨ੍ਹਾਂ ਸ਼ਹਿਰ ਵਾਸੀਆਂ ਦਾ ਇੱਕ ਇਕੱਠ ਬੁਲਾਇਆ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ। ਇਸ ਇਕੱਠ ਵਿੱਚ ਬੰਦਾ ਸਿੰਘ ਨੇ ਸਵਾਲ ਕੀਤਾ ਕਿ 'ਵਾਅਦਾ ਕਰ ਕੇ ਗ਼ਦਾਰੀ ਕਰਨ ਵਾਲੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ?" ਸਾਰੇ ਲੋਕਾਂ ਨੇ ਜਵਾਬ ਦਿਤਾ "ਮੌਤ"। ਇਸ ਮਗਰੋਂ ਬੰਦਾ ਸਿੰਘ ਨੇ ਰਾਹਗੀਰ ਤੋਂ ਫੜੀ ਚਿੱਠੀ ਦਿਖਾਈ। ਇਹ ਚਿੱਠੀ ਵੇਖ ਕੇ ਸਾਰੇ ਵਜ਼ੀਰ-ਅਮੀਰ ਕੰਬ ਗਏ ਅਤੇ ਗਿੜਗਿੜਾ ਕੇ ਮੁਆਫ਼ੀਆਂ ਮੰਗਣ ਲਗ ਪਏ। ਇਸ 'ਤੇ ਬੰਦਾ ਸਿੰਘ ਨੇ ਕਿਹਾ ਕਿ "ਤੁਹਾਡੇ ਵਿਚੋਂ ਜਿਹੜਾ ਵੀ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਜਾਏਗਾ ਉਸ ਨੂੰ ਮੁਆਫ਼ ਕਰ ਦਿੱਤਾ ਜਾਏਗਾ।" ਇਸ 'ਤੇ ਸਾਰੇ ਸੌ-ਡੇਢ ਸੌ ਬੰਦੇ, ਜੋ ਅਸਲ ਮੁਜਰਿਮ ਸਨ, ਪੀਰ ਜੀ ਦੀ ਹਵੇਲੀ ਨੂੰ ਭੱਜੇ। ਇਸ ਮਗਰੋਂ ਬੰਦਾ ਸਿੰਘ ਨੇ ਹਵੇਲੀ ਨੂੰ ਬਾਹਰੋਂ ਜੰਦਰਾ ਲਵਾ ਦਿੱਤਾ ਅਤੇ ਹਵੇਲੀ ਨੂੰ ਅੱਗ ਲਾਉਣ ਦਾ ਹੁਕਮ ਦੇ ਦਿਤਾ। ਗ਼ੱਦਾਰੀ ਕਰਨ ਵਾਲੇ ਸਾਰੇ ਬੇਈਮਾਨ ਅੰਦਰ ਸੜ ਕੇ ਮਰ ਗਏ। ਇਸ ਮਗਰੋਂ ਕਿਸੇ ਨੂੰ ਵੀ, ਖ਼ੁਆਬ ਵਿੱਚ ਵੀ, ਗ਼ੱਦਾਰੀ ਕਰਨ ਦਾ ਖ਼ਿਆਲ ਨਹੀਂ ਸੀ ਆ ਸਕਦਾ। ਬੰਦਾ ਸਿੰਘ ਨੇ ਆਮ ਲੋਕਾਂ ਨੂੰ ਕਦੇ ਵੀ ਤੰਗ ਨਹੀਂ ਸੀ ਕੀਤਾ ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ। ਉਸ ਨੇ ਤਾਂ ਸਢੌਰੇ ਵਿੱਚ ਮਸਜਿਦਾਂ ਅਤੇ ਮਜ਼ਾਰਾਂ ਨੂੰ ਵੀ ਨਹੀਂ ਸੀ ਛੇੜਿਆ। ਅੱਜ ਵੀ ਸਢੌਰਾ ਵਿੱਚ ਕੁਤਬੁਲ ਅਕਤਾਬ (ਸ਼ਾਹ ਅਬਦੁਲ ਵਹਾਬ) ਦੀ ਖ਼ਾਨਗਾਹ 'ਤੇ ਗੰਜੇ-ਇਲਮ ਵੀ ਉਵੇਂ ਹੀ ਕਾਇਮ ਹਨ ਜਿਵੇਂ ਉਹ 1709 ਵਿੱਚ ਖੜ੍ਹੀਆਂ ਸਨ।ਇਹ ਘਟਨਾ 5 ਦਸੰਬਰ 1709 ਦੀ ਹੈ। ਹੁਣ ਸਢੌਰੇ 'ਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਫਹਿਰਾ ਦਿਤਾ ਗਿਆ ਅਤੇ ਸ਼ਹਿਰ ਦੇ ਇੰਤਜ਼ਾਮ ਵਾਸਤੇ ਇੱਕ 'ਖਾਲਸਾ ਪੰਚਾਇਤ' ਕਾਇਮ ਕਰ ਦਿੱਤੀ ਗਈ। ਇਨ੍ਹਾਂ ਘਟਨਾਵਾਂ ਦੀ ਖ਼ਬਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਟੋਡਾ ਨਗਰ ਵਿੱਚ ਮਿਲੀ। ਬਹਾਦਰ ਸ਼ਾਹ ਨੇ ਲਾਹੌਰ 'ਤੇ ਸਰਹੰਦ ਦੇ ਸੂਬੇਦਾਰਾਂ ਨੂੰ ਸਿੱਖਾਂ ਦੇ ਖ਼ਿਲਾਫ਼ ਐਕਸ਼ਨ ਲੈਣ ਵਾਸਤੇ ਖ਼ਤ ਲਿਖੇ। (ਉਦੋਂ ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਰੰਗ ਗੁਰੂ ਸਾਹਿਬ ਦਾ ਦਿੱਤਾ ਨੀਲਾ ਰੰਗ ਸੀ। ਵਧੇਰੇ ਜਾਣਕਾਰੀ ਵਾਸਤੇ ਵੇਖੋ ਕਿਤਾਬ 'ਨਾਨਕਸ਼ਾਹੀ ਕੈਲੰਡਰ')।
1966 - ਫ਼ਤਹਿ ਸਿੰਘ ਨੇ ਮਰਨ ਵਰਤ ਰੱਖਣ 'ਤੇ ਸੜ ਮਰਨ ਦਾ ਐਲਾਨ ਕੀਤਾ।
5 ਦਸੰਬਰ 1966 ਨੂੰ ਫਤਹਿ ਸਿੰਘ ਨੇ ਐਲਾਨ ਕੀਤਾ ਕਿ ਉਹ ਚੰਡੀਗੜ੍ਹ ਤੇ ਹੋਰ ਮੰਗਾਂ ਵਾਸਤੇ 17 ਦਸੰਬਰ ਨੂੰ ਮਰਨ ਵਰਤ ਰੱਖੇਗਾ ਅਤੇ 10 ਦਿਨ ਬਾਅਦ 27 ਦਸੰਬਰ ਨੂੰ ਅਗਨ ਕੁੰਡ ਵਿੱਚ ਆਪਣੇ ਆਪ ਨੂੰ ਸਾੜ ਲਵੇਗਾ। ਫਤਹਿ ਸਿੰਘ ਨੇ ਇਸ ਬਾਰੇ ਵਿੱਚ ਲਿਖਤੀ ਪ੍ਰਣ ਕੀਤਾ ਜਿਸ ਵਿੱਚ ਤਿੰਨ ਮੰਗਾਂ ਸਨ -
1. ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ।
2. ਸਾਂਝੀਆਂ ਕੜੀਆਂ ਤੋੜੀਆਂ ਜਾਣ
3. ਭਾਖੜਾ ਅਤੇ ਹੋਰ ਪ੍ਰਾਜੈਕਟ ਪੰਜਾਬ ਨੂੰ ਮੋੜੇ ਜਾਣ। ਫਤਹਿ ਸਿੰਘ ਤੋਂ ਬਾਅਦ ਚੰਨਣ ਸਿੰਘ, ਉਮਰਾਨੰਗਲ, ਮੱਲ ਸਿੰਘ ਚੜਿੱਕ, ਦਲੀਪ ਸਿੰਘ ਤਲਵੰਡੀ, ਹਜ਼ਾਰਾ ਸਿੰਘ ਗਿੱਲ, ਜਗੀਰ ਸਿੰਘ ਫੱਗੂਵਾਲੀਆ ਨੇ ਵੀ ਵਰਤ ਰੱਖਣਾ ਅਤੇ ਸੜ ਮਰਨਾ ਸੀ।
1985 - ਜਸਟਿਸ ਅਜੀਤ ਸਿੰਘ ਬੈਸ ਨੇ ਦੱਸਿਆ ਕਿ ਬਰਨਾਲਾ ਸਰਕਾਰ ਨੇ 2000 ਸਿੱਖ ਕੈਦੀਆਂ ਵਿਚੋਂ ਸਿਰਫ਼ 26 ਸਿੱਖ ਹੀ ਰਿਹਾ ਕੀਤੇ ਸਨ।
ਸੁਰਜੀਤ ਬਰਨਾਲਾ ਨੇ ਸਰਕਾਰ ਬਣਨ ਮਗਰੋਂ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਘੋਖ ਵਾਸਤੇ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਇੱਕ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। 24 ਅਕਤੂਬਰ 1985 ਇਸ ਕਮੇਟੀ ਨੇ 2000 ਸਿੱਖਾਂ ਦੀ ਰਿਹਾਈ ਦੀ ਸਿਫ਼ਾਰਸ਼ ਕੀਤੀ। ਸਿਫ਼ਾਰਸ਼ ਉੱਤੇ ਗੁਰਦਰਸ਼ਨ ਸਿੰਘ ਗਰੇਵਾਲ, ਲਾਲ ਚੰਦ ਸਭਰਵਾਲ ਅਤੇ ਪ੍ਰੋਸੀਕਿਊਸ਼ਨ ਐਡੀਸ਼ਨਲ ਡਾਇਰੈਕਟਰ ਮਿੱਢਾ (ਚਾਰ ਚੋਂ 2 ਹਿੰਦੂ) ਦੇ ਵੀ ਦਸਤਖ਼ਤ ਸਨ। ਪਰ 5 ਦਸੰਬਰ 1985 ਦੇ ਦਿਨ ਜਸਟਿਸ ਅਜੀਤ ਸਿੰਘ ਬੈਂਸ ਨੇ ਦੱਸਿਆ ਕਿ ਸੁਰਜੀਤ ਬਰਨਾਲਾ ਸਰਕਾਰ ਨੇ 922 ਸਿੱੱਖਾਂ ਦੀ ਰਿਹਾਈ ਕਰਨੀ ਮੰਨੀ ਸੀ ਉਨ੍ਹਾਂ ਚੋਂ 833 ਪਹਿਲੋਂ ਹੀ ਰਿਹਾ ਸਨ। 466 ਕੇਸਾਂ ਦੀ ਵਾਪਸੀ ਅਜੇ ਨਹੀਂ ਹੋਈ। 139 ਨੂੰ ਕੇਸ ਵਾਪਸ ਹੋਣ ਤੋਂ ਪਹਿਲਾਂ ਹੀ ਸਜ਼ਾ ਹੋ ਚੁਕੀ ਹੈ। 81 ਕੇਸ ਅਦਾਲਤਾਂ ਨੇ ਵਾਪਸ ਲੈਣ ਦੀ ਇਜਾਜ਼ਤ ਨਹੀਂ ਦਿਤੀ। ਯਾਨਿ ਸਿਰਫ 26 ਸਿੱਖ ਹੀ ਰਿਹਾ ਕੀਤੇ। ਹੋਰ ਤਾਂ ਹੋਰ 224 ਸਿੱਖ ਤਾਂ ਅਜੇ ਨਜ਼ਰਬੰਦ ਸਨ।
1985 - ਜਲੰਧਰ ਵਿੱਚ ਸਿੱਖ ਜਲੂਸ 'ਤੇ ਪੁਲਸ ਨੇ ਫ਼ਾਇਰਿੰਗ ਕੀਤੀ।
5 ਦਸੰਬਰ 1985 ਨੂੰ ਜਲੰਧਰ 'ਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਬਰਨਾਲਾ ਸਰਕਾਰ ਖ਼ਿਲਾਫ਼ ਜਲੂਸ ਕੱਢਿਆ ਜਿਸ 'ਤੇ ਪੁਲੀਸ ਨੇ ਫ਼ਾਇਰਿੰਗ ਕੀਤੀ ਅਤੇ ਬਹੁਤ ਸਾਰੇ ਸਿੱਖ ਜ਼ਖ਼ਮੀ ਕਰ ਦਿੱਤੇ। ਇਸੇ ਦਿਨ ਡੀ.ਏ.ਵੀ. ਕਾਲਜ ਕੋਲ ਸਟੁਡੈਂਟਸ ਉੱਤੇ ਹੰਝੂ ਗੈਸ ਵੀ ਛੱਡੀ ਗਈ।
1986 - ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਸ਼ਹੀਦੀ ਪੁਰਬ ਦੇ ਜਲੂਸ 'ਤੇ ਪਾਬੰਦੀ ਲਾ ਦਿੱਤੀ ਗਈ, ਗੁਰਦੁਆਰਾ ਬੰਗਲਾ ਸਾਹਿਬ 'ਤੇ ਫ਼ਾਇਰਿੰਗ ਕਰ ਕੇ ਸੀ.ਆਰ.ਪੀ. ਐਫ਼ ਨੇ 3 ਸਿੱਖ ਸ਼ਹੀਦ ਕੀਤੇ।
5 ਦਸੰਬਰ 1986 ਨੂੰ ਪੁਲੀਸ ਵੱਲੋਂ ਗੁਰੂ ਤੇਗ ਬਹਾਦਰ ਸ਼ਾਹਿਬ ਪੁਰਬ ਦੇ ਜਲੂਸ 'ਤੇ ਪਾਬੰਦੀ ਲਾ ਦਿੱਤੀ ਗਈ। ਇਹ ਤਵਾਰੀਖ਼ ਵਿੱਚ ਪਹਿਲੀ ਵਾਰ ਹੋਇਆ ਸੀ। ਭਾਰਤ ਦੇ ਹਾਕਮਾਂ ਨੇ ਸਾਬਿਤ ਕੀਤਾ ਕਿ ਉਹ ਗੁਰੂ ਤੇਗ਼ ਬਹਦਰ ਸਾਹਿਬ ਦੀ ਕੁਰਬਾਨੀ ਵਾਸਤੇ ਵੀ ਅਕ੍ਰਿਤਘਣ ਹਨ। ਇਸੇ ਦਿਨ ਸੀ.ਆਰ.ਪੀ.ਐਫ਼. ਦਾ ਘੇਰਾ ਤੋੜਨ ਵਾਸਤੇ ਚਲਾਏ ਟਰੱਕ ਹੇਠ ਤਿੰਨ ਪੁਲਸੀਏ ਰਗੜੇ ਗਏ। ਸੀ.ਆਰ.ਪੀ.ਐਫ਼. ਨੇ ਟਰੱਕ ਵਿੱਚੋਂ ਕੱਢ ਕੇ ਪਰਮਜੀਤ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬੰਗਲਾ ਸਾਹਿਬ ਗੁਰਦੁਆਰੇ ਉੱਤੇ ਹਿੰਦੂਆਂ ਨੇ ਬੇਵਜਹ ਅੰਨ੍ਹੀ ਫ਼ਾਇਰਿੰਗ ਕਰ ਕੇ ਤਿੰਨ ਸਿੱਖ ਮਾਰ ਦਿੱਤੇ। ਇਹ ਸਨ, ਜਸਪਾਲ ਸਿੰਘ, ਇਕਬਾਲ ਸਿੰਘ ਸਪੁੱਤਰ ਗਿਆਨ ਸਿੰਘ (ਕਰੋਲ ਬਾਗ), ਪਰਮਜੀਤ ਸਿੰਘ ਉਰਫ਼ ਬੰਬੀ। ਬੰਬੀ, 13 ਸਾਲ ਦਾ ਬੱਚਾ, ਨਿਸ਼ਾਨ ਸਾਹਿਬ ਕੋਲ ਖੜ੍ਹਾ ਸੀ। ਇਨ੍ਹਾਂ ਸਾਰਿਆਂ ਨੂੰ ਗੁਰਦੂਆਰੇ ਦੇ ਅੰਦਰ ਵੱਲ ਗੋਲੀਆਂ ਚਲਾ ਕੇ ਮਾਰਿਆ ਗਿਆ। ਇਸ ਸਾਰੇ ਤੋਂ ਬਾਅਦ ਗੁਰਦੁਆਰੇ ਵਿੱਚੋਂ ਆਉਂਦੇ ਦਰਜਨਾਂ ਸਿੱਖਾਂ ਉੱਤੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਸੁਟ ਦਿੱਤਾ ਗਿਆ। ਇਸ ਦਿਨ ਇਕ ਸੌ ਚਾਲੀ ਸਿੱਖ ਫੜੇ ਗਏ।
1987 - ਸੁਰਮੁੱਖ ਸਿੰਘ ਮੀਰਾ ਕੋਟ ਕਲਾਂ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
5 ਦਸੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸੁਰਮੁੱਖ ਸਿੰਘ ਬੀ.ਏ. ਪੁੱਤਰ ਅਜੈਬ ਸਿੰਘ, ਵਾਸੀ ਮੀਰਾ ਕੋਟ ਕਲਾਂ, ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1988 - ਸੁਰਜੀਤ ਸਿੰਘ ਬਰਨਾਲਾ ਵੱਲੋਂ ਅਕਾਲ ਤਖ਼ਤ 'ਤੇ ਪੇਸ਼ ਹੋਣ ਦਾ ਦਿਖਾਵਾ ਕੀਤਾ ਗਿਆ।
ਪ੍ਰੋ: ਦਰਸ਼ਨ ਸਿੰਘ ਨੇ ਦਸੰਬਰ 1986 ਵਿੱਚ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲਣ ਮਗਰੋਂ ਸਾਰੇ ਸ਼੍ਰੋਮਣੀ ਅਕਾਲੀ ਦਲਾਂ ਨੂੰ ਇੱਕ ਕਰਨ ਦੀ ਤਕਰੀਬ ਬਣਾਈ। ਉਸ ਨੇ ਸਾਰੇ ਅਕਾਲੀ ਦਲ ਤੋੜ ਕੇ ਇੱਕ ਸਾਂਝਾ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ। ਉਸ ਨੇ 3 ਫ਼ਰਵਰੀ 1987 ਨੂੰ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ। ਅਗਲੇ ਦਿਨ ਬਾਬਾ ਜੋਗਿੰਦਰ ਸਿੰਘ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਸਤੀਫ਼ੇ ਦੇ ਦਿੱਤੇ ਪਰ ਸੁਰਜੀਤ ਬਰਨਾਲੇ ਨੂੰ ਅਸਤੀਫ਼ਾ ਦੇਣ ਦੀ ਬਜਾਇ ਇਕ 5 ਮੈਂਬਰੀ ਕਮੇਟੀ ਬਣਾ ਦਿੱਤੀ ਜਿਹੜੀ ਰਾਗੀ ਨੂੰ 'ਮਿਲ ਕੇ ਪੁਜ਼ੀਸ਼ਨ ਸਾਫ਼ ਕਰੇਗੀ।' ਇਸ ਪੰਜ ਮੈਂਬਰੀ ਕਮੇਟੀ ਦੇ ਨੁਮਾਇੰਦੇ ਹਰਭਜਨ ਸਿੰਘ ਸੰਧੂ ਨੇ ਰਾਗੀ ਨਾਲ ਗੱਲਬਾਤ ਕੀਤੀ 'ਤੇ ਹਥਿਆਰ ਸੁੱਟ ਦਿੱਤੇ। ਪਰ ਦਿੱਲੀ ਦੀ ਹਦਾਇਤ 'ਤੇ ਸੁਰਜੀਤ ਬਰਨਾਲਾ ਏਕਤਾ ਕਰਨ ਤੋਂ ਮੁੱਕਰ ਗਿਆ। 8 ਫਰਵਰੀ ਨੂੰ ਬਰਨਾਲੇ ਨੇ ਅਸਤੀਫ਼ਾ ਦੇਣ ਤੋਂ ਪੂਰੀ ਤਰ੍ਹਾਂ ਨਾਂਹ ਕਰ ਦਿੱਤੀ। 9 ਫਰਵਰੀ ਨੂੰ ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਤੇ 11 ਫਰਵਰੀ ਨੂੰ ਤਖ਼ਤ 'ਤੇ ਤਲਬ ਕਰ ਲਿਆ ਗਿਆ। ਪਰ ਬਰਨਾਲੇ ਨੇ ਨਾ ਤਾਂ ਪੇਸ਼ ਹੋਣਾ ਸੀ ਤੇ ਨਾ ਹੀ ਹੋਇਆ। ਉਸ ਨੂੰ 11 ਫਰਵਰੀ ਨੂੰ ਪੰਥ ਵਿਚੋਂ 'ਖਾਰਜ' ਕਰਨ ਦਾ ਐਲਾਨ ਕਰ ਦਿੱਤਾ। 20 ਫਰਵਰੀ ਨੂੰ ਬਰਨਾਲੇ ਨੇ ਪਿੰਡ ਲੌਂਗੋਵਾਲ ਵਿਚ ਇਕ ਕਾਨਫ਼ਰੰਸ ਕਰ ਕੇ ਦੋ-ਤਿੰਨ ਲੱਖ ਬੰਦੇ ਇਕੱਠੇ ਕੀਤੇ। ਇਨ੍ਹਾਂ ਵਿਚੋਂ 95% ਹਿੰਦੂ, ਨਾਮਧਾਰੀ, ਨਿਰੰਕਾਰੀ, ਕਾਂਗਰਸੀ 'ਤੇ ਕਮਿਊਨਿਸਟ ਹੀ ਸ਼ਾਮਿਲ ਸਨ। ਬਰਨਾਲੇ ਦਾ ਇਹ ਐਕਸ਼ਨ ਸਿਰਫ਼ ਰਾਗੀ ਨੂੰ ਚੈਲੰਜ ਨਹੀਂ ਸੀ ਪਰ ਬਲਕਿ ਇਹ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਕਰਨਾ ਸੀ। ਸਰਕਾਰੀ ਤਾਕਤ ਵਰਤ ਕੇ ਵੀ ਇੰਨੇ ਇਕੱਠ ਵਿੱਚੋਂ ਬਰਨਾਲੇ ਨੂੰ ਕੁਝ ਨਾ ਲੱਭਿਆ; ਸਿਰਫ਼ ਫ਼ਿਰਕੂ ਹਿੰਦੂਆਂ 'ਤੇ ਹੋਰ ਸਿੱਖ-ਦੁਸ਼ਮਣਾਂ ਤੋਂ ਸ਼ਾਬਾਸ਼ ਅਤੇ ਸਿੱਖਾਂ ਤੋਂ ਹੋਰ ਜ਼ਿਆਦਾ ਨਫ਼ਰਤ।ਗੱਦੀ ਤੋਂ ਉਤਰਨ ਮਗਰੋਂ 5 ਦਸੰਬਰ 1988 ਦੇ ਦਿਨ ਸੁਰਜੀਤ ਬਰਨਾਲਾ ਅਕਾਲ ਤਖ਼ਤ ਸਾਹਿਬ 'ਤੇ ਦੂਜੀ ਵਾਰੀ ਫੇਰ ਪੇਸ਼ ਹੋਇਆ। ਬਰਨਾਲੇ ਨੇ ਇਸ ਸਬੰਧ ਵਿੱਚ ਪਹਿਲਾਂ ਹੀ ਪੂਰੀ ਤਰ੍ਹਾਂ ਗੱਲਬਾਤ ਕੀਤੀ ਹੋਈ ਸੀ। ਉਹ ਪ੍ਰੋ: ਦਰਸ਼ਨ ਸਿੰਘ ਅੱਗੇ ਸਾਂਝਾ ਅਕਾਲੀ ਦਲ ਬਣਾਉਣ ਬਾਰੇ 'ਹੁਕਮਨਾਮਾ' ਨਾ ਮੰਨਣ ਦੇ ਨੁਕਤੇ 'ਤੇ ਪੇਸ਼ ਹੋਇਆ ਸੀ ਨਾ ਕਿ 30 ਅਪ੍ਰੈਲ 1986 ਦੇ ਦਿਨ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੇ ਜੁਰਮ ਦੀ ਮੁਆਫ਼ੀ ਮੰਗਣ ਵਾਸਤੇ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬਰਨਾਲੇ ਨੇ ਪੇਸ਼ ਹੋ ਕੇ ਕੋਈ ਗੁਨਾਹ ਨਹੀਂ ਮੰਨਿਆ 'ਤੇ ਸਿਰਫ਼ ਇਹੀ ਕਿਹਾ ਕਿ 'ਜੇ' ਮੈਥੋਂ ਕੋਈ ਗ਼ਲਤੀ ਹੋਈ ਹੈ ਤਾਂ ਮੈਨੂੰ ਮੁਆਫ਼ ਕਰ ਦਿੱਤਾ ਜਾਵੇ। ਉਸ ਨੇ ਤਾਂ ਅਕਾਲ ਤਖ਼ਤ ਸਾਹਿਬ ਤੋਂ ਬਗਾਵਤ ਕਰ ਕੇ ਲੌਂਗੋਵਾਲ ਪਿੰਡ ਵਿੱਚ ਜਲਸਾ ਕਰ ਕੇ ਚੈਲੰਜ ਕਰਨ ਦੇ ਗੁਨਾਹ ਦੀ ਵੀ ਮੁਆਫ਼ੀ ਨਾ ਮੰਗੀ।
1990 - ਜੱਸਾ ਸਿੰਘ ਘੁੱਕ ਮਾਹਣੇ ਮੱਲੀਆਂ, ਅਵਤਾਰ ਸਿੰਘ ਛੋਟਾ ਬ੍ਰਹਮਾ 'ਤੇ ਰਣਜੀਤ ਸਿੰਘ ਰਾਣਾ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ ਗਏ।
5 ਦਸੰਬਰ 1990 ਦੇ ਦਿਨ ਪੰਜਾਬ ਪੁਲਸ ਨੇ ਜੱਸਾ ਸਿੰਘ ਘੁੱਕ ਵਾਸੀ ਮਾਹਣੇ ਮੱਲੀਆਂ, ਅਵਤਾਰ ਸਿੰਘ ਉਰਫ਼ ਛੋਟਾ ਬ੍ਰਹਮਾ, ਰਣਜੀਤ ਸਿੰਘ ਰਾਣਾ ਵਾਸੀ ਡੱਲ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1992 - ਲੁਧਿਆਣਾ ਵਾਸੀ ਹਰਜੀਤ ਸਿੰਘ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤਾ ਗਿਆ।
ਪੰਜਾਬ ਪੁਲਿਸ ਨੇ 5 ਦਸੰਬਰ 1992 ਦੇ ਦਿਨ ਹਰਜੀਤ ਸਿੰਘ ਉਰਫ਼ ਸਵਰਨਜੀਤ ਸਿੰਘ ਚੰਨਾ, ਵਾਸੀ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
2009 - ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ ਲੁਧਿਆਣਾ ਵਿੱਚ ਦਰਸ਼ਨ ਸਿੰਘ ਨੂੰ ਸ਼ਹੀਦ ਕੀਤਾ।
5 ਦਸੰਬਰ 2009 ਦੇ ਦਿਨ, ਪ੍ਰਕਾਸ਼ ਸਿੰਘ ਬਾਦਲ ਦੀ ਪੁਲਸ ਨੇ, ਲੁਧਿਆਣਾ ਵਿੱਚ ਨੂਰਮਹਿਲੀਏ ਆਸ਼ੂਤੋਸ਼ ਖ਼ਿਲਾਫ਼ ਮੁਜ਼ਾਹਰਾ ਕਰਦੇ ਇੱਕ ਸਿੱਖ ਨੂੰ ਪੰਜਾਬ ਪੁਲਿਸ ਨੇ ਬੇਵਜਹ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਇਸ ਕੇਸ ਵਿੱਚ ਪੁਲਸ ਦੀ ਪੁਸ਼ਤ ਪਨਾਹੀ ਕੀਤੀ। ਇਸ ਸਮਾਗਮ ਦਾ ਸਾਰਾ ਇੰਤਜ਼ਾਮ ਭਾਰਤੀ ਜਨਤਾ ਪਾਰਟੀ ਦੇ ਆਗੂ ਰਮੇਸ਼ ਹਾਂਡਾ ਨੇ ਕੀਤਾ ਸੀ ਤੇ ਇਸ ਵਿੱਚ ਸ਼ਾਮਿਲ ਹੋਣ ਵਾਲੇ ਤਕਰੀਬਨ ਸਾਰੇ ਲੋਕ ਭਾਜਪਾ ਨਾਲ ਸਬੰਧਤ ਸਨ।
2012 - ਕੁੜੀ ਨੂੰ ਛੇੜਨ ਤੋਂ ਰੋਕਣ 'ਤੇ ਉਸ ਦੇ ਪੁਲਸੀਏ ਬਾਪ ਨੂੰ ਕਤਲ ਕਰ ਦਿੱਤਾ ਗਿਆ।
5 ਦਸੰਬਰ 2012 ਦੇ ਦਿਨ ਬਾਦਲ ਦਲ ਦੇ ਯੂਥ ਲੀਡਰ ਰਣਜੀਤ ਸਿੰਘ ਰਾਣਾ ਛੇਹਰਟਾ ਨੇ, ਤਰਤਾਰਨ ਵਿੱਚ ਰੋਬਿਨਜੀਤ ਕੌਰ ਨਾਂ ਦੀ ਕੁੜੀ ਨੂੰ ਛੇੜਨ ਤੋਂ ਰੋਕਣ 'ਤੇ ਉਸ ਦੇ ਏ.ਐਸ.ਆਈ. ਬਾਪ ਰਵਿੰਦਰਪਾਲ ਸਿੰਘ ਨੂੰ ਕਤਲ ਕਰ ਦਿੱਤਾ। ਮਗਰੋਂ ਪਹਿਲੀ ਜਨਵਰੀ 2014 ਦੇ ਦਿਨ ਉਸ ਨੇ 'ਤੇ ਉਸ ਦੇ ਇਕ ਸਾਥੀ ਸੇਵਾ ਸਿੰਘ ਨੇ ਜੇਲ੍ਹ ਵਿੱਚੋਂ ਫ਼ਰਾਰ ਹੋਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਸੀ। 8 ਅਗਸਤ 2014 ਦੇ ਦਿਨ ਅਦਾਲਤ ਨੇ ਉਸ ਨੂੰ ਤੇ 3 ਸਾਥੀਆਂ ਨੂੰ ਮੌਤ ਤੱਕ ਜੇਲ੍ਹ ਵਿੱਚ ਰਹਿਣ ਦੀ ਉਮਰ ਕੈਦ ਦੀ ਸਜ਼ਾ ਸੁਣਾਈ। ਦੂਜੇ ਪਾਸੇ ਬਾਦਲ ਨੇ ਕੁੜੀ ਨੂੰ ਨਾਇਬ ਤਹਿਸੀਲਦਾਰ ਵੀ ਲਾ ਦਿੱਤਾ।