ਅੰਮ੍ਰਿਤਸਰ, 11
ਸਤੰਬਰ: ਰਾਸ਼ਟਰੀ ਸਿੱਖ ਸੰਗਤ ਨੇ ਕਿਹਾ ਹੈ ਕਿ ਸੌਦਾ ਸਾਧ ਮਾਮਲੇ ਵਿਚ ਹੀ ਨਹੀਂ ਬਲਕਿ ਇਸ
ਤੋਂ ਪਹਿਲਾਂ ਵੀ ਕਈ ਵਾਰ ਸਿਆਸੀ ਲੋਕਾਂ ਨੇ ਅਪਣੇ ਸਿਆਸੀ ਹਿਤਾਂ ਲਈ ਸ਼੍ਰੋਮਣੀ ਕਮੇਟੀ
ਅਤੇ ਅਕਾਲ ਤਖ਼ਤ ਦੀ ਗਰਿਮਾ ਦੀ ਵਰਤੋਂ ਕੀਤੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਨੂੰ ਲਿਖੀ ਚਿੱਠੀ ਵਿਚ ਆਰਐਸਐਸ ਨੇ ਕਿਹਾ ਕਿ ਸਿਆਸੀ ਲੋਕਾਂ ਵਲੋਂ ਕੀਤੀ
ਜਾਂਦੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਦੁਰਵਰਤੋਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਆਰਐਸਐਸ
ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਕਿਹਾ ਕਿ ਡੇਰਾ ਸਿਰਸਾ ਬਾਰੇ
ਸੰਗਠਨ ਦਾ ਸ਼ੁਰੂ ਤੋਂ ਹੀ ਇਹ ਵਿਚਾਰ ਸੀ ਕਿ ਸਿਆਸੀ ਲੋਕਾਂ ਨੇ ਪਹਿਲਾਂ ਨਿਰੰਕਾਰੀਆਂ ਦੀ
ਵਰਤੋਂ ਕਰ ਕੇ ਸਿੱਖਾਂ ਨੂੰ ਬਲਦੀ ਵਿਚ ਸੁੱਟ ਦਿਤਾ ਅਤੇ ਬਾਅਦ ਵਿਚ ਸੌਦਾ ਸਾਧ ਦੀ ਵਰਤੋਂ
ਕਰ ਕੇ ਸਿੱਖ ਮਰਿਆਦਾ ਦੀਆਂ ਧਜੀਆਂ ਉਡਵਾਈਆਂ। ਉਨ੍ਹਾਂ ਕਿਹਾ ਕਿ ਸੰਗਠਨ ਦੀ ਮੈਗਜ਼ੀਨ
ਸੰਗਤ ਸੰਸਾਰ ਨੇ ਜੂਨ 2007 ਦੇ ਅੰਕ ਦੀ ਸੰਪਾਦਕੀ ਵਿਚ ਅਜਿਹਾ ਸਪੱਸ਼ਟ ਲਿਖਿਆ ਸੀ ਅਤੇ
ਇਸੇ ਅੰਕ ਵਿਚ ਡੇਰੇ ਦੀ ਸਾਧਵੀ ਵਲੋਂ ਦਸੰਬਰ 2002 ਵਿਚ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ
ਨੂੰ ਵੀ ਛਾਪਿਆ ਗਿਆ ਸੀ। ਬਾਅਦ ਵਿਚ ਇਸੇ ਚਿੱਠੀ ਦੇ ਆਧਾਰ 'ਤੇ ਸੌਦਾ ਸਾਧ ਵਿਰੁਧ ਕੇਸ
ਦਰਜ ਹੋਇਆ ਸੀ ਅਤੇ ਇਸੇ ਅੰਕ ਵਿਚ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਬਾਰੇ ਵਿਚ
ਛਾਪਿਆ ਗਿਆ ਸੀ। ਡਾ. ਸ਼ਾਸਤਰੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ
ਬਡੂੰਗਰ ਨੂੰ ਅਪੀਲ ਕੀਤੀ ਕਿ ਤੁਹਾਡੀ ਅਗਵਾਈ ਵਿਚ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀਆਂ
ਵਰਗੀਆਂ ਧਾਰਮਕ ਥਾਵਾਂ ਦੀ ਵਰਤੋਂ ਨਾ ਹੋ ਸਕੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ
ਉਹ ਪਾਖੰਡੀ ਬਾਬਿਆਂ ਦੇ ਬਹਿਕਾਵੇ ਵਿਚ ਨਾ ਆਉਣ।