ਬਲਦੇਵ ਸਿੰਘ ਐਮ ਏ ਨੇ 'ਜਥੇਦਾਰ' ਦੇ ਫ਼ੈਸਲੇ ਨੂੰ ਕੀਤਾ ਰੱਦ
ਅੰਮ੍ਰਿਤਸਰ,
30 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਸਾਹਿਬ ਵਿਖੇ ਢਾਡੀ ਦਰਬਾਰ ਲਾਉਣ
ਨੂੰ ਲੈ ਕੇ ਦੋ ਢਾਡੀ ਸਭਾਵਾਂ ਆਹਮੋ ਸਾਹਮਣੇ ਹੋ ਗਈਆਂ ਹਨ ਅਤੇ ਸ੍ਰੀ ਗੁਰੂ ਹਰਗੋਬਿੰਦ
ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਵਲੋਂ ਲਏ ਗਏ
ਫ਼ੈਸਲੇ ਨੂੰ ਰੱਦ ਕਰਦਿਆਂ 4 ਸਤੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਾਹਮਣੇ ਧਰਨਾ
ਦੇਣ ਦਾ ਐਲਾਨ ਕਰਦਿਆਂ ਦੋਸ਼ ਲਾਇਆ ਹੈ ਕਿ 'ਜਥੇਦਾਰ' ਇਕ ਧਿਰ ਦੀ ਤਰਫ਼ਦਾਰੀ ਕਰ ਰਿਹਾ ਹੈ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਭਾਈ ਬਲਦੇਵ ਸਿੰਘ
ਐਮ ਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਕਾਲ ਤਖ਼ਤ 'ਤੇ ਲੱਗਣ ਵਾਲੇ
ਢਾਡੀ ਦੀਵਾਨ ਦਾ ਸਮਾਂ ਦੋਵਾਂ ਸਭਾਵਾਂ ਨੂੰ ਬਰਾਬਰ ਵੰਡ ਦਿਤਾ ਹੈ ਜਿਸ ਨੂੰ ਉਨ੍ਹਾਂ ਦੀ
ਢਾਡੀ ਸਭਾ ਰੱਦ ਕਰਦੀ ਹੈ। 13-14 ਅਕਤੂਬਰ 2016 ਨੂੰ 'ਜਥੇਦਾਰ' ਦੇ ਆਦੇਸ਼ ਅਨੁਸਾਰ
ਢਾਡੀ ਦੀਵਾਨ ਲਾਉਣ ਵਾਲਿਆਂ ਜੱਥਿਆਂ ਦਾ ਧਰਮ ਪ੍ਰਚਾਰ ਕਮੇਟੀ ਨੇ ਇਕ ਟੈਸਟ ਲਿਆ ਸੀ ਤੇ
ਦੋਹਾਂ ਸਭਾਵਾਂ ਦੇ 41 ਢਾਡੀ ਜਥੇ ਪਾਸ ਹੋਏ ਸਨ। 'ਜਥੇਦਾਰ' ਗਿਆਨੀ ਗੁਰਬਚਨ ਸਿੰਘ ਨੇ
ਕਿਹਾ ਸੀ ਕਿ ਪਾਸ ਹੋਏ ਜਥਿਆਂ ਦੇ ਅਨੁਸਾਰ ਸਮੇਂ ਦੀ ਵੰਡ ਕੀਤੀ ਜਾਵੇਗੀ। ਟੈਸਟ ਤੋਂ
ਬਾਅਦ ਢਾਡੀ ਸਭਾ ਨੇ ਕਈ ਵਾਰ 'ਜਥੇਦਾਰ' ਨੂੰ ਕਿਹਾ ਕਿ ਜੱਥਿਆਂ ਦੀ ਗਿਣਤੀ ਅਨੁਸਾਰ ਸਮੇਂ
ਦੀ ਵੰਡ ਕੀਤੀ ਜਾਵੇ ਪਰ ਹਰ ਵਾਰੀ 'ਜਥੇਦਾਰ' ਵਲੋਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ
ਦਿਤਾ ਜਾ ਰਿਹਾ ਹੈ ਅਤੇ ਦਸ ਮਹੀਨੇ ਦਾ ਸਮਾਂ ਬੀਤ ਜਾਣ ਜੇ ਬਾਵਜੂਦ ਵੀ ਕੋਈ ਫ਼ੈਸਲਾ ਨਹੀਂ
ਕੀਤਾ ਗਿਆ।
'ਜਥੇਦਾਰ' ਨੇ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਗੋਂ ਇਹ ਆਦੇਸ਼
ਜਾਰੀ ਕਰ ਦਿਤਾ ਹੈ ਕਿ ਪੂਰੇ ਦੇ ਪੂਰੇ ਜਥੇ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੇਸ਼ ਕੀਤੇ
ਜਾਣ ਪਰ ਅੱਜ ਫ਼ੈਸਲਾ ਸੁਣਾਉਣ ਲੱਗਿਆ ਕੀ 'ਜਥੇਦਾਰ' ਨੇ ਦੂਜੀ ਧਿਰ ਦੇ ਜਥਿਆਂ ਦੀ ਗਿਣਤੀ
ਕੀਤੀ ਹੈ? ਕਿਹੜਾ ਕਿਹੜਾ ਜੱਥਾ ਬਾਣੀ ਪੜ੍ਹਦਾ ਹੈ? ਉਨ੍ਹਾਂ ਦੋਸ਼ ਲਾਇਆ ਕਿ 'ਜਥੇਦਾਰ' ਨੇ
ਧਿਰ ਬਣ ਕੇ ਫ਼ੈਸਲਾ ਕੀਤਾ ਹੈ ਜਿਹੜਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ ਜਿਸ ਸਬੰਧੀ ਉਹ 4
ਸਤੰਬਰ ਨੂੰ ਜਥੇਦਾਰ ਅਕਾਲ ਤਖ਼ਤ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰਨਗੇ ਤੇ ਇਹ ਧਰਨਾ
ਉਸ ਵੇਲੇ ਤਕ ਜਾਰੀ ਰੱਖਿਆ ਜਾਵੇਗਾ ਜਦੋਂ ਤਕ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋ ਜਾਂਦਾ। ਇਸ
ਸਬੰਧ ਵਿਚ ਪਹਿਲੀ ਸਤੰਬਰ ਨੂੰ ਢਾਡੀ ਸਭਾਵਾਂ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਧਰਨੇ
ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਸਬੰਧੀ ਜਦੋਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ
ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਸਭਾਵਾਂ ਹਨ ਜਿਨ੍ਹਾਂ ਨੂੰ ਕਾਇਦੇ
ਅਨੁਸਾਰ ਅੱਧਾ-ਅੱਧਾ ਸਮਾਂ ਦਿਤਾ ਜਾਣਾ ਪੂਰੀ ਤਰ੍ਹਾਂ ਦਰੁਸਤ ਹੈ।
ਮੀਰੀ ਪੀਰੀ
ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਢਾਡੀ ਗੁਰਮੇਜ ਸਿੰਘ ਸ਼ਹੂਰਾ ਨੇ ਦਸਿਆ ਕਿ ਜਥੇਦਾਰ ਅਕਾਲ
ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਫ਼ੈਸਲਾ ਦੋਹਾਂ ਧਿਰਾਂ ਨੂੰ ਸੁਣਨ ਉਪਰੰਤ ਹੀ ਫ਼ੈਸਲਾ ਲਿਆ
ਹੈ ਅਤੇ ਉਨ੍ਹਾਂ ਦੇ ਫ਼ੈਸਲੇ ਮੁਤਾਬਕ ਹਰ ਮਹੀਨੇ ਦੀ ਪਹਿਲੀ ਤਰੀਕ ਤੋਂ 15 ਤਕ ਮੀਰੀ ਪੀਰੀ
ਸ਼੍ਰੋਮਣੀ ਢਾਡੀ ਸਭਾ ਅਤੇ 16 ਤੋਂ ਮਹੀਨੇ ਦੇ ਆਖ਼ਰੀ ਦਿਨ ਤਕ ਸ੍ਰੀ ਗੁਰੂ ਹਰਗੋਬਿੰਦ
ਸਾਹਿਬ ਸ਼੍ਰੋਮਣੀ ਢਾਡੀ ਸਭਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਦੀਵਾਨ ਲਾਇਆ ਕਰਨਗੀਆਂ
ਅਤੇ ਮੱਸਿਆ ਦੇ ਦੀਵਾਨ ਮੰਜੀ ਸਾਹਿਬ ਵਿਖੇ ਲਾਏ ਜਾਣਗੇ। ਬਲਦੇਵ ਸਿੰਘ ਐਮ ਏ 'ਜਥੇਦਾਰ'
'ਤੇ ਦਬਾਅ ਬਣਾ ਰਿਹਾ ਹੈ ਕਿ ਜੋ ਉਹ ਚਾਹੁੰਦਾ ਹੈ ਉਸ ਮੁਤਾਬਕ ਹੀ ਸਮੇਂ ਦੀ ਵੰਡ ਕੀਤੀ
ਜਾਵੇ। ਉਨ੍ਹਾਂ ਦੀ ਸਭਾ 'ਜਥੇਦਾਰ' ਦੁਆਰਾ ਲਏ ਗਏ ਫ਼ੈਸਲੇ ਦੀ ਸ਼ਲਾਘਾ ਕਰਦੀ ਹੈ ਤੇ
ਉਨ੍ਹਾਂ ਕੋਲ 28 ਜੱਥੇ ਹਨ ਜਿਹੜੇ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਪੂਰਾ-ਪੂਰਾ ਗਿਆਨ
ਰੱਖਦੇ ਹਨ।
ਢਾਡੀ ਸਭਾ ਕੋਈ ਰਾਜਸੀ ਜਾਂ ਕੋਈ ਮਹੱਲੇ ਦੀ ਕੋਈ ਝਾੜ ਫੂਕ ਵਾਲੀ
ਜਥੇਬੰਦੀ ਨਹੀਂ ਸਗੋਂ ਇਹ ਗੁਰੂ ਘਰ ਤੋਂ ਵਰਸੋਈ ਹੋਈ ਜਥੇਬੰਦੀ ਹੈ ਤੇ ਧਰਨੇ ਮੁਜ਼ਾਹਰੇ
ਕਰਨੇ ਢਾਡੀ ਸਭਾ ਦਾ ਕੰਮ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ
ਬਡੂੰਗਰ ਦੇ ਫ਼ੈਸਲੇ ਬਾਰੇ ਦਸ ਦਿਤਾ ਹੈ। 'ਜਥੇਦਾਰ' ਦਾ ਹੁਕਮ ਹੀ ਲਾਗੂ ਹੋਵੇਗਾ। ਇਸ
ਸਬੰਧੀ ਮੈਨੇਜਰ ਦਰਬਾਰ ਸਾਹਿਬ ਸੁਲੱਖਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ
ਜਥੇਦਾਰ ਅਕਾਲ ਤਖ਼ਤ ਸੁਪਰੀਮ ਹਨ ਤੇ ਉਨ੍ਹਾਂ ਦਾ ਫ਼ੈਸਲਾ ਲਾਗੂ ਕੀਤਾ ਜਾਵੇਗਾ। ਉਨ੍ਹਾਂ
ਢਾਡੀ ਬਲਦੇਵ ਸਿੰਘ ਐਮ ਏ ਨੂੰ ਵੀ ਤਾਕੀਦ ਕੀਤੀ ਕਿ ਧਰਨੇ ਮੁਜ਼ਾਹਰੇ ਕਰਨੇ ਕੋਈ ਸਿਆਣਪ
ਵਾਲਾ ਕੰਮ ਨਹੀਂ ਤੇ ਉਨ੍ਹਾਂ ਧਰਨੇ ਦੀ ਬਜਾਏ ਅਪਣੇ ਜਥੇ ਅਕਾਲ ਤਖ਼ਤ ਦੇ ਜਥੇਦਾਰ ਦੇ
ਸਨਮੁੱਖ ਪੇਸ਼ ਕਰ ਕੇ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਹੈ ਪਰ ਸ੍ਰੀ ਦਰਬਾਰ ਸਾਹਿਬ ਸਮੂਹ
ਵਿਚ ਸ਼ਾਂਤੀ ਬਣਾਏ ਰੱਖਣ ਵਿਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੋਣ ਦਿਤੀ ਜਾਵੇਗੀ।