ਅਮਰੀਕਾ ਵਿਚ ਸਿੱਖ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਪੰਥਕ, ਪੰਥਕ/ਗੁਰਬਾਣੀ


ਵਾਸ਼ਿੰਗਟਨ, 2 ਸਤੰਬਰ: ਅਮਰੀਕਾ ਵਿਚ 22 ਸਾਲਾ ਸਿੱਖ ਨੌਜਵਾਨ ਗਗਨਦੀਪ ਸਿੰਘ ਦਾ ਉਸ ਦੀ ਹੀ ਟੈਕਸੀ ਵਿਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਸ਼ਹਿਰ ਜਲੰਧਰ ਦਾ ਰਹਿਣ ਵਾਲਾ ਗਗਨਦੀਪ ਸਿੰਘ 2003 ਤੋਂ ਵਾਸ਼ਿੰਗਟਨ ਵਿਚ ਰਹਿ ਰਿਹਾ ਸੀ। ਵਾਸ਼ਿਗਟਨ ਵਿਚ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਉਹ ਟੈਕਸੀ ਵੀ ਚਲਾਉਂਦਾ ਸੀ।
ਜਾਣਕਾਰੀ ਅਨੁਸਾਰ ਯੂਨੀਵਰਸਟੀ ਵਿਚ ਦਾਖ਼ਲਾ ਨਾ ਮਿਲਣ ਤੋਂ ਗੁੱਸੇ ਵਿਚ ਆਏ ਅਮਰੀਕਾ ਦੇ ਇਕ ਵਿਦਿਆਰਥੀ ਨੇ ਸਾਫ਼ਟਵੇਅਰ ਇੰਜਨੀਅਰਿੰਗ ਦੇ 22 ਸਾਲਾ ਸਿੱਖ ਵਿਦਿਆਰਥੀ ਦਾ ਉਸ ਦੀ ਹੀ ਟੈਕਸੀ ਵਿਚ ਚਾਕੂ ਮਾਰ ਕੇ ਕਤਲ ਕਰ ਦਿਤਾ। ਤੀਜੇ ਸਾਲ ਦਾ ਵਿਦਿਆਰਥੀ ਹੋਣ ਦੇ ਨਾਲ-ਨਾਲ ਮ੍ਰਿਤਕ ਗਗਨਦੀਪ ਸਿੰਘ ਟੈਕਸੀ ਡਰਾਈਵਰ ਵਜੋਂ ਕੰਮ ਵੀ ਕਰਦਾ ਸੀ ਜਿਸ 'ਤੇ 19 ਸਾਲਾ ਅਮਰੀਕੀ ਨੌਜਵਾਨ ਨੇ ਹਮਲਾ ਕਰ ਦਿਤਾ। ਮੁਲਜ਼ਮ ਨੇ 2 ਅਗੱਸਤ ਨੂੰ ਵਾਸ਼ਿੰਗਟਨ ਸਥਿਤ ਸਪੋਕਨੇ ਹਵਾਈ ਅੱਡੇ ਤੋਂ ਗਗਨਦੀਪ ਸਿੰਘ ਦੀ ਟੈਕਸੀ 'ਤੇ ਸਵਾਰ ਹੋਇਆ ਸੀ। ਮੁਲਜ਼ਮ ਦੀ ਪਛਾਣ ਜੈਕਬ ਕੋਲਮੈਨ ਵਜੋਂ ਹੋਈ ਹੈ ਜਿਸ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜੈਕਬ ਗੋਨਜ਼ਗਾ ਯੂਨੀਵਰਸਟੀ ਵਿਚ ਦਾਖ਼ਲ ਲੈਣ ਲਈ ਸਪੋਕਨੇ ਆਇਆ ਸੀ ਪਰ ਜਦ ਉਹ ਯੂਨੀਵਰਸਟੀ ਪੁੱਜਾ ਤਾਂ ਉਸ ਨੂੰ ਯੂਨੀਵਰਸਟੀ ਵਿਚ ਜਾਣ ਨਾ ਦਿਤਾ ਗਿਆ ਜਿਸ ਤੋਂ ਬਾਅਦ ਉਹ ਗੁੱਸੇ ਵਿਚ ਆ ਗਿਆ। ਇਕ ਰੀਪੋਰਟ ਵਿਚ ਯੂਨੀਵਰਸਟੀ ਵਲੋਂ ਕਿਹਾ ਗਿਆ ਕਿ ਜੈਕਬ ਵਲੋਂ ਯੂਨੀਵਰਸਟੀ ਵਿਚ ਦਾਖ਼ਲਾ ਲੈਣ ਲਈ ਅਰਜ਼ੀ ਮਿਲੀ ਹੋਣ ਦਾ ਕੋਈ ਰੀਕਾਰਡ ਨਹੀਂ ਹੈ। ਪੁਲਿਸ ਨੇ ਦਸਿਆ ਕਿ ਯੂਨੀਵਰਸਟੀ ਵਿਚ ਜਾਣ ਤੋਂ ਰੋਕੇ ਜਾਣ ਤੋਂ ਬਾਅਦ ਜੈਕਬ ਨੇ ਗਗਨਦੀਪ ਸਿੰਘ ਦੀ ਟੈਕਸੀ ਬੁਕ ਕੀਤੀ ਅਤੇ ਗਗਨਦੀਪ ਸਿੰਘ ਨੂੰ ਬੋਨਰ ਕਾਊਂਟੀ ਸਥਿਤ ਉਸ ਦੇ ਦੋਸਤ ਦੇ ਘਰ ਜਾਣ ਲਈ ਕਿਹਾ। ਪੁਲਿਸ ਵਲੋਂ ਕੀਤੀ ਗਈ ਪੁਛ-ਪੜਤਾਲ ਵਿਚ ਜੈਕਬ ਨੇ ਮੰਨਿਆ ਕਿ ਟੈਕਸੀ ਵਿਚ ਯਾਤਰਾ ਕਰਦੇ ਸਮੇਂ ਉਸ ਨੂੰ ਕਾਫ਼ੀ ਗੁੱਸਾ ਆ ਗਿਆ ਅਤੇ ਇਕ ਦੁਕਾਨ 'ਤੇ ਟੈਕਸੀ ਰੁਕਣ ਉਤੇ ਉਸ ਨੇ ਇਕ ਚਾਕੂ ਖ਼ਰੀਦਿਆ। ਕੂਟਨਾਈ ਸ਼ਹਿਰ ਵਿਚ ਪੁੱਜਣ 'ਤੇ ਗਗਨਦੀਪ ਸਿੰਘ ਨੇ ਅਪਣੀ ਟੈਕਸੀ ਰੋਕ ਦਿਤੀ ਕਿਉਂਕਿ ਉਸ ਨੂੰ ਲੱਗਾ ਕਿ ਉਸ ਨੂੰ ਗ਼ਲਤ ਥਾਂ ਵਲ ਲਿਜਾਇਆ ਜਾ ਰਿਹਾ ਹੈ। ਇਸ ਥਾਂ 'ਤੇ ਹੀ ਜੈਕਬ ਨੇ ਗਗਨਦੀਪ ਸਿੰਘ 'ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਗਨਦੀਪ ਸਿੰਘ ਦੇ ਭਰਾ ਬਲਜੀਤ ਸਿੰਘ ਨੇ ਕਿਹਾ ਕਿ ਉਸ ਦੀ ਆਖ਼ਰੀ ਵਾਰ ਗੱਲਬਾਤ ਅਪਣੀ ਮਾਤਾ ਨਾਲ ਹੋਈ ਸੀ।  (ਪੀ.ਟੀ.ਆਈ.)