ਮਹਿਲ ਕਲਾਂ, 3 ਫਰਵਰੀ (ਕੁਲਵਿੰਦਰ ਸਿੰਘ ਬਿੱਟੂ/ਗੁਰਸੇਵਕ ਸਿੰਘ ਸਹੌਤਾ) : ਹਲਕੇ ਦੇ ਅਧੀਨ ਪੈਂਦੇ ਇਤਿਹਾਸਿਕ ਪਿੰਡ ਕੁਤਬਾ ਬਾਹਮਣੀਆਂ ਵਿਖੇ ਸੰਨ 1762 ਈਸਵੀ ਦੇ ਅਤਿ ਵੱਡੇ ਘੱਲੂਘਾਰੇ ਵਿਚ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਰੱਖੇ ਨੀਂਹ ਪੱਥਰ ਰਾਜਨੀਤਕ ਅਤੇ ਧਾਰਮਕ ਆਗੂਆਂ ਦਾ ਮੂੰਹ ਚਿੜਾ ਰਹੇ ਹਨ। ਅੱਜ ਦੇ ਲੀਡਰ ਅਪਣੇ ਨਿਜੀ ਮੁਫ਼ਾਦਾਂ ਲਈ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਕੁਤਬਾ ਬਾਹਮਣੀਆਂ ਵਿਖੇ 5-6 ਫ਼ਰਵਰੀ 1762 ਨੂੰ ਵਾਪਰੇ ਅਤਿ ਵੱਡੇ ਘੱਲੂਘਾਰੇ ਵਿਚ ਸਿੱਖ ਕੌਮ ਨਾਲ ਸਬੰਧਤ 35 ਹਜ਼ਾਰ ਸਿੰਘ ਅਤੇ ਸਿੰਘਣੀਆਂ ਸ਼ਹੀਦੀ ਜਾਮ ਪੀ ਗਏ ਸਨ। ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਤ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸ਼ਹੀਦੀ ਸਮਾਰਕ ਅਜੂਬਾ ਬਣਾਉਣ ਦਾ ਐਲਾਨ ਕੀਤਾ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸੱਭ ਤੋਂ ਪਹਿਲਾ ਬੀਬੀ ਜਗੀਰ ਕੌਰ ਨੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਪੌਲੀ ਟੈਕਨੀਕਲ ਕਾਲਜ ਅਤੇ
ਸਰੋਵਰ ਬਣਾਉਣ ਲਈ ਨੀਂਹ ਪੱਥਰ ਰਖਿਆ ਸੀ ਪਰ ਐਲਾਨ ਕੀਤੇ ਗਏ ਵਾਅਦੇ ਪੂਰ ਕਰਨ ਦੀ ਬਜਾਏ ਰਖਿਆ ਨੀਂਹ ਪੱਥਰ ਵੀ ਢਹਿ ਢੇਰੀ ਹੋ ਚੁੱਕਾ ਹੈ। ਉਨ੍ਹਾਂ ਦਸਿਆ ਕਿ ਸਾਲ 1999 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਬਣਨ ਵਾਲੇ ਅਜੂਬੇ ਦਾ ਦੋ ਵਾਰ ਨੀਂਹ ਪੱਥਰ ਰੱਖ ਚੁੱਕੇ ਹਨ ਪਰ ਇਹ ਨੀਂਹ ਪੱਥਰ ਟੁਕੜਿਆਂ ਦੇ ਰੂਪ ਵਿਚ ਬਿਖਰ ਗਏ ਹਨ। ਪਿੰਡ ਵਾਸੀਆਂ ਅਨੁਸਾਰ 8 ਫ਼ਰਵਰੀ 2006 ਨੂੰ ਅਜੂਬੇ ਲਈ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਚੌਥਾ ਨੀਂਹ ਪੱਥਰ ਰਖਿਆ ਸੀ ਪਰ ਉਹ ਵੀ ਅਜੂਬਾ ਬਣਾਉਣ ਵਿਚ ਅਸਫ਼ਲ ਰਹੇ। ਪਿੰਡ ਵਾਸੀਆਂ ਨੇ ਦਸਿਆ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਸ਼ਹੀਦਾਂ ਨੂੰ ਵਿਸਾਰ ਰਹੀ ਹੈ ਅਤੇ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾਂਦੇ ਦਿਨ 'ਤੇ ਰਾਜਨੀਤਕ ਅਤੇ ਧਾਰਮਕ ਆਗੂ ਸਿਆਸੀ ਰੋਟੀਆਂ ਸੇਕ ਕੇ ਚਲੇ ਜਾਂਦੇ ਹਨ।