ਇੰਡਿਆਨਾ ਸੂਬੇ ਵਿਚ ਲਗਭਗ 10 ਹਜ਼ਾਰ ਹੈ ਸਿੱਖਾਂ ਦੀ ਆਬਾਦੀ
ਇੰਡਿਆਨਾਪੋਲਿਸ, 28 ਫ਼ਰਵਰੀ : ਅਮਰੀਕਾ ਦੇ ਇੰਡਿਆਨਾ ਸੂਬੇ ਦੀ ਸੰਸਦ ਦੇ ਦੋਹਾਂ ਸਦਨਾ ਨੇ ਦੇਸ਼ ਵਿਚ ਅਮਰੀਕੀ ਸਿੱਖਾਂ ਦੇ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਆਮ ਸਹਿਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ ਹੈ। ਹੇਠਲੇ ਸਦਨ ਜਾਂ ਪ੍ਰਤੀਨਿਧੀ ਸਭਾ ਨੇ ਅੱਜ ਸਿੱਖਾਂ ਸਬੰਧੀ ਪ੍ਰਸਤਾਵ ਪਾਸ ਕੀਤਾ ਹੈ। ਇਸ ਤੋਂ ਪਹਿਲਾ ਸੀਨੇਟ ਵਿਚ ਪਹਿਲਾਂ ਹੀ ਅਜਿਹਾ ਪ੍ਰਸਤਾਵ ਪਾਸ ਹੋ ਚੁੱਕਾ ਹੈ। ਸੀਨੇਟ ਨੂੰ ਉਪਰੀ ਸਦਨ ਦੇ ਤੌਰ 'ਤੇ ਜਾਣਿਆਂ ਜਾਂਦਾ ਹੈ। ਇੰਡਿਆਨਾ ਵਿਚ ਪ੍ਰਤੀਨਿਧੀ ਸਭਾ ਵਿਚ ਸਦਨ ਦੀ ਕਾਰਵਾਈ ਦੀ ਸ਼ੁਰੂ ਸਿੱਖ ਪ੍ਰਾਰਥਨਾ ਨਾਲ ਹੋਈ। ਇਥੇ ਸਿੱਖਾਂ ਦੀ ਲਗਭਗ 10 ਹਜ਼ਾਰ ਦੀ ਆਬਾਦੀ ਹੈ ਅਤੇ ਸਿੱਖਾਂ ਦੇ ਲਗਭਗ 3500 ਅਦਾਰੇ ਹਨ।
ਪ੍ਰਸਤਾਵ ਵਿਚ ਸਿੱਢਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਸਿੱਖ ਵੱਖ-ਵੱਖ ਕਾਰੋਬਾਰਾ ਅਤੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਉਹ ਅਮਰੀਕੀ ਹਥਿਆਰਬੰਦ ਫ਼ੌਜੀਆਂ ਦੇ ਦੇਸ਼ਭਗਤ ਮੈਂਬਰ ਹੋਣ ਦੇ ਨਾਲ ਹੀ ਉਹ ਅਪਣੀ ਧਾਰਮਕ ਆਜ਼ਾਦੀ ਦੇ ਪ੍ਰਤੀ ਵੀ ਚੌਕਸ ਹਨ। ਸੰਸਦ ਮੈਂਬਰ ਸਿੰਡੀ ਕਿਰਖੋਫ਼ਰ ਅਤੇ ਸਦਨ ਦੇ ਸਪੀਕਰ ਬ੍ਰਾਇਨ ਬੋਸਮਾ ਵਲੋਂ ਪੇਸ਼ ਪ੍ਰਸਤਾਵ ਵਿਚ ਕਿਹਾ ਗਿਆ ਕਿ ਸਿੱਖਾਂ ਵਲੋਂ ਅਮਰੀਕਾ ਦੀ ਵਫ਼ਾਦਾਰੀ ਭਰੀ ਸੇਵਾ ਪ੍ਰਸ਼ੰਸਾ ਦੀ ਹਕਦਾਰ ਹੈ। ਬੋਸਮਾ ਨੇ ਕਿਹਾ ਕਿ ਇੰਡਿਆਨਾ ਵਿਚ ਵਧਦੇ ਸਿੱਖ ਲਗਾਤਾਰ ਸੂਬੇ ਲਈ ਸ਼ਾਨਦਾਰ ਯੋਗਦਾਨ ਕਰ ਰਹੇ ਹਨ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਿੱਖਾਂ ਦੇ ਯੋਗਦਾਨ ਨੂੰ ਸਦਨ ਵਿਚ ਮਾਨਤਾ ਦੇ ਰਹੇ ਹਨ। (ਪੀ.ਟੀ.ਆਈ.)