ਅੰਮ੍ਰਿਤਸਰ, 16 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਅਮਰੀਕ ਸਿੰਘ ਮੈਂਬਰ ਅੰਤ੍ਰਿਗ ਕਮੇਟੀ ਐਸ ਜੀ ਪੀ ਸੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ 'ਤੇ ਦੋਸ਼ ਲਾਇਆ ਕਿ ਉਹ ਸਿੱਖ ਮਾਣ ਮਰਿਆਦਾ ਬਰਕਰਾਰ ਰੱਖਣ 'ਚ ਬੁਰੀ ਤਰ੍ਹਾਂ ਅਸਫ਼ਲ ਹੋਏ ਹਨ, ਇਸ ਲਈ ਉਨ੍ਹਾਂ ਦੀ ਥਾਂ ਨਵਾਂ 'ਜਥੇਦਾਰ' ਨਿਯੁਕਤ ਕੀਤਾ ਜਾਵੇ। ਅਮਰੀਕ ਸਿੰਘ ਸ਼ਾਹਪੁਰ ਨੇ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਚ ਅੰਤ੍ਰਿਗ ਕਮੇਟੀ ਦੀ ਬੈਠਕ ਦੌਰਾਨ ਮਤਾ ਪੇਸ਼ ਕੀਤਾ। ਜਥੇਦਾਰ ਸ਼ਾਹਪੁਰ ਨੇ ਅੰਤ੍ਰਿਗ ਕਮੇਟੀ ਦੀ ਬੈਠਕ 'ਚ ਮਿਤੀ 6 ਨਵੰਬਰ 2017 ਦੇ ਮਤੇ ਨੰਬਰ 1216 ਦੇ ਹਵਾਲੇ ਨਾਲ ਕਿਹਾ ਕਿ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਉਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਪੋਹ ਸੁਦੀ ਸਤਵੀਂ 25 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਇਕੋ ਸਮੇਂ ਆਉਣ ਕਰ ਕੇ ਇਸ ਸਬੰਧੀ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਪਾਵਨ ਪ੍ਰਕਾਸ਼ ਪੁਰਬ ਦੀ ਤਰੀਕ ਪੰਜ ਜਨਵਰੀ 2018 ਕਰ ਦਿਤੀ ਜਾਵੇ ਤਾਂ ਜੋ ਸ਼ਹੀਦੀ ਦਿਹਾੜੇ ਸਿੱਖ ਭਾਵਨਾਵਾਂ ਮਨਾਏ ਜਾ ਸਕਣ। ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜੇ ਦੀ ਵਿਥਿਆ ਸੁਣ ਕੇ ਕਠੋਰ ਤੋਂ ਕਠੋਰ ਮਨ ਵੀ ਦਰਦ ਨਾਲ ਭਰ ਜਾਂਦਾ ਹੈ।
ਇਸ ਸੋਗਮਈ ਸਮੇਂ ਤੇ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਅਤੇ ਜਲੋਅ ਨੂੰ ਮਨਾਉਣਾ ਸਾਰਥਤ ਨਹੀਂ। ਪਰ 'ਜਥੇਦਾਰ' ਨੇ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਤਾਨਾਸ਼ਾਹ ਵਾਲਾ ਵਰਤਾਰਾ ਅਪਣਾ ਕੇ ਸਿੱਖ ਕੌਮ ਨੂੰ ਦੁਬਿਧਾ ਵਿਚ ਪਾ ਦਿਤਾ ਹੈ। ਅਮਰੀਕ ਸਿੰਘ ਸ਼ਾਹਪੁਰ ਅਨੁਸਾਰ ਇਕ ਪਾਸੇ ਸ਼ਹੀਦੀ ਸਾਕੇ ਦੀ ਵਿਥਿਆ ਸੁਣਾਈ ਜਾ ਰਹੀ ਸੀ ਤੇ ਦੂਸਰੇ ਪਾਸੇ ਖ਼ੁਸ਼ੀਆਂ-ਖੇੜਿਆਂ ਦਾ ਹੁਕਮ ਸੁਣਾ ਦਿਤਾ। ਇਸ ਤੋਂ ਛੁੱਟ 6 ਜਨਵਰੀ ਨੂੰ ਮੁੰਬਈ ਦੀ ਸੰਗਤ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਕੀਰਤਨ ਦਰਬਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਤਿਤ ਸਿੱਖ ਮੀਕਾ ਸਿੰਘ ਨੇ ਕੀਰਤਨ ਕੀਤਾ। ਇਸ ਮੌਕੇ 'ਜਥੇਦਾਰ' ਨੇ ਮੀਕਾ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ। ਸਿੱਖ ਰਹਿਤ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੇਵਲ ਅੰਮ੍ਰਿਤਧਾਰੀ ਸਿੰਘ ਹੀ ਕੀਰਤਨ ਕਰ ਸਕਦਾ ਹੈ। ਅਮਰੀਕ ਸਿੰਘ ਸ਼ਾਹਪੁਰ ਦਾ ਦੋਸ਼ ਹੈ ਕਿ ਇਸ ਸੱਭ ਕੁੱਝ ਲਈ 'ਜਥੇਦਾਰ' ਜ਼ੁੰਮੇਵਾਰ ਹੈ ਤੇ ਸਿੱਖ ਮਾਣ-ਸਨਮਾਨ ਨੂੰ ਢਾਹ ਲੱਗੀ ਹੈ। ਅਮਰੀਕ ਸਿੰਘ ਸ਼ਾਹਪੁਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੀ ਮੰਗ ਕੀਤੀ ਹੈ।