ਅਪਣੀ ਜ਼ਿੰਮੇਵਾਰੀ ਤੋਂ ਮੁੜ ਭੱਜੇ ਜਥੇਦਾਰ

ਪੰਥਕ, ਪੰਥਕ/ਗੁਰਬਾਣੀ



ਨੰਗਲ, 8 ਸਤੰਬਰ (ਕੁਲਵਿੰਦਰ ਭਾਟੀਆ): ਸੌਦਾ ਸਾਧ, ਆਸ਼ਤੋਸ਼ੀਆਂ ਅਤੇ ਭਨਿਆਰੇ ਵਾਲੇ ਸਿਰ ਚੁਕਦੇ ਹੀ ਰਹਿਣਗੇ ਅਤੇ ਇਸ ਦਾ ਖਮਿਆਜ਼ਾ ਆਮ ਸਿੱਖ ਅਪਣੀਆਂ ਜਾਨਾਂ ਦੇ ਕੇ ਚੁਕਾਉਂਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਚੁਕਾਉਂਦੇ ਰਹਿਣਗੇ ਕਿਉਂਕਿ ਸਾਡੇ ਧਾਰਮਕ ਆਗੂ ਇਨ੍ਹਾਂ ਚੋਬਰਿਆਂ ਵਿਰੁਧ ਬੋਲਣ ਦੀ ਹਿੰਮਤ ਹੀ ਨਹੀਂ ਜੁਟਾ ਪਾਉਂਦੇ।

ਪਿਛਲੇ ਦਿਨੀਂ ਭਨਿਆਰੇ ਸਾਧ ਵਲੋਂ ਫਿਰ ਸਿਰ ਚੁਕਿਆ ਗਿਆ ਤਾਂ ਕੋਈ ਵੀ ਜਥੇਦਾਰ ਜਾਂ ਬਾਬਾ ਨਾ ਬੋਲਿਆ ਅਤੇ ਹਰ ਵਾਰ ਦੀ ਤਰ੍ਹਾਂ ਕੌਮ ਪ੍ਰਤੀ ਅਪਣੀ ਜ਼ਿੰਮੇਵਾਰੀ ਸਮਝਦਿਆਂ ਸਪੋਕਸਮੈਨ ਨੇ ਇਹ ਮੁੱਦਾ ਚੁਕਿਆ ਅਤੇ ਇਸ ਦਾ ਪ੍ਰਤੀਕ੍ਰਮ ਇਹ ਹੋਇਆ ਕਿ ਭਾਵੇਂ ਜਥੇਦਾਰ ਨਾ ਜਾਗੇ ਪਰ ਸਪੋਕਸਮੈਨ ਦੀ ਲਗਾਤਾਰ ਕਵਰੇਜ ਤੋਂ ਬਾਅਦ ਕਈ ਵੈੱਬ ਚੈਨਲਾਂ ਨੇ ਸਪੋਸਕਮੈਨ ਦਾ ਹਵਾਲਾ ਦੇ ਕੇ ਖ਼ਬਰਾਂ ਦਿਤੀਆਂ ਅਤੇ ਪੰਜਾਬ ਦੇ ਇਕ ਮਸ਼ਹੂਰ ਨਿਉਜ਼ ਚੈਨਲ ਵਲੋਂ ਵੀ ਇਸ ਦੀ ਕਵਰੇਜ ਕੀਤੀ ਗਈ।

ਹੁਣ ਜੇ ਗੱਲ ਕਰੀਏ ਅਪਣੇ ਜਥੇਦਾਰਾਂ ਦੀ ਤਾਂ ਸਿੱਖ ਮੂੰਹ ਵਿਚ ਉਂਗਲੀ ਦੇ ਰਹਿ ਜਾਣਗੇ। ਸਪੋਕਸਮੈਨ ਦੇ ਪੱਤਰਕਾਰ ਵਲੋਂ ਇਸ ਦੇ ਲਈ ਦੋ ਦਿਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਫ਼ੋਨ ਕੀਤੇ ਤਾਂ ਉਨ੍ਹਾਂ ਦੇ ਇਕ ਪੀ.ਏ. ਬੋਲਦੇ ਰਹੇ ਅਤੇ ਉਨ੍ਹਾਂ ਕਈ ਤਰ੍ਹਾਂ ਦੀਆਂ ਇਨਕੁਆਰੀਆਂ ਵੀ ਕੀਤੀਆਂ।

ਹਲਾਤ ਇਥੋਂ ਤਕ ਰਹੇ ਕਿ ਪੱਤਰਕਾਰ ਵਲੋਂ ਅਪਣੀਆਂ ਖ਼ਬਰਾਂ ਅਤੇ ਭਨਿਆਰੇ ਸਾਧ ਦੇ ਲਗਾਏ ਇਸ਼ਤਿਹਾਰ ਵੀ ਵਟਸਐਪ ਕਰ ਦਿਤੇ ਪਰ ਅੱਜ ਇਕ ਹਫ਼ਤਾ ਬੀਤਣ ਬਾਅਦ ਵੀ ਜਥੇਦਾਰ ਸਾਹਿਬ ਦਾ ਕੋਈ ਸੁਨੇਹਾ ਨਹੀਂ ਆਇਆ ਜਿਸ ਤੋਂ ਸਾਫ਼ ਜ਼ਾਹਰ ਸੀ ਕਿ ਸੌਦਾ ਸਾਧ ਨੂੰ ਘਰੇ ਬੈਠੇ ਮੁਆਫ਼ ਕਰਨ ਵਾਲਾ, ਵਭਭਾਗ ਸਿੰਘ ਨੂੰ ਕਲੀਨ ਚਿੱਟ ਦੇਣ ਵਾਲਾ ਗੁਰਬਚਨ ਸਿੰਘ ਇਕ ਵਾਰ ਫਿਰ ਅਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਇਥੇ ਹੀ ਬੱਸ ਨਹੀਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤਤਕਾਲੀ ਜਥੇਦਾਰ ਜਿਨ੍ਹਾਂ ਅਪਣੇ ਸਿਆਸੀ ਆਗੂਆਂ ਤੇ ਕਹਿਣ 'ਤੇ ਜੋਗਿੰਦਰ ਸਿੰਘ ਸਪੋਕਸਮੈਨ ਵਿਰੁਧ ਹੁਕਮਨਾਮਾ ਜਾਰੀ ਕਰਨ ਨੂੰ ਇਕ ਮਿੰਟ ਲਗਾਇਆ ਸੀ, ਨੇ ਫ਼ੋਨ ਚੁਕਿਆ ਤਾਂ ਸਵਾਲ ਕੀਤਾ ਕਿ 'ਭਨਿਆਰੇ ਵਾਲਾ ਕੋਣ ਹੈ' ਅਤੇ ਕਿਹਾ ਕਿ ਤੁਸੀਂ ਪ੍ਰਿੰਥੀਪਾਲ ਸਿੰਘ ਨਾਲ ਗੱਲ ਕਰ ਲਉ ਜਾਂ ਤੁਹਾਨੂੰ ਉਨ੍ਹਾਂ ਦਾ ਫ਼ੋਨ ਆਏਗਾ। ਅੱਜ ਕਈ ਦਿਨ ਬੀਤਣ ਤੇ ਵੀ ਪ੍ਰਿਥੀਪਾਲ ਸਿੰਘ ਨਹੀਂ ਬਹੁੜੇ।

ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਅਪਣੇ ਸਿਧਾਂਤਾਂ ਲਈ ਭਾਰਤੀ ਹਕੂਮਤ ਨਾਲ ਲੋਹਾ ਲਿਆ ਅਤੇ ਅਜਿਹੇ ਸਮੇਂ ਤੇ ਉਨ੍ਹਾਂ ਦੇ ਅੰਗ ਸੰਗ ਖੜੀ ਹੋਈ ਉਨ੍ਹਾਂ ਦੀ ਸੱਭ ਤੋਂ ਪਿਆਰੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਤੋਂ ਸਪੋਕਸਮੈਨ ਦੇ ਪੱਤਰਕਾਰ ਨੇ ਬੜੀ ਆਸ ਕੀਤੀ ਅਤੇ ਫ਼ੈਡਰੇਸ਼ਨ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਨੂੰ ਫ਼ੋਨ ਕਰ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਦੇ ਗਰੇਵਾਲ ਸਾਹਿਬ ਨਾਲ ਗੱਲ ਕਰ ਕੇ ਦਸਣਗੇ। ਜਦ ਉਨ੍ਹਾਂ ਨੂੰ ਦੁਬਾਰਾ ਫ਼ੋਨ ਕੀਤਾ ਤਾਂ ਉਨ੍ਹਾ ਕਿਹਾ ਕਿ ਅਜੇ ਰੁਕ ਲਉ, ਗਰੇਵਾਲ ਸਾਹਿਬ ਕਹਿੰਦੇ ਨੇ ਰੁਕ ਕੇ ਗੱਲ ਕਰਾਂਗੇ। ਜਦਕਿ ਅੱਜ ਕਲ ਇਹੀ ਸ੍ਰੀਮਾਨ ਇਕ ਮਜ਼ਾਰ ਨੂੰ ਗੁਰਦਵਾਰਾ ਬਣਾਉਣ ਲਈ ਚਿੱਠੀਆਂ ਲਿਖ ਰਹੇ ਹਨ ਅਤੇ ਇਨ੍ਹਾਂ ਨੂੰ ਮਜ਼ਾਰ ਦਾ ਗੁਰਦਾਵਾਰਾ ਬਣਾਉਣਾ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਦੇ ਸਿਰ ਚੁੱਕਣ ਤੋਂ ਜ਼ਿਆਦਾ ਜ਼ਰੂਰੀ ਲਗਦਾ ਹੈ।

ਇਥੇ ਹੀ ਬੱਸ ਨਹੀਂ, ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਸਵਾਲ ਸੀ ਕਿ ਭਨਿਆਰਾ ਵਾਲਾ ਅਜੇ ਹੈ, ਉਸ ਦਾ ਕੀ ਬਣਿਆ? ਜਦ ਉਨ੍ਹਾਂ ਨੂੰ ਦਸਿਆ ਕਿ ਉਸ ਨੂੰ ਤਿੰਨ ਸਾਲ ਦੀ ਸਜ਼ਾ ਹੋ ਗਈ ਸੀ ਤਾਂ ਅਗਲਾ ਸਵਾਲ ਸੀ ਕਿ 'ਅੰਦਰ ਹੈ ਜਾਂ ਬਾਹਰ'। ਜਦ ਸ. ਬਡੂੰਗਰ ਨੂੰ ਦਸਿਆ ਗਿਆ ਕਿ ਪਿਛਲੇ ਦਿਨੀਂ ਭਨਿਆਰੇ ਸਾਧ ਵਿਰੁਧ ਸਪੋਕਸਮੈਨ ਨੇ ਕਈ ਖ਼ਬਰਾਂ ਛਾਪੀਆਂ ਸਨ ਤਾਂ ਉਨ੍ਹਾ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਲੱਗਾ।  ਖ਼ੈਰ ਜਦ ਪੱਤਰਕਾਰ ਵਲੋਂ ਭਨਿਆਰੇ ਦੀ ਸਾਰੀ ਕਥਾ ਸੁਣਾਈ ਤਾ ਬਡੂੰਗਰ ਸਾਹਿਬ ਨੂੰ ਸਮਝ ਲੱਗੀ ਤੇ ਉਨ੍ਹਾਂ ਕਿਹਾ ਕਿ ਤਿੰਨ ਸਾਲ ਦੀ ਸਜ਼ਾ ਹੋਈ, ਸਾਧ ਭਨਿਆਰਾ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ, ਸ਼੍ਰੋਮਣੀ ਕਮੇਟੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਐਗਜ਼ੈਕਟਿਵ ਦੀ ਕਮੇਟੀ ਦੀ ਮੀਟਿੰਗ ਵਿਚ ਇਹ ਮੁੱਦਾ ਰਖਿਆ ਜਾਵੇਗਾ ਅਤੇ ਸਰਕਾਰ ਨੂੰ ਵੀ ਲਿਖਿਆ ਜਾਵੇਗਾ।

ਅੱਜ ਦੇ ਹਾਲਾਤ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਕੌਮ ਨੂੰ ਜਥੇਦਾਰਾਂ ਦੀ ਘੱਟ ਅਤੇ ਸਪੋਕਸਮੈਨ ਵਰਗੀ ਅਖ਼ਬਾਰ ਤੇ ਭਿੰਡਰਾਵਾਲਿਆਂ ਵਰਗੇ ਸੰਤ ਦੀ ਜ਼ਿਆਦਾ ਦੀ ਜ਼ਿਆਦਾ ਲੋੜ ਹੈ।