ਅਕਾਲੀ, ਮੋਦੀ ਸਰਕਾਰ ਨੂੰ ਪੁੱਛਣ ਕਿ ਟਾਈਟਲਰ ਤੇ ਸੱਜਣ ਨੂੰ ਜੇਲ ਕਿਉਂ ਨਹੀਂ ਡਕਿਆ: ਜਰਨੈਲ ਸਿੰਘ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 29 ਅਕਤੂਬਰ (ਅਮਨਦੀਪ ਸਿੰਘ) : ਅਕਾਲੀਆਂ ਵਲੋਂ ਕੇਜਰੀਵਾਲ ਸਰਕਾਰ 'ਤੇ ਟਾਈਟਲਰ ਨੂੰ ਬਚਾਉਣ ਦੇ ਲਾਏ ਗਏ ਦੋਸ਼ਾਂ ਦੇ ਜਵਾਬ ਵਿਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਅਕਾਲੀਆਂ ਨੂੰ ਪੁਛਿਆ ਕਿ ਕੇਂਦਰ ਵਿਚ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਤੋਂ ਉੱਪਰ ਹੋ ਚੁਕੇ ਹਨ, ਫਿਰ ਕਿਉਂ ਨਹੀਂ ਅਕਾਲੀ ਦਲ ਬਾਦਲ ਭਾਜਪਾ 'ਤੇ ਦਬਾਅ ਬਣਾ ਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਂਦਾ? ਕਿਉਂ ਹੁਣ ਤਕ ਅਕਾਲੀ ਸਿੱਖਾਂ ਨੂੰ ਮੂਰਖ ਬਣਾ ਰਹੇ ਹਨ?

ਅੱਜ ਤਿਲਕ ਨਗਰ 'ਚ ਅਕਾਲੀਆਂ ਵਿਰੁਧ ਜਰਨੈਲ ਸਿੰਘ ਦੀ ਅਗਵਾਈ ਵਿਚ ਮੁਜ਼ਾਹਰਾ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੇ ਬਿਆਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਟਾਈਟਲਰ ਦੇ ਕਰੀਬੀ ਰਹੇ ਵਪਾਰੀ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫ਼ਿਕ ਟੈਸਟ ਸੀ.ਬੀ.ਆਈ. ਦੀ ਹਦਾਇਤ 'ਤੇ ਹੋਣਾ ਹੈ ਅਤੇ ਟੈਸਟ ਹੋਣ ਵੇਲੇ ਜਦ ਸੀ.ਬੀ.ਆਈ. ਦੇ ਵਕੀਲ ਤੇ ਅਭਿਸ਼ੇਕ ਵਰਮਾ ਦੇ ਵਕੀਲ ਹਾਜ਼ਰ ਹਨ, ਫਿਰ ਕੇਜਰੀਵਾਲ ਸਰਕਾਰ 'ਤੇ ਅਕਾਲੀ ਦੋਸ਼ ਕਿਉਂ ਲਾ ਰਹੇ ਹਨ?

ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਖ਼ੁਦ ਤਿਲਕ ਵਿਹਾਰ ਦੀ ਕਤਲੇਆਮ ਪੀੜਤਾਂ ਦੀ ਕਾਲੋਨੀ 'ਚ ਆ ਕੇ ਸਿੱਖਾਂ ਨੂੰ ਭਰੋਸਾ ਦੇ ਕੇ ਗਏ ਸਨ ਕਿ ਉਹ ਟਾਈਟਲਰ ਤੇ ਸਜੱਣ ਕੁਮਾਰ ਨੂੰ ਛੇਤੀ ਸਜ਼ਾਵਾਂ ਦੁਆਉਣਗੇ, ਪਰ ਤਿੰਨ ਸਾਲ ਵਿਚ ਕੁੱਝ ਨਹੀਂ ਕਰ ਸਕੇ ਕਿਉਂਕਿ ਗੋਧਰਾ ਕਾਂਡ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਿਚ ਗੰਢਤੁਪ  ਹੈ। ਅਕਾਲੀ ਦਲ ਬਾਦਲ, ਭਾਜਪਾ ਨੂੰ ਸਵਾਲ ਪੁਛਣ ਦੀ ਬਜਾਏ ਕੇਜਰੀਵਾਲ 'ਤੇ ਦੋਸ਼ ਲਾ ਕੇ ਸਿੱਖਾਂ ਨੂੰ ਮੂਰਖ ਬਣਾ ਰਿਹਾ ਹੈ ਪਰ ਸਿੱਖ ਇਨ੍ਹਾਂ ਦੀਆਂ ਚਾਲਾਂ ਸਮਝ ਚੁੱਕੇ ਹਨ।