ਅਕਾਲ ਤਖ਼ਤ ਅਤੇ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਰਿਹੈ ਸੌਦਾ ਸਾਧ ਮਾਮਲਾ

ਪੰਥਕ, ਪੰਥਕ/ਗੁਰਬਾਣੀ



ਪਟਿਆਲਾ 20 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਸੌਦਾ ਸਾਧ ਦੀ ਮੁਆਫ਼ੀ ਦਾ ਮਸਲਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਜਥੇਦਾਰ ਸਮੇਤ ਬਾਕੀ ਚਾਰਾਂ ਤਖ਼ਤਾਂ ਦੇ ਜਥੇਦਾਰਾਂ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪੰਜਾਬ ਦੇ ਸਮੁੱਚੇ ਸਿੱਖ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਰੂਹ ਅਫ਼ਜ਼ਾ ਪਿਲਾਉਣ ਵਾਲੇ ਬਲਾਤਕਾਰੀ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮੁਆਫ਼ ਕਿਵੇਂ ਕਰ ਦਿਤਾ ਗਿਆ।


ਆਮ ਲੋਕਾਂ ਦਾ ਕਹਿਣਾ ਅਤੇ ਸੋਚਣਾ ਹੈ ਕਿ ਇਕ ਦੁਨਿਆਵੀ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਅਪਣਾ ਕਾਨੂੰਨੀ, ਸਮਾਜਕ ਅਤੇ ਇਨਸਾਨੀ ਧਰਮ ਨਿਭਾ ਕੇ ਸੌਦਾ ਸਾਧ ਨੂੰ 20 ਸਾਲ ਦੀ ਸਜ਼ਾ ਦੇ ਕੇ ਉਸ ਦੇ ਸਾਮਰਾਜ ਦਾ ਸਦਾ ਲਈ ਅੰਤ ਕਰ ਦਿਤਾ ਹੈ ਪਰ ਸਾਡੇ ਅਕਾਲ ਤਖ਼ਤ ਦੇ ਜੱਜਾਂ ਨੇ ਉਸ ਬਲਾਤਕਾਰੀ ਸਾਧ ਨੂੰ ਸਾਰੇ ਕੇਸਾਂ ਵਿਚੋਂ ਬਰੀ ਕਰ ਦਿਤਾ ਹੈ। ਪੰਜਾਬ ਦੇ ਸਿੱਖ ਇਹ ਸੋਚ ਰਹੇ ਹਨ ਕਿ ਸੂਬੇ ਦੇ ਰਾਜਨੀਤਕ ਦਲ ਅਪਣੀ ਵੋਟ ਬੈਂਕ ਪੱਕੀ ਕਰਨ ਲਈ ਕਿਵੇਂ ਧਰਮ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਸੂਬੇ ਦੀਆਂ ਪ੍ਰਮੁੱਖ ਧਾਰਮਕ ਹਸਤੀਆਂ ਅਪਣੇ ਸਵਾਰਥਾਂ, ਲਾਲਚਾਂ, ਗਰਜਾਂ ਅਤੇ ਮਤਲਬਾਂ ਵਾਸਤੇ ਕਿਵੇਂ ਅਪਣੀ ਜ਼ਮੀਰ ਦੀ ਆਵਾਜ਼ ਸੁਣਨ ਤੋਂ ਇਨਕਾਰੀ ਹੋ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਇਸ ਪੂਰੇ ਕਾਂਡ ਲਈ ਸਿੱਖਾਂ ਨੂੰ ਸਿੱਧੇ ਤੌਰ 'ਤੇ ਜਵਾਬਦੇਹ ਹਨ ਪਰ ਉਨ੍ਹਾਂ ਦਾ ਇਸ ਮਸਲੇ ਵਿਚ ਰੋਲ ਫ਼ਿਲਹਾਲ ਨਾਕਾਰਾਤਮਕ ਹੈ। ਜੇ ਰਾਜਨੀਤੀ ਦੀ ਧਰਮ ਵਿਚ ਨਾਜਾਇਜ਼ ਦਖ਼ਲਅੰਦਾਜ਼ੀ ਵਾਲਾ ਖੇਡ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਭਵਿੱਖ ਵਿਚ ਅਕਾਲੀ ਦਲ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਦਾ ਵਜੂਦ ਖ਼ਤਰੇ ਵਿਚ ਪੈ ਸਕਦਾ ਹੈ।