ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਢੁਕਵਾਂ ਕਾਨੂੰਨ ਬਣਾਵੇ ਸਿੱਕਮ ਸਰਕਾਰ : ਸਿਰਸਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 30 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਚੈਮਲਿੰਗ ਨੂੰ ਅਪੀਲ ਕੀਤੀ ਹੈ ਕਿ ਰਾਜ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਸਤੇ ਸੂਬਾ ਵਿਧਾਨ ਸਭਾ ਵਿਚ ਢੁਕਵਾਂ ਕਾਨੂੰਨ ਪਾਸ ਕੀਤਾ ਜਾਵੇ।
ਸ. ਸਿਰਸਾ ਨੇ ਅਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਸਿੱਕਮ ਸਰਕਾਰ ਵਲੋਂ ਸੂਚਿਤ ਕੀਤਾ ਗਿਆ ਹੈ ਕਿ 1909 ਵਿਚ ਜਦੋਂ ਆਨੰਦ ਮੈਰਿਜ ਐਕਟ ਬਣਿਆ ਸੀ, ਉਸ ਵੇਲੇ ਸਿੱਕਮ ਭਾਰਤ ਦਾ ਹਿੱਸਾ ਨਹੀਂ ਸੀ, ਇਸ ਲਈ ਇਸ ਰਾਜ ਵਿਚ ਆਨੰਦ ਮੈਰਿਜ ਸੋਧ ਐਕਟ 2012 ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਕਮ ਹੁਣ ਭਾਰਤ ਦਾ ਹਿੱਸਾ ਹੈ ਤੇ ਦੇਸ਼ ਦੀ ਸੰਸਦ ਵਲੋਂ ਪਾਸ ਕੀਤਾ ਗਿਆ ਹਰ ਕਾਨੂੰਨ ਰਾਜਾਂ 'ਤੇ ਲਾਗੂ ਹੁੰਦਾ ਹੈ ਤੇ ਸਿੱਕਮ ਦੇ ਮਾਮਲੇ ਵਿਚ ਵੀ ਅਜਿਹਾ ਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਤਿਹਾਸਕ ਖ਼ਾਮੀ ਅਜਿਹੀ ਨੀਤੀ ਲਾਗੂ ਕਰਨ ਦੇ ਰਾਹ ਵਿਚ ਰੁਕਾਵਟ ਨਹੀਂ ਬਣ ਸਕਦੀ ਜਿਸ ਦਾ ਭਾਰਤੀ ਨਾਗਰਿਕ ਨੂੰ ਲਾਭ ਮਿਲਣਾ ਹੋਵੇ। ਉਨ੍ਹਾਂ ਕਿਹਾ ਕਿ ਸਿੱਕਮ ਵਿਚ ਰਹਿੰਦਾ ਸਿੱਖ ਵੀ ਭਾਰਤ ਸਰਕਾਰ ਵਲੋਂ ਦਿਤੇ ਜਾ ਰਹੇ ਲਾਭ ਹਾਸਲ ਕਰਨ ਦਾ ਪੂਰਾ ਹੱਕਦਾਰ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਕਾਨੂੰਨੀ ਰਾਇ ਲੈਣ ਤੇ ਸੰਸਦ ਵਲੋਂ ਪਾਸ ਕੀਤਾ ਐਕਟ ਲਾਗੂ ਕਰਨ ਵਾਸਤੇ ਢੁਕਵਾਂ ਕਾਨੂੰਨ ਤਿਆਰ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਵਲੋਂ ਵੀ ਸਿੱਕਮ ਵਿਚ ਸਰਕਾਰ ਬਣਾਉਣ ਸਮੇਂ ਵੋਟ ਪਾ ਕੇ ਅਪਣਾ ਯੋਗਦਾਨ ਪਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਵਾਜਬ ਅਧਿਕਾਰਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਸ. ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਵੀ ਮਾਮਲੇ ਵਿਚ ਕਾਨੂੰਨੀ ਰਾਇ ਲਵੇਗੀ ਤੇ ਇਸ ਐਕਟ ਨੂੰ ਸਿੱਕਮ ਵਿਚ ਲਾਗੂ ਕਰਵਾਉਣ ਵਾਸਤੇ ਲੋੜੀਂਦਾ ਹਰ ਕਦਮ ਚੁਕੇਗੀ ਤਾਕਿ ਸਿੱਕਮ ਵਿਚ ਰਹਿੰਦੇ ਸਿੱਖਾਂ ਨੂੰ ਇਸ ਐਕਟ ਦਾ ਲਾਭ ਮਿਲ ਸਕੇ ਤੇ ਉਹ ਵੀ ਆਨੰਦ ਮੈਰਿਜ ਸੋਧ ਐਕਟ 2012 ਤਹਿਤ ਅਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣ।