ਤਰਨਤਾਰਨ, 13 ਸਤੰਬਰ (ਚਰਨਜੀਤ ਸਿੰੰਘ): ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਦੀ ਜ਼ੁਅਰਤ ਕਰਨ ਵਾਲੇ ਪੰਜ ਪਿਆਰੇ ਸਿੰਘਾਂ ਦੇ ਜਥੇਦਾਰ ਭਾਈ ਸਤਨਾਮ ਸਿੰਘ ਖੰਡੇ ਵਾਲੇ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਤੀ ਤੋਂ ਲੈ ਕੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੌਰਾਨ ਅਕਾਲ ਤਖ਼ਤ ਤੋਂ ਲਏ ਗਏ ਸਾਰੇ ਫ਼ੈਸਲਿਆਂ 'ਤੇ ਪੁਨਰ ਵਿਚਾਰ ਹੋਣੀ ਚਾਹੀਦੀ ਹੈ। ਰਾਜਨੀਤਕ ਦਬਾਅ ਹੇਠ ਲਏ ਗਏ ਸਾਰੇ ਫ਼ੈਸਲੇ ਰੱਦ ਕੀਤੇ ਜਾਣੇ ਚਾਹੀਦੇ ਹਨ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਖੰਡੇਵਾਲੇ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਅਪਣੇ ਬਿਆਨ ਵਿਚ ਹੀ ਸਪੱਸ਼ਟ ਕਰ ਦਿਤਾ ਸੀ ਕਿ ਸੌਦਾ ਸਾਧ ਮਾਮਲੇ 'ਤੇ ਛੇਤੀ ਫ਼ੈਸਲਾ ਲੈਣ ਲਈ ਸਾਨੂੰ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਕੋਠੀ ਵਿਚ ਬੁਲਾ ਕੇ ਸਾਡੇ 'ਤੇ ਸਿਆਸੀ ਮਨਮਰਜ਼ੀ ਦਾ ਫ਼ੈਸਲਾ ਦੇਣ ਦਾ ਦਬਾਅ ਬਣਾਇਆ ਗਿਆ ਸੀ।
ਇਸ ਤੋਂ ਬਾਅਦ ਇਨ੍ਹਾਂ ਜਥੇਦਾਰਾਂ ਨੂੰ ਇਹ ਅਧਿਕਾਰ ਨਹੀਂ ਸੀ ਰਹਿ ਜਾਂਦਾ ਕਿ ਉਹ ਸਿੱਖਾਂ ਦੇ ਭਵਿਖ ਬਾਰੇ ਫ਼ੈਸਲੇ ਲੈਣ। ਉਨ੍ਹਾਂ
ਕਿਹਾ ਕਿ ਉਹ 21 ਅਕਤੂਬਰ 2015 ਨੂੰ ਤਖ਼ਤਾਂ ਦੇ ਜਥੇਦਾਰਾਂ ਨੂੰ ਕਿਹਾ ਸੀ ਕਿ ਡੇਰਾ ਮਾਮਲੇ ਵਿਚ ਲਏ ਫ਼ੈਸਲੇ ਵਿਚੋਂ ਸਿਆਸੀ ਦਬਾਅ ਦੀ ਗੰਧ ਆ ਰਹੀ ਹੈ ਪਰ ਜਥੇਦਾਰਾਂ ਨੇ ਸਾਡੀ ਨਹੀਂ ਮੰਨੀ ਤੇ ਹੈਕੜ ਦਾ ਸਬੂਤ ਦਿੰਦੇ ਹੋਏ ਪੰਜ ਪਿਆਰਿਆਂ ਦੀ ਹਸਤੀ ਨੂੰ ਹੀ ਚੁਨੌਤੀ ਦਿਤੀ ਸੀ ਪਰ ਬੀਤੇ ਕਲ ਗਿਆਨੀ ਗੁਰਮੁਖ ਸਿੰਘ ਨੇ ਪੰਜ ਪਿਆਰਿਆਂ ਕੋਲ ਪੇਸ਼ ਹੋ ਸਾਬਤ ਕਰ ਦਿਤਾ ਕਿ ਪੰਜ ਪਿਆਰੇ ਸੁਪਰੀਮ ਹਨ।
ਭਾਈ ਖੰਡੇ ਵਾਲਾ ਨੇ ਕਿਹਾ ਕਿ ਉਹ ਜਥੇਦਾਰਾਂ ਵਾਂਗ ਬੰਦ ਕਮਰੇ ਵਿਚ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ ਕੋਈ ਫ਼ੈਸਲਾ ਨਹੀ ਲੈਣਗੇ ਬਲਕਿ ਸੰਗਤ ਦੀ ਰਾਏ ਨਾਲ ਹੀ ਸਿਆਸੀ ਪ੍ਰਭਾਵ ਹੇਠ ਫ਼ੈਸਲੇ ਲੈਣ ਵਿਚ ਸ਼ਾਮਲ ਰਹੇ ਗਿਆਨੀ ਗੁਰਮੁਖ ਸਿੰਘ ਮਾਮਲੇ 'ਤੇ ਵਿਚਾਰ ਕਰਾਂਗੇ।