ਸ੍ਰੀ
ਮੁਕਤਸਰ ਸਾਹਿਬ 6 ਸਤੰਬਰ (ਗੁਰਦੇਵ ਸਿੰਘ/ਰਣਜੀਤ ਸਿੰਘ) - ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ
ਕਮੇਟੀ ਦੇ ਇਕ ਮੁਲਾਜ਼ਮ ਵਲੋਂ ਇਤਿਹਾਸਕ ਗੁਰਦਵਾਰਾ ਟੁੱਟੀ ਗੰਢੀ, ਸ੍ਰੀ ਮੁਕਤਸਰ ਸਾਹਿਬ
ਦੀ ਸਰਾਂ ਵਿਚ ਔਰਤਾਂ ਦੇ ਕਪੜੇ ਬਦਲਣ ਸਮੇਂ ਛੇੜਖਾਨੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ
ਹੈ।
ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਤੋਂ ਸੰਗਤ ਇਤਿਹਾਸਕ
ਗੁਰਦਵਾਰਿਆਂ ਦੇ ਦਰਸ਼ਨ ਕਰਦੀ ਹੋਈ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਖੇ ਪੁੱਜੀ ਸੀ।
ਸੰਗਤ ਨੇ ਦਸਿਆ ਕਿ ਉਹ ਲੰਗਰ ਪਾਣੀ ਛਕਣ ਤੋਂ ਬਾਅਦ ਤਕਰੀਬਨ 9:30 ਵਜੇ ਸਰਾਂ ਦੇ ਕਮਰਿਆਂ
ਵਿਚ ਸੌਣ ਦੀ ਤਿਆਰੀ ਕਰ ਰਹੀ ਸੀ। ਇਸ ਸਮੇਂ ਸ਼੍ਰੋਮਣੀ ਕਮੇਟੀ ਦਾ ਇਕ ਮੁਲਾਜ਼ਮ ਸੁਖਰਾਜ
ਸਿੰਘ ਵਾਸੀ ਪਿੰਡ ਫ਼ਤਿਹਪੁਰ ਮਣੀਆਂ (ਹਲਕਾ ਲੰਬੀ) ਸਰਾਂ ਦੇ ਪਿਛਲੇ ਪਾਸੇ ਬਣੀਆਂ ਬਾਰੀਆਂ
ਰਾਹੀਂ ਔਰਤਾਂ ਨੂੰ ਕਪੜੇ ਬਦਲਣ ਦੌਰਾਨ ਝਾਤੀਆਂ ਮਾਰ ਰਿਹਾ ਸੀ ਜਿਸ ਨੂੰ ਸੰਗਤ ਨੇ ਕਾਬ
ਕਰ ਲਿਆ। ਬਾਅਦ ਵਿਚ ਉਸ ਨੂੰ ਸਥਾਨਕ ਥਾਣਾ ਸਿਟੀ ਪੁਲਿਸ ਹਵਾਲੇ ਕਰ ਦਿਤਾ।
ਉਕਤ
ਪਰਵਾਰ ਦੇ ਮੈਂਬਰ ਹਰਦੀਪ ਸਿੰਘ ਨੇ ਮੋਬਾਈਲ 'ਤੇ ਗੱਲਬਾਤ ਕਰਦਿਆਂ ਦਸਿਆ ਕਿ ਸਾਡੇ
ਰਿਸ਼ਤੇਦਾਰ ਇੰਗਲੈਂਡ ਗੁਰਦਵਾਰਿਆਂ ਦੇ ਦਰਸ਼ਨ ਕਰਨ ਲਈ ਆਏ ਉਕਤ ਘਟਨਾ ਤੋਂ ਬਾਅਦ ਵਿਦੇਸ਼
ਵਿਚ ਪੈਦਾ ਹੋਈਆਂ ਇਨ੍ਹਾਂ ਔਰਤਾਂ ਨੇ ਕਿਹਾ ਕਿ ਉਹ ਮੁੜ ਕਦੇ ਵੀ ਗੁਰਦਵਾਰਿਆਂ ਦੇ ਦਰਸ਼ਨ
ਕਰਨ ਨਹੀਂ ਆਉਣਗੀਆਂ। ਉਨ੍ਹਾ ਦੂਜੇ ਗੁਰਦਵਾਰਿਆਂ ਦੇ ਦਰਸ਼ਨਾਂ ਦਾ ਸਾਰਾ ਪ੍ਰੋਗ੍ਰਾਮ ਤਿਆਗ
ਦਿਤਾ। ਇਸ ਸਬੰਧੀ ਮੈਨੇਜਰ ਜਰਨੈਲ ਸਿੰਘ ਨੇ ਸੁਖਰਾਜ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ
ਕੇ ਉਸ ਨੂੰ ਵਿਹਲਾ ਕਰਨ ਲਈ ਹੈੱਡ ਆਫ਼ਿਸ ਨੂੰ ਸੂਚਨਾ ਭੇਜ ਦਿਤੀ ਹੈ। ਇਸ ਸਬੰਧੀ ਸ਼ੋਮਣੀ
ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਉਹ ਇਸ ਘਟਨਾ ਦੀ ਪੜਤਾਲ ਕਰ ਕੇ ਉਸ
ਨੂੰ ਸਦਾ ਲਈ ਘਰ ਭੇਜ ਦੇਣਗੇ ਅਤੇ ਅਜਿਹੇ ਅਨਸਰਾਂ ਲਈ ਗੁਰਦਵਾਰਿਆਂ ਵਿਚ ਕੋਈ ਥਾਂ
ਨਹੀਂ।