ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਛੱਤੀਸਗੜ੍ਹ ਬਣਿਆ ਸਤਵਾਂ ਰਾਜ

ਪੰਥਕ, ਪੰਥਕ/ਗੁਰਬਾਣੀ



ਪਟਿਆਲਾ, 26 ਸਤੰਬਰ (ਜਗਤਾਰ ਸਿੰਘ) : ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ  ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨਾਲ ਮੁਲਾਕਾਤ ਕੀਤੀ ਤੇ ਸੂਬੇ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ 'ਤੇ ਉਨ੍ਹਾਂ ਦਾ ਧਨਵਾਦ ਕੀਤਾ।
ਇਸ ਮੌਕੇ ਸ. ਸਿਰਸਾ ਨੇ ਰਮਨ ਸਿੰਘ ਨੂੰ ਦਸਿਆ ਕਿ 108ਵਰ੍ਹੇ ਪਹਿਲਾਂ ਇਹ ਐਕਟ 1909 ਵਿਚ ਗਵਰਨਰ ਜਨਰਲ ਦੀ ਅਗਵਾਈ ਹੇਠਲੀ ਇੰਪੀਰੀਅਲ ਲੈਜਿਸਲੇਟਿਵ ਕੌਂਸਲ  ਵਲੋਂ ਤਿਆਰ ਕੀਤਾ ਗਿਆ ਸੀ ਤਾਕਿ ਸਿੱਖਾਂ ਲਈ ਆਨੰਦ ਮੈਰਿਜ ਨੂੰ ਕਾਨੂੰਨੀ ਮਾਨਤਾ ਦਿਤੀ ਜਾ ਸਕੇ। ਸਾਲ 2012 ਵਿਚ ਸੰਸਦ ਨੇ ਇਸ ਵਿਚ ਸੋਧ ਕੀਤੀ ਤੇ ਇਸ ਨੂੰ ਆਨੰਦ ਮੈਰਿਜ  ਸੋਧ ਐਕਟ 2012 ਦਾ ਨਾਂਅ ਦਿਤਾ ਗਿਆ ਤੇ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਸ ਵਿਚ ਆਨੰਦ ਮੈਰਿਜ ਨੂੰ ਸਿੱਖਾਂ ਦੇ ਰਵਾਇਤੀ ਸ਼ਬਦ 'ਆਨੰਦ ਕਾਰਜ' ਲਿਖਣ ਦੀ ਸ਼ੁਰੂਆਤ ਕੀਤੀ ਗਈ।

ਸ. ਸਿਰਸਾ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਛਤੀਸਗੜ੍ਹ ਇਹ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਸਤਵਾਂ ਰਾਜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਇੱਛਾ ਸੀ ਕਿ ਇਹ ਐਕਟ  ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋਵੇ ਅਤੇ ਉਹ ਜਿਹੜੇ ਰਾਜਾਂ ਵਿਚ ਇਹ ਐਕਟ ਲਾਗੂ ਨਹੀਂ ਹੋਇਆ, ਉਸ ਨੂੰ ਲਾਗੂ ਕਰਵਾਉਣ ਵਾਸਤੇ ਕੰਮ ਕਰ ਰਹੇ ਹਨ।