ਅਮਰੀਕਾ ਵਿਚ ਮੇਅਰ ਅਹੁਦੇ ਦੇ ਸਿੱਖ ਉਮੀਦਵਾਰ ਨੂੰ ਅਤਿਵਾਦੀ ਕਰਾਰ ਦਿਤੇ ਜਾਣ ਵਾਲੇ ਪੋਸਟਰ ਲਗਾਏ

ਪੰਥਕ, ਪੰਥਕ/ਗੁਰਬਾਣੀ

ਨਿਊਯਾਰਕ, 5 ਨਵੰਬਰ: ਅਮਰੀਕਾ ਦੇ ਨਿਊਜਰਸੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ਵਿਚ ਖੜੇ ਇਕ ਸਿੱਖ ਉਮੀਦਵਾਰ ਨੂੰ ਅਤਿਵਾਦੀ ਕਰਾਰ ਦਿਤੇ ਜਾਣ ਵਾਲੇ ਪੋਸਟਰ ਲਾਏ ਗਏ ਹਨ। ਹੋਬੋਕੇਨ ਦੀਆਂ ਮੇਅਰ ਚੋਣਾਂ ਵਿਚ ਸਿੱਖ ਉਮੀਦਵਾਰ ਰਵਿੰਦਰ ਭੱਲਾ 'ਤੇ ਨਿਸ਼ਾਨਾ ਸਾਧਦੇ ਹੋਏ ਬੀਤੇ ਸ਼ੁਕਰਵਾਰ ਦੀ ਰਾਤ ਨੂੰ ਕਾਰ 'ਤੇ ਇਹ ਪੋਸਟਰ ਲਾਏ ਗਏ।
ਪੋਸਟਰ 'ਤੇ ਲਿਖਿਆ ਗਿਆ ਸੀ, ''ਅਪਣੇ ਸ਼ਹਿਰ ਵਿਚ ਅਤਿਵਾਦ ਨੂੰ ਹੱਲਾ-ਸ਼ੇਰੀ ਨਾ ਦਿਉ।'' ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਇਹ ਪੋਸਟਰ ਉਨ੍ਹਾਂ ਪੋਸਟ ਕਾਰਡ ਦਾ ਸੋਧਿਆ ਹੋਇਆ ਰੂਪ ਲੱਗਦੇ ਹਨ ਜੋ ਮੇਅਰ ਅਹੁਦੇ ਦੇ ਇਕ ਹੋਰ ਉਮੀਦਵਾਰ ਮਾਈਕ ਡੀਫ਼ਯੂਸਕੋ ਵਲੋਂ ਲੋਕਾਂ ਨੂੰ ਭੇਜੇ ਗਏ ਸਨ। ਸਿੱਖ ਉਮੀਦਵਾਰ ਨੂੰ ਅਤਿਵਾਦੀ ਦਸਣ ਦੇ ਇਸ ਕਦਮ ਦੀ ਅਧਿਕਾਰੀਆਂ ਨੇ ਨਿੰਦਾ ਕੀਤੀ ਹੈ।
ਡੀਫ਼ਯੂਸਕੋ ਨੇ ਵੀ ਰਵਿੰਦਰ ਭੱਲਾ ਨੂੰ ਅਤਿਵਾਦੀ ਦਸਣ ਵਾਲੇ ਪੋਸਟਰ ਮਾਮਲੇ ਦੀ ਨਿੰਦਾ ਕੀਤੀ ਹੈ। ਭੱਲਾ ਨੇ ਇਕ ਬਿਆਨ ਵਿਚ ਕਿਹਾ, ''ਅਸੀਂ ਹੋਬੋਕੇਨ ਵਿਚ ਨਫ਼ਰਤ ਨੂੰ ਨਹੀਂ ਜਿੱਤਣ ਦੇਵਾਂਗੇ। ਇਸ ਮੌਕੇ ਬਸ ਮੈਂ ਇਹ ਹੀ ਕਹਾਂਗਾ ਕਿ ਮੈਂ ਇਕ-ਦੂਜੇ ਨੂੰ ਅਤੇ ਅਪਣੇ ਬੱਚਿਆਂ ਨੂੰ ਕਈ ਭਾਈਚਾਰੇ ਵਿਚ ਰਹਿਣ ਵਾਲਿਆਂ ਨੂੰ ਉਸ ਕੀਮਤ ਬਾਰੇ ਦਸਣਾ ਚਾਹੁੰਦਾ ਹੈ ਕਿ ਜਿਥੇ ਸਾਡੀ ਪਰਖ ਅਪਣੇ ਚਰਿੱਤਰ ਤੋਂ ਹੁੰਦੀ ਹੈ, ਨਾ ਕਿ ਰੰਗ ਤੋਂ।'' ਉਧਰ ਸੈਨੇਟਰ ਕੋਰੀ ਬੂਕਰ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। (ਪੀ.ਟੀ.ਆਈ)