ਅਸੀਂ ਰੱਦ ਨਹੀਂ ਕਰ ਸਕਦੇ ਸੌਦਾ ਸਾਧ ਦੀ ਮੁਆਫ਼ੀ ਦਾ ਮਤਾ: ਬਡੂੰਗਰ

ਪੰਥਕ, ਪੰਥਕ/ਗੁਰਬਾਣੀ

ਪਟਿਆਲਾ, 7 ਸਤੰਬਰ (ਰਣਜੀਤ ਰਾਣਾ ਰੱਖੜਾ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਅੰਤ੍ਰਿੰਗ ਕਮੇਟੀ ਸੌਦਾ ਸਾਧ ਸਬੰਧੀ ਮੁਆਫ਼ੀਨਾਮੇ ਦਾ ਮਤਾ ਰੱਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੀ ਅਗਾਮੀ ਹੋਣ ਵਾਲੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ 'ਚ ਇਸ ਮਾਮਲੇ ਨੂੰ ਲਿਆਂਦਾ ਜਾਵੇਗਾ ਅਤੇ ਵਿਚਾਰਨ ਉਪ੍ਰੰਤ ਇਸ ਨੂੰ ਜਨਰਲ ਹਾਊਸ 'ਚ ਪੇਸ਼ ਕੀਤਾ ਜਾਵੇਗਾ। ਨਵੰਬਰ 'ਚ ਸੱਦੇ ਜਾਣ ਵਾਲੇ ਜਨਰਲ ਹਾਊਸ 'ਚ ਇਹ ਮਾਮਲਾ ਲਿਆ ਕੇ ਅਗਲੇਰੀ ਰੂਪ ਰੇਖਾ ਉਲੀਕੀ ਜਾਵੇਗੀ।
ਐਸ.ਵਾਈ.ਐਲ. ਮਾਮਲੇ ਨੂੰ ਸੰਜੀਦਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਣੀਆਂ ਦਾ ਮਾਮਲਾ ਕੇਂਦਰ ਸਰਕਾਰ ਦੀ ਨੀਤੀ ਤੇ ਨੀਤ 'ਤੇ ਨਿਰਭਰ ਹੈ ਜਦਕਿ ਪੰਜਾਬ ਕੋਲ ਪਾਣੀ ਦੀ ਪਹਿਲਾਂ ਹੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਪਾਣੀ ਮਾਮਲੇ 'ਤੇ ਤੱਥਾਂ ਦੇ ਆਧਾਰ 'ਤੇ ਫ਼ੈਸਲਾ ਲੈਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਧਾਰਮਕ ਚਿੰਨ੍ਹ ਵਾਲੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਸਬੰਧੀ 'ਚ ਸ਼੍ਰੋਮਣੀ ਕਮੇਟੀ ਵਲੋਂ ਟੀਮ ਗਠਤ ਕਰ ਦਿਤੀ ਗਈ ਹੈ ਜੋ ਲੁਧਿਆਣਾ 'ਚ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਸੰਗਤ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ ਜਿਸ ਤਹਿਤ ਚੂੜਾਮਣ ਕਵੀ ਭਾਈ ਸੰਤੋਖ ਸਿੰਘ, ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਲੱਖੀ ਸ਼ਾਹ ਵਣਜਾਰਾ ਅਤੇ ਸਾਰਾਗਾੜ੍ਹੀ ਦੇ ਸਿੱਖ ਯੋਧਿਆਂ ਦੀ ਯਾਦ 'ਚ ਗੁਰਮਤਿ ਸਮਾਗਮ ਕੀਤੇ ਜਾਣ ਦਾ ਪ੍ਰੋਗਰਾਮ ਉਲੀਕੇ ਗਏ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 10 ਸਤੰਬਰ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 12 ਸਤੰਬਰ ਨੂੰ  ਸਾਰਾਗਾੜ੍ਹੀ ਦੇ ਸਥਾਨ 'ਤੇ ਲਾਸਾਨੀ 21 ਸਿੱਖ ਸੰਘਰਸ਼ੀ ਯੋਧਿਆਂ ਵਲੋਂ ਲੜਾਈ 'ਚ ਅਹਿਮ ਯੋਗਦਾਨ ਪਾਉਣ ਵਾਲਿਆਂ ਦੀ ਯਾਦ 'ਚ ਵੀ ਧਾਰਮਕ ਸਮਾਗਮ ਹੋ ਰਿਹਾ ਹੈ ਤਾਕਿ ਨੌਜਵਾਨ ਪੀੜ੍ਹੀ ਇਤਿਹਾਸ 'ਚ ਯੋਗਦਾਨ ਪਾਉਣ ਵਾਲਿਆਂ 'ਤੇ ਮਾਣ ਕਰ ਸਕੇ। ਉਨ੍ਹਾਂ ਦਸਿਆ ਕਿ 12 ਸਤੰਬਰ ਨੂੰ ਸਾਰਾਗਾੜ੍ਹੀ ਦੇ ਸਥਾਨ ਗੁਰਦਵਾਰਾ ਵਜ਼ੀਦਪੁਰ ਸਾਹਿਬ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਇਸ ਸਮਾਗਮ ਨੂੰ ਸ਼੍ਰੋਮਣੀ ਕਮੇਟੀ ਸ਼ਾਨੋ-ਸ਼ੌਕਤ ਨਾਲ ਮਨਾਏਗੀ।