ਆਰਐਸਐਸ ਲਈ ਸੌਦਾ ਸਾਧ ਦੇਸ਼ ਭਗਤ ਬਾਬਾ ਸੀ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ

ਪੰਥਕ, ਪੰਥਕ/ਗੁਰਬਾਣੀ


ਅੰਮ੍ਰਿਤਸਰ, 31 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਵਿਰਸਾ ਸਿੰਘ ਬਹਿਲਾਂ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ, ਜਗਦੀਪ ਸਿੰਘ ਰੰਧਾਵਾ ਕਾਨੂੰਨੀ ਸਲਾਹਕਾਰ ਅਤੇ ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ ਮਨੁੱਖੀ ਅਧਿਕਾਰ ਸੰਗਠਨ ਨੇ ਮੀਟਿੰਗ ਕਰਨ ਉਪ੍ਰੰਤ ਕਿਹਾ ਹੈ ਕਿ ਭਾਈ ਦਿਲਾਵਾਰ ਸਿੰਘ ਨੇ ਮਹਾਨ ਸ਼ਹਾਦਤ ਦੇ ਕੇ ਬੇਅੰਤ ਸਿੰਘ ਨੂੰ ਸਜ਼ਾ ਦਿਤੀ ਅਤੇ ਜੰਗਲ ਰਾਜ ਦੇ ਖ਼ਾਤਮੇ ਦਾ ਮੁੱਢ ਬੰਨ੍ਹਿਆ।
ਸਿੱਖੀ ਉਪਰ ਹਾਵੀ ਮਲਕ ਭਾਗੋਆ ਦੇ ਅਜੋਕੇ ਵਾਰਸ ਲਗਾਤਾਰ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਬਚਾਉਂਦੇ ਰਹੇ। ਆਗੂਆਂ ਨੇ ਕਿਹਾ ਕਿ ਆਰਐਸਐਸ ਲਈ ਸੌਦਾ ਸਾਧ ਦੇਸ਼ ਭਗਤ ਬਾਬਾ ਸੀ।  ਬਾਦਲ, ਭਾਜਪਾ ਦੀ ਸਰਕਾਰ ਪੂਰੇ 15 ਸਾਲ ਪੰਜਾਬ ਵਿਚ ਰਹੀ ਪਰ ਇਕ ਵੀ ਝੂਠਾ ਮੁਕਾਬਲਾ ਪੰਜਾਬ  'ਚ ਨਜ਼ਰ ਨਾ ਆਇਆ।
ਇਥੋਂ ਤਕ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਚਾਉਣ ਵਾਲੇ ਅਕਾਲ ਤਖ਼ਤ ਤੋਂ ਹੀ ਫਖ਼ਰ-ਏ-ਕੌਮ ਨਾਮ ਨਾਲ ਸਨਮਾਨਤ ਹੁੰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਵਰਗੇ ਜਿਨ੍ਹਾਂ ਨੇ 21 ਨੌਜਵਾਨ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਵਾਏ ਅਤੇ ਬੇਅੰਤ ਸਿੰਘ ਦੀ ਸਰਕਾਰ ਨੇ ਦਸੰਬਰ 1992 ਵਿਚ ਸ਼ਹੀਦ ਕੀਤੇ ਉਨ੍ਹਾਂ ਦੇ ਨਾਮ ਨਸ਼ਰ ਕਰਨ ਵਿਚ ਅਸਫ਼ਲ ਰਹੇ। ਉਕਤ ਆਗੂਆਂ ਕਿਹਾ ਕਿ ਫਿਰਕੂ ਰਾਜਨੀਤੀ ਨੇ 1947 ਵਿਚ ਦੇਸ਼ ਦੀ ਵੰਡ ਕਰਾ ਕੇ ਮਨੁੱਖਤਾ ਦਾ ਭਾਰੀ ਕਤਲ-ਏ-ਆਮ ਕਰਾਇਆ। ਇਸੇ ਰਾਜਨੀਤੀ ਕਾਰਨ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਨਵੰਬਰ 1984 ਕਤਲੇਆਮ ਹੋਏ, ਝੂਠੇ ਮੁਕਾਬਲੇ 'ਚ ਸਿੱਖਾਂ ਨੂੰ ਮਾਰਿਆ ਗਿਆ।