ਫ਼ਤਿਹਗੜ੍ਹ ਸਾਹਿਬ, 6 ਜਨਵਰੀ (ਸੁਰਜੀਤ ਸਿੰਘ ਸਾਹੀ) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਿੰਘ ਸਭਾ ਮੌਕੇ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਕਰਵਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਬਾਰੇ ਛਿੜੇ ਵਿਵਾਦ ਨੂੰ ਸੁਲਝਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਕਰਨੈਲ ਸਿੰਘ ਪੰਜੋਲੀ, ਭਾਈ ਰਾਵਿੰਦਰ ਸਿੰਘ ਖ਼ਾਲਸਾ ਆਦਿ ਵਲੋਂ ਦਿਤਾ ਗਿਆ ਸਪੱਸ਼ਟੀਕਰਨ ਅਪੱਸ਼ਟ ਹੈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਸੰਗਤ ਦਾ ਮੁਢਲਾ ਇਤਰਾਜ਼ ਤਾਂ ਇਹ ਹੈ ਕਿ ਮਿਤੀ 25 ਦਸੰਬਰ ਨੂੰ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਉਹ ਅਖੰਡ ਪਾਠ ਦਿੱਲੀ ਦੇ ਇਕ ਗੁਰ ਸਿੱਖ ਦਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਿੱਲੀ ਨੇ ਆਰੰਭ ਕਰਵਾਏ ਸਨ। ਸ੍ਰੀ ਅਖੰਡ ਪਾਠ ਦੇ ਅਰੰਭ ਤੋਂ ਬਾਅਦ ਪਾਠੀਆਂ ਅਤੇ ਸੇਵਾਦਾਰਾਂ ਦੇ ਡਿਊਟੀ ਚਾਰਟ ਦੀ ਜੋ ਤਖ਼ਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ, ਪਾਠ ਦੇ ਅਰੰਭ ਹੋਣ ਉਪਰੰਤ ਰੱਖੀ ਗਈ, ਉਸ ਤਖ਼ਤੀ 'ਤੇ ਵੀ ਦਿੱਲੀ ਦੇ ਗੁਰ ਸਿੱਖ ਦਲਵਿੰਦਰ ਸਿੰਘ ਵਲੋਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਦਾ ਹੀ ਜ਼ਿਕਰ ਹੈ ਅਤੇ ਅਰੰਭ ਸਮੇਂ ਦਾ ਸ੍ਰੀ ਮੁੱਖ ਵਾਕ ਵੀ ਦਰਜ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਮੁੱਖ ਵਾਕ ਓਹੀ ਹੈ ਜਿਸ ਦਾ ਹਵਾਲਾ ਵਾਰ-ਵਾਰ ਕਰਨੈਲ ਸਿੰਘ ਪੰਜੋਲੀ ਫ਼ਤਿਹਗੜ੍ਹ ਸਾਹਿਬ ਵਿਖੇ ਅਪਣੀ ਪੱਤਰਕਾਰ ਵਾਰਤਾ ਸਮੇਂ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤਖ਼ਤੀ 'ਤੇ ਕਿਸੇ ਵੀ ਥਾਂ 'ਤੇ ਸ਼੍ਰੋਮਣੀ ਕਮੇਟੀ ਜਾਂ ਸਥਾਨਕ ਗੁਰਦਵਾਰਾ ਪ੍ਰਬੰਧ ਦਾ ਜ਼ਿਕਰ ਨਹੀਂ ਹੈ ਤੇ ਸਿੱਖ ਸੰਗਤਾਂ ਇਹ ਨਹੀਂ ਕਹਿ ਰਹੀਆਂ ਕਿ ਸ੍ਰੀ ਅਖੰਡ ਪਾਠ ਆਰੰਭ ਹੀ ਨਹੀਂ ਕਰਵਾਏ ਗਏ, ਸਗੋਂ ਸੰਗਤ ਦੀ ਸ਼ਿਕਾਇਤ ਤਾਂ ਇਹ ਹੈ ਕਿ ਗੁਰਦਵਾਰਾ ਜੋਤੀ ਸਰੂਪ ਸਾਹਿਬ ਦੀ ਲਗਭਗ ਅੱਧੀ ਸਦੀ ਦੀ ਪਰੰਪਰਾ ਅਨੁਸਾਰ ਇਹ ਪਾਠ ਸਥਾਨਕ ਗੁਰਦੁਵਾਰਾ ਪ੍ਰਬੰਧ ਜਾਂ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ ਨਹੀਂ ਕਰਵਾਏ ਗਏ। ਇਹ ਵੀ ਸੱਚ ਹੈ ਕਿ ਇਸ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਦੀ ਅਰਦਾਸ, ਗੁਰਦੁਵਾਰਾ ਪ੍ਰਬੰਧ ਨੇ 27 ਦਸੰਬਰ ਨੂੰ ਅਪਣੀ ਬਜਰ ਗ਼ਲਤੀ ਨੂੰ ਢੱਕਣ ਅਤੇ ਸਿੱਖ ਸੰਗਤ ਦੇ ਅੱਖੀਂ ਘੱਟਾ ਪਾਉਂਣ ਲਈ, ਚਲਾਕੀ ਨਾਲ ਅਪਣੇ ਨਾਂਅ ਕਰ ਲਈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਜਾਨਣਾ ਚਾਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਜਿਹੇ ਅਖੰਡ ਪਾਠ, ਜਿਸ ਦੀ ਆਰੰਭ ਦੀ ਅਰਦਾਸ ਕਿਸੇ ਹੋਰ ਦੇ ਨਾਂਅ 'ਤੇ ਹੋਈ ਹੋਵੇ ਅਤੇ ਸਮਾਪਤੀ ਦੀ ਅਰਦਾਸ ਗੁਰਦਵਾਰਾ ਪ੍ਰਬੰਧ ਨੇ ਉਸ ਸ਼ਰਧਾਲੂ ਦਾ ਨਾਂਅ ਲਏ ਬਿਨਾਂ ਅਪਣੇ ਨਾਂਅ 'ਤੇ ਮਨਸੂਬ ਕਰ ਲਈ ਹੋਵੇ, ਅਜਿਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਕ੍ਰਿਆ ਨੂੰ ਜੇ 'ਗੋਦ ਲੈਣਾ' ਨਹੀਂ ਆਖਾਂਗੇ ਤਾਂ ਆਖ਼ਰ ਹੋਰ ਕਿਸ ਨਾਂਅ ਨਾਲ ਸੰਗਿਆ ਦੇ ਕੇ ਪ੍ਰਭਾਸ਼ਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਨਿਮਾਣੇ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ, ਅਪਣੇ ਪਰਵਾਰ ਵਲੋਂ ਗੁਰੂ ਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਨਤਮਸਤਕ ਹੋਣ ਲਈ ਉਨ੍ਹਾਂ ਦੀ ਯਾਦ ਵਿਚ, ਏਸੇ ਹੀ ਤਰਜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ, ਇਸ ਵਰ੍ਹੇ ਭਾਵ ਦਸੰਬਰ 2018 ਵਿਚ ਮਿਤੀ 11 ਪੋਹ ਨੂੰ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪ੍ਰਕਾਸ਼ ਕਰਵਾਉਣਾ ਚਾਹੁੰਦੇ ਹਨ ਜਿਸ ਦੇ ਭੋਗ ਪੂਰਨ ਗੁਰ ਮਰਿਆਦਾ ਅਨੁਸਾਰ 13 ਪੋਹ ਨੂੰ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ ਪਾਏ ਜਾਣ। ਉਨ੍ਹਾਂ ਕਿਹਾ ਕਿ ਉਹ ਸ਼ਰਧਾਲੂ ਸਿੱਖ ਦੇ ਰੂਪ ਵਿਚ, ਸ਼੍ਰੋਮਣੀ ਕਮੇਟੀ ਦੀ ਨਿਰਧਾਰਤ ਵਿਧੀ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਲਈ ਬਣਦੀ ਭੇਟਾ ਲੈ ਕੇ ਸੋਮਵਾਰ 8 ਦਸੰਬਰ ਨੂੰ ਦਿਨ ਦੇ ਸਵਾ ਬਾਰਾਂ ਵਜੇ, ਮੈਨੇਜਰ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਪੁੱਜਾਂਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਤਿੰਨੇ ਹੀ ਮੈਂਬਰਾਂ, ਹੈੱਡ ਗ੍ਰੰਥੀ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਭਾਈ ਹਰਪਾਲ ਸਿੰਘ ਅਤੇ ਜਸਬੀਰ ਸਿੰਘ ਮੈਨੇਜਰ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਉਸ ਸਮੇਂ ਹਾਜ਼ਰ ਰਹਿਣ ਅਤੇ ਮੇਰੀ ਸ਼ਰਧਾ ਅਨੁਸਾਰ, ਨਿਰਧਾਰਤ ਭੇਟਾ ਕਬੂਲ ਕਰ ਕੇ, ਉਪਰੋਕਤ ਦਰਜ ਤਰੀਕਾਂ ਨੂੰ ਮੇਰੇ ਪਰਵਾਰ ਦੇ ਨਾਂਅ 'ਤੇ ਰਸੀਦ ਜਾਰੀ ਕਰ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਵਾਸਤੇ ਰਾਖਵਾਂ ਕਰ ਦਿਤਾ ਜਾਵੇ। ਠੀਕ ਉਵੇਂ ਹੀ ਜਿਵੇਂ ਭਈ ਹਰਪਾਲ ਸਿੰਘ ਹੈੱਡ ਗ੍ਰੰਥੀ ਦੇ ਦਖ਼ਲ ਨਾਲ, ਦਿੱਲੀ ਦੇ ਗੁਰਸਿੱਖ ਸ. ਦਲਵਿੰਦਰ ਸਿੰਘ ਨੂੰ 23 ਅਪ੍ਰੈਲ 2017 ਨੂੰ ਰਸੀਦ ਨੰਬਰ : 13282 ਜਾਰੀ ਕੀਤੀ ਗਈ ਸੀ।