ਅਕਾਲੀ ਦਲ ਵਲੋਂ ਗੁਰਮੁਖ ਸਿੰਘ ਤੇ ਭਾਈ ਹਿੰਮਤ ਸਿੰਘ ਮਨਾਉਣ ਦੀ ਅਸਫ਼ਲ ਕੋਸ਼ਿਸ਼

ਪੰਥਕ, ਪੰਥਕ/ਗੁਰਬਾਣੀ

ਤੁਹਾਡੀਆਂ ਸੇਵਾਵਾਂ ਮੁੜ ਬਹਾਲ ਹੋ ਸਕਦੀਆਂ ਹਨ ਜੇ....
ਤਰਨਤਾਰਨ, 1 ਫ਼ਰਵਰੀ (ਚਰਨਜੀਤ ਸਿੰਘ): ਜਥੇਦਾਰਾਂ ਵਲੋਂ ਕੀਤੇ ਜਾਂਦੇ ਫ਼ੈਸਲਿਆਂ ਵਿਚ ਸਿਆਸੀ ਦਖ਼ਲਅੰਦਾਜ਼ੀ ਕੀਤੇ ਜਾਣ ਦੇ ਇੰਕਸ਼ਾਫ਼ ਕਰਨ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਟਾਏ ਗਏ ਜਥੇਦਾਰ ਗਿ. ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਭਰਾ ਹਿੰਮਤ ਸਿੰਘ 'ਤੇ ਅਕਾਲੀ ਦਲ ਨੇ ਡੋਰੇ ਪਾਉਣੇ ਸ਼ੁਰੂ ਕਰ ਦਿਤੇ ਹਨ। ਜਾਣਕਾਰੀ ਮੁਤਾਬਕ ਮਾਲਵੇ ਨਾਲ ਸਬੰਧਤ ਦੋ ਸਾਬਕਾ ਮੰਤਰੀਆਂ ਨੇ ਭਾਈ ਹਿੰਮਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮਨਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਮਾਲਵੇ ਦੇ ਸਾਬਕਾ ਮੰਤਰੀਆਂ ਨੇ ਭਾਈ ਹਿੰਮਤ ਸਿੰਘ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਪੱਤਰਕਾਰਾਂ ਸਾਹਮਣੇ ਬਿਆਨ ਦੇ ਦੇਵੇ ਕਿ ਮੈਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਭੇਜਣ ਲਈ ਕਾਂਗਰਸ ਦੇ ਮੰਤਰੀਆਂ ਨੇ ਅਤੇ ਕੁੱਝ ਕਾਂਗਰਸੀ ਸਿੱਖ ਆਗੂਆਂ ਨੇ ਉਕਸਾਇਆ ਸੀ ਤਾਂ ਗਿ. ਗੁਰਮੁਖ ਸਿੰਘ ਅਤੇ ਭਾਈ ਹਿੰਮਤ ਸਿੰਘ ਦੀਆਂ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ। ਇਥੇ ਹੀ ਬਸ ਨਹੀਂ, ਗਿ. ਗੁਰਮੁਖ ਸਿੰਘ ਨੂੰ ਮੁੜ ਜਥੇਦਾਰ ਵਜੋਂ ਸੇਵਾ ਦਿਤੀ ਜਾ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਈ ਹਿੰਮਤ ਸਿੰਘ ਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਇਸ ਝੂਠ ਵਿਚ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ। ਭਾਈ ਹਿੰਮਤ ਸਿੰਘ ਨੇ ਸਾਬਕਾ ਅਕਾਲੀ ਮੰਤਰੀਆਂ ਨੂੰ ਇਥੋ ਤਕ ਕਹਿ ਦਿਤਾ ਹੈ ਕਿ ਗਿ. ਗੁਰਮੁਖ ਸਿੰਘ ਗੁਰਦਵਾਰਾ ਧਨਧਾਮ ਸਾਹਿਬ ਜੀਂਦ ਵਿਖੇ ਸੇਵਾ ਕਰ ਕੇ ਸ਼ਤੁੰਸ਼ਟ ਹਨ ਤੇ ਹੁਣ ਸਾਡੇ ਪਰਵਾਰ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ।