ਮਾਨਸਾ, 12 ਮਾਰਚ (ਸੁਖਵੰਤ ਸਿੰਘ ਸਿੱਧੂ): ਸ਼੍ਰੋਮਣੀ ਕਮੇਟੀ ਦੇ ਕਾਲਜਾਂ ਅਤੇ ਸਕੂਲਾਂ ਵਿਚ ਪੰਜਾਬ ਸਰਕਾਰ ਯੂਨੀਵਰਸਟੀ ਬੋਰਡ ਅਤੇ ਗੁਰਦੁਆਰਾ ਐਕਟ ਦੇ ਸਾਰੇ ਭਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਹਜ਼ਾਰਾਂ ਦੀ ਗਿਣਤੀ ਵਿਚ ਭਰਤੀ ਬਾਰੇ ਨਵੇਂ ਪ੍ਰਗਟਾਵੇ ਸਾਹਮਣੇ ਆਉਣ ਲੱਗੇ ਹਨ। ਸ਼੍ਰ੍ਰ੍ਰ੍ਰੋਮਣੀ ਕਮੇਟੀ ਦੇ ਮੀਤ ਸਕੱਤਰ ਧਰਮ ਪ੍ਰਚਾਰ ਸਿਮਰਜੀਤ ਸਿੰਘ ਦੀਆਂ ਦੋ ਧੀਆਂ ਨੂੰ ਇਕੋ ਦਿਨ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਨੌਕਰੀਆਂ ਦਿਤੀਆਂ ਗਈਆਂ। ਨਵਰੀਤ ਕੌਰ ਤੇ ਕਰਮਪ੍ਰੀਤ ਕੌਰ ਨੂੰ 22 ਜੂਨ 2017 ਨੂੰ ਇਕੱਠਿਆਂ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਨਵਰੀਤ ਕੌਰ ਨੂੰ 22 ਜੂਨ ਨੂੰ ਮਾਤਾ ਗੰਗਾ ਜੀ ਖ਼ਾਲਸਾ ਕਾਲਜ ਫ਼ਾਰ ਗਰਲਜ਼ ਮੰਜੀ ਸਾਹਿਬ ਕੋਟਾ ਜ਼ਿਲ੍ਹਾ ਲੁਧਿਆਣਾ ਵਿਖੇ ਐਡਹਾਕ ਪੱਧਰ 'ਤੇ ਅਸਿਸਟੈਂਟ ਪ੍ਰੋਫ਼ੈਸਰ ਇਨ ਇੰਗਲਿਸ਼ ਨਿਯੁਕਤ ਕੀਤਾ ਹੈ ਤੇ ਕਰਮਪ੍ਰੀਤ ਕੌਰ ਨੂੰ 22 ਜੂਨ 2017 ਨੂੰ ਹੀ ਮਾਤਾ ਗੰਗਾ ਜੀ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾ ਜ਼ਿਲ੍ਹਾ ਲੁਧਿਆਣਾ ਵਿਖੇ ਐਡਹਾਕ ਪੱਧਰ 'ਤੇ ਲੈਕਚਰਾਰ ਇਨ ਇਕਨਾਮਿਕਸ ਨਿਯੁਕਤ ਕੀਤਾ ਗਿਆ। ਦੂਜੇ ਪਾਸੇ ਜਨਸ਼ਕਤੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਦਾਰਾ ਸਿੰਘ ਅਕਲੀਆ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ
ਨਾਨਕ ਕਾਲਜ ਬੁਢਲਾਡਾ ਵਿਚ ਅਕਾਲੀ ਨੇਤਾਵਾਂ ਤੇ ਕੁੱਝ ਪ੍ਰਿੰਸੀਪਲਾਂ ਦੇ ਪਰਵਾਰਾਂ ਵਿਚੋਂ ਜੋੜੇ-ਜੋੜੇ ਪਰਵਾਰਕ ਮੈਂਬਰਾਂ ਨੂੰ ਰੈਗੂਲਰ ਗਰੇਡ ਵਿਚ ਅਨੈਤਿਕ ਢੰਗ ਨਾਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਜਥੇਦਾਰ ਹਰਬੰਤ ਸਿੰਘ ਦਾਤੇਵਾਸ ਦੀਆਂ ਦੋ ਨੂੰਹਾਂ, ਸੀਨੀਅਰ ਅਕਾਲੀ ਆਗੂ ਬੱਲਮ ਸਿੰਘ ਕਲੀਪੁਰ ਦੇ ਪੁੱਤਰ ਤੇ ਨੂੰਹ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਦੋ ਕਰੀਬੀ ਰਿਸ਼ਤੇਦਾਰ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਤੇ ਸਾਬਕਾ ਡਾਇਰੈਕਟਰ ਸਿਖਿਆ ਧਰਮਿੰਦਰ ਉਭਾ ਦੀ ਭੂਆ ਦੀ ਕੁੜੀ ਅਤੇ ਮਾਸੀ ਦਾ ਮੁੰਡਾ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ ਦੀ ਪਤਨੀ, ਭਾਣਜੀ, ਭਤੀਜੇ ਨੂੰ ਬਿਨਾਂ ਇੰਟਰਵਿਊ ਦੇ ਗ਼ਲਤ ਢੰਗ ਨਾਲ ਰੈਗੂਲਰ ਗ੍ਰੇਡ ਵਿਤ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਕਾਲਜ ਵਿਚ ਪਿਛਲੇ ਦੋ ਸਾਲਾਂ ਦੌਰਾਨ ਗ਼ੈਰ ਸਿੱÎਖਾਂ, ਪਤਿਤ ਅਤੇ ਭਾਈ ਭਤੀਜੇ ਅਧੀਨ 100 ਤੋਂ ਵਧੇਰੇ ਮੁਲਾਜ਼ਮ ਭਰਤੀ ਕੀਤੇ ਹਨ। ਸਾਰੇ ਸ਼ੱਕੀ ਕੇਸ ਬਣਦੇ ਹਨ ਜਿਨ੍ਹਾਂ ਦੀ ਜਾਂਚ ਇਕ ਵਖਰੀ ਕਮੇਟੀ ਰਾਹੀਂ ਹੋਣੀ ਚਾਹੀਦੀ ਹੈ। ਧਰਮ ਯੁੱਧ ਮੋਰਚੇ ਵਿਚ ਸ਼ਹੀਦ ਹੋਣ ਵਾਲੇ ਅਕਾਲੀ ਤੇ ਸਿੱਖ ਪਰਵਾਰ, ਜੋਧਪੁਰ ਜੇਲ ਵਿਚ ਸਜ਼ਾਵਾਂ ਭੁਗਤਣ ਵਾਲੇ ਅਤੇ ਧਰਮੀ ਫ਼ੌਜੀਆਂ ਦੇ ਵਿਦਿਅਕ ਪੱਖੋਂ ਯੋਗਤਾ ਪੂਰੀ ਕਰਨ ਵਾਲੇ, ਗੁਰਸਿੱਖ ਬੇਰੁਜ਼ਗਾਰ ਨੌਜਵਾਨਾਂ ਨੇ ਦਸਿਆ ਕਿ ਉਹ ਇਸ ਗ਼ਲਤ ਭਰਤੀ ਸਬੰਧੀ ਛੇਤੀ ਹੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਨਿਆਂ ਦੀ ਮੰਗ ਕਰਨਗੇ।