ਅਕਾਲ ਤਖ਼ਤ ਦਾ ਨਾਂ ਵਰਤ ਕੇ ਸਿੱਖਾਂ ਨਾਲ ਕੀਤੇ ਗਏ ਧ੍ਰੋਹ ਦੇ ਸਬੂਤ ਨਾ ਛੁਪਾਵੇ ਸਿਆਸੀ - ਪੁਜਾਰੀ ਗਠਜੋੜ!

ਪੰਥਕ, ਪੰਥਕ/ਗੁਰਬਾਣੀ

ਸਿੱਖ ਧਰਮ ਸੱਭ ਤੋਂ ਨਵਾਂ ਧਰਮ ਹੈ ਜਿਸ ਵਿਚ ਰੱਬ ਅਤੇ ਮਨੁੱਖ ਦੇ ਵਿਚਕਾਰ ਖੜੇ ਹੋਣ ਦਾ ਹੱਕ ਕਿਸੇ ਨੂੰ ਦਿਤਾ ਹੀ ਨਹੀਂ ਗਿਆ ਤੇ ਸੱਭ ਸਿੱਖਾਂ ਨੂੰ 'ਬਰਾਬਰ ਦੇ ਸਿੱਖ' (ਜੋ ਦੀਸੈ ਗੁਰਸਿਖੜਾ ਤਿਸ ਨਿਵ ਨਿਵ ਲਾਗਉ ਪਾਇ ਜੀਉ) ਮੰਨਿਆ ਗਿਆ ਹੈ। ਪਰ ਇਸ ਧਰਮ ਵਿਚ ਵੀ ਪੁਜਾਰੀ ਸ਼੍ਰੇਣੀ ਨੇ ਦਾਖ਼ਲ ਹੋ ਕੇ, ਬਾਬੇ ਨਾਨਕ ਦੇ ਸਾਰੇ ਹੁਕਮ ਉਲਟਾ ਦਿਤੇ ਹਨ ਤੇ ਪੁਰਾਣੇ ਧਰਮਾਂ ਦੀਆਂ ਸੱਭ ਬੁਰਾਈਆਂ ਦਾਖ਼ਲ ਕਰ ਲਈਆਂ ਹਨ ਕਿਉਂਕਿ ਅਜਿਹਾ ਕੀਤੇ ਬਿਨਾਂ, ਉਨ੍ਹਾਂ ਦੀ ਪੂਜਾ ਪ੍ਰਤਿਸ਼ਠਾ ਦਾ ਪ੍ਰਬੰਧ ਨਹੀਂ ਸੀ ਹੋ ਸਕਦਾ।

 'ਗੁਰੂ ਵੀਹ ਵਿਸਵੇ ਤੇ ਸੰਗਤ ਇੱਕੀ ਵਿਸਵੇ' ਦਾ ਨਾਹਰਾ ਮਾਰਨ ਵਾਲੇ ਧਰਮ ਵਿਚ ਗ੍ਰੰਥੀ 'ਗੁਰੂ ਕੇ ਵਜ਼ੀਰ' ਬਣ ਗਏ, ਆਮ ਸਿੱਖ 'ਸਿੰਘ' ਹੀ ਰਿਹਾ ਪਰ ਪੁਜਾਰੀ ਭਾਈ 'ਸਿੰਘ ਸਾਹਿਬ' ਬਣ ਗਏ। ਆਮ ਸਿੱਖ ਪੂਰੀ ਤਰ੍ਹਾਂ ਅਧਿਕਾਰ- ਰਹਿਤ ਕਰ ਦਿਤਾ ਗਿਆ ਹੈ ਤੇ ਗੁਰੂ ਨੂੰ ਵੀ ਰੁਮਾਲਿਆਂ ਵਿਚ ਲਪੇਟ ਕੇ ਰੱਖ ਦਿਤਾ ਗਿਆ ਹੈ। ਹੁਕਮ ਉਸ ਦਾ ਵੀ ਸੁਣ ਕੇ ਅਣਸੁਣਿਆ ਕਰ ਦਿਤਾ ਜਾਂਦਾ ਹੈ। ਚਲਦੀ ਕੇਵਲ ਪੁਜਾਰੀਵਾਦ ਦੀ ਹੈ ਜੋ ਸਿਆਸਤਦਾਨ ਅਤੇ 'ਸਾਧਵਾਦ' ਦਾ ਹੱਥ ਫੜ ਕੇ, ਪੁਰਾਣੇ ਧਰਮਾਂ ਦੇ ਪੁਜਾਰੀਆਂ ਵਾਂਗ ਹੀ, ਚੰਮ ਦੀਆਂ ਚਲਾ ਰਿਹਾ ਹੈ ਅਰਥਾਤ ਇਕ ਅਤਿ-ਆਧੁਨਿਕ ਧਰਮ ਨੂੰ ਪੱਥਰ ਯੁੱਗ ਦਾ ਧਰਮ ਬਣਾ ਰਿਹਾ ਹੈ।