ਅਖੌਤੀ ਭਨਿਆਰੇ ਵਾਲਾ ਸਾਧ ਫਿਰ ਤੋਂ ਸਿਰ ਚੁਕਣ ਲੱਗਾ

ਪੰਥਕ, ਪੰਥਕ/ਗੁਰਬਾਣੀ

ਸਰਕਾਰੀ ਛੱੱਤਰ ਛਾਇਆ ਹੇਠ ਮਨਾਇਆ ਜਨਮ ਦਿਨ
ਨੰਗਲ, 30 ਅਗੱਸਤ (ਕੁਲਵਿੰਦਰ ਭਾਟੀਆ) : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਭ ਤੋਂ ਪਹਿਲਾ ਬੇਅਦਬੀ ਕਰਨ ਵਾਲੇ ਭਨਿਆਰੇ ਸਾਧ ਨੇ ਇਕ ਵਾਰ ਫਿਰ ਸੂਬੇ ਵਿਚ ਸਿਰ ਚੁਕਣਾ ਸ਼ੁਰੂ ਕਰ ਦਿਤਾ ਹੈ ਅਤੇ ਜਿਸ ਮਿਹਨਤ ਨਾਲ ਸਿਖ ਕੌਮ ਦੇ ਜੁਝਾਰੂਆਂ ਵਲੋਂ ਇਸ ਦੇ ਅਖੌਤੀ ਜਨਮ ਦਿਨ 'ਤੇ ਰੋਕ ਲਗਾਈ ਸੀ ਇਸ ਵਾਰ ਉਹੀ ਜਨਮ ਦਿਨ ਸਰਕਾਰੀ ਦੇਖ ਰੇਖ ਨਾਲ ਨਾ ਸਿਰਫ਼ ਸ਼ਾਨੌ ਸ਼ੋਕਤ ਨਾਲ ਮਨਾਇਆ ਗਿਆ ਸਗੋਂ ਇਸ ਵਾਰ ਕਾਫ਼ੀ ਚਿਰਾਂ ਬਾਅਦ ਪੈਸੇ ਦਾ ਖੁੱਲਾ ਖੇਡ ਵੀ ਚਲਿਆ ਅਤੇ ਅਪਣੇ ਦੁਆਰਾ ਪ੍ਰਚਾਰ ਲਈ ਬਾਬੇ ਵਲੋਂ ਅਖ਼ਬਾਰੀ ਇਸ਼ਤਿਹਾਰਬਾਜ਼ੀ ਦਾ ਸਹਾਰਾ ਵੀ ਲਿਆ ਗਿਆ।
ਬਾਬੇ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਸ਼ਰੇਆਮ ਬੇਅਦਬੀ ਤੋਂ ਬਾਅਦ ਨੂਰਪੁਰ ਬੇਦੀ ਇਲਾਕੇ ਦੇ ਲੋਕ ਜਾਗ ਪਏ ਸਨ ਅਤੇ ਬਾਬੇ ਦਾ ਦੱਬ ਕੇ ਵਿਰੋਧ ਕੀਤਾ ਸੀ ਅਤੇ ਮਰਹੂਮ ਨੌਜਵਾਨ ਆਗੂ ਜਥੇਦਾਰ ਜਗਤਾਰ ਸਿੰਘ ਭੈਣੀ ਵਲੋਂ ਲੰਬਾ ਅਰਸਾ ਇਲਾਕੇ ਦੀਆਂ ਸੰਗਤਾਂ ਨਾਲ ਮਿਲ ਕੇ ਭਨਿਆਰੇ ਵਾਲੇ ਦਾ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਂਦਾ ਰਿਹਾ ਸੀ ਅਤੇ ਸਰਕਾਰ ਵੀ ਇਸ ਜਨਮ ਦਿਨ ਨੂੰ ਰੋਕਣ ਲਈ ਭਾਰੀ ਯਤਨ ਕਰਦੀ ਸੀ, ਪਰ ਇਸ ਵਾਰ ਨਾ ਸਿਰਫ਼ ਭਨਿਆਰੇ ਵਾਲੇ ਨੇ ਅਪਣਾ ਜਨਮ ਦਿਨ ਹੀ ਮਨਾਇਆ ਸਗੋਂ ਮਾਲਵੇ, ਦੁਆਬੇ ਅਤੇ ਮਾਝੇ ਤੋਂ ਵੀ ਸੰਗਤ ਬੁਲਾਈ ਗਈ ਸੀ। ਦਸਣਾ ਬਣਦਾ ਹੈ ਕਿ ਭਨਿਆਰੇ ਵਾਲੇ ਨੂੰ ਮਿਲਣ ਜਾਣ ਵਾਲੇ ਹਰ ਪੱਤਰਕਾਰ ਤੇ ਅਫ਼ਸਰ ਨੂੰ ਬਾਬਾ ਪ੍ਰਸਾਦ ਦੇ ਰੂਪ ਵਿਚ ਪੈਸੇ ਦਿੰਦਾ ਹੈ।