ਅਵਤਾਰ ਦਿਹਾੜੇ ਦੀਆਂ ਤਰੀਕਾਂ ਸਬੰਧੀ ਜਥੇਦਾਰਾਂ ਨੇ ਪਾਇਆ ਵਿਵਾਦ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 23  ਦਸੰਬਰ (ਗੁਰਿੰਦਰ ਸਿੰਘ): ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਧਾਰਮਕ ਸਭਾ-ਸੁਸਾਇਟੀਆਂ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਭਾਵਂੇ ਮਿੰਨਤਾਂ-ਤਰਲੇ ਕੱਢਣ, ਵਾਸਤੇ ਪਾਉਣ ਕਿ ਤਖ਼ਤਾਂ ਦੇ ਜਥੇਦਾਰੋ ਜਦ ਦੁਨੀਆਂ ਦੇ ਕੋਨੇ-ਕੋਨੇ 'ਚ ਵਸਦੀਆਂ ਸਿੱਖ ਸੰਗਤ ਮਾਤਾ ਗੁਜਰੀ ਜੀ, ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਸਮੇਤ ਅਨੇਕਾਂ ਸਿੰਘਾਂ-ਸਿੰਘਣੀਆਂ ਦੀ ਕੁਰਬਾਨੀ ਤੇ ਸ਼ਹਾਦਤ ਨੂੰ ਯਾਦ ਕਰ ਕੇ ਸੋਗ ਮਨਾ ਰਹੀਆਂ ਹੁੰਦੀਆਂ ਹਨ, ਕੋਈ ਵੀ ਗੁਰੂ ਦਾ ਪਿਆਰਾ ਇਸ ਸਮੇਂ ਦੌਰਾਨ ਘਰ 'ਚ ਕਦੇ ਖ਼ੁਸ਼ੀ ਦਾ ਪ੍ਰੋਗਰਾਮ ਨਹੀਂ ਰਖਦਾ ਤੇ ਕ੍ਰਿਪਾ ਕਰ ਕੇ ਤੁਸੀ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਮਨਾਉਣ ਬਾਰੇ ਹਦਾਇਤ ਜਾਰੀ ਕਰੋ ਪਰ ਜਥੇਦਾਰਾਂ ਦੇ ਕੰਨਾਂ 'ਤੇ ਜੂੰ ਤਕ ਨਾ ਸਰਕੀ।ਭਾਵੇਂ ਦੇਸ਼ ਵਿਦੇਸ਼ ਦੀਆਂ ਅਧੀਆਂ ਤੋਂ ਜ਼ਿਆਦਾ ਸੰਗਤ ਐਲਾਨ ਕਰ ਚੁੱਕੀ ਹੈ ਕਿ ਉਹ ਆਗਮਨ ਪੁਰਬ 5 ਜਨਵਰੀ ਨੂੰ ਹੀ ਮਨਾਵੇਗੀ ਪਰ ਫਿਰ ਵੀ ਜਥੇਦਾਰਾਂ 'ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਜਥੇਦਾਰਾਂ ਦੀ ਹੈਂਕੜਬਾਜੀ, ਸ਼੍ਰੋਮਣੀ ਕਮੇਟੀ ਦੀ ਬੇਵਸੀ ਅਤੇ ਪੰਥ ਵਿਰੋਧੀ ਤਾਕਤਾਂ ਦੀ ਸਾਜ਼ਸ਼ ਕਰ ਕੇ ਗੁਰੂ ਜੀ ਦਾ ਆਗਮਨ

ਪੁਰਬ ਮਨਾਉਣ ਦੇ ਮੁੱਦੇ 'ਤੇ ਸਿੱਖ ਕੌਮ ਦੋ ਹਿੱਸਿਆਂ 'ਚ ਵੰਡਦੀ ਵਿਖਾਈ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਸਮੇਤ ਤਖ਼ਤਾਂ ਦੇ ਜਥੇਦਾਰਾਂ ਦੀਆਂ ਭਾਈਵਾਲ ਸੰਪਰਦਾਈ ਧਿਰਾਂ ਨੇ ਐਲਾਨ ਕਰ ਦਿਤਾ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਬਿਕਰਮੀ ਕੈਲੰਡਰ ਮੁਤਾਬਕ ਹੀ 25 ਦਸੰਬਰ ਨੂੰ ਮਨਾਇਆ ਜਾਵੇ ਜਦਕਿ ਜ਼ਿਆਦਾਤਰ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਧਾਰਮਕ ਸਭਾ-ਸੁਸਾਇਟੀਆਂ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਬਕਾਇਦਾ ਐਲਾਨ ਕੀਤਾ ਹੈ ਕਿ ਉਹ ਆਗਮਨ ਪੁਰਬ 5 ਜਨਵਰੀ ਨੂੰ ਹੀ ਮਨਾਉਣਗੀਆਂ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਟੀਮ ਨੇ ਗੁਰੂ ਜੀ ਦਾ ਆਗਮਨ ਪੁਰਬ 5 ਜਨਵਰੀ ਨੂੰ ਮਨਾਉਣ ਦਾ ਮਤਾ ਪਾਸ ਕਰ ਕੇ ਅਕਾਲ ਤਖ਼ਤ ਸਾਹਿਬ ਭੇਜਿਆ ਸੀ ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿ. ਇਕਬਾਲ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਸੰਗਤਾਂ ਨੂੰ 25 ਦਸੰਬਰ ਨੂੰ ਹੀ ਆਗਮਨ ਪੁਰਬ ਮਨਾਉਣ ਦੀ ਬੇਨਤੀ ਕਰਨ ਦੇ ਨਾਲ-ਨਾਲ ਖ਼ੁਦ ਵੀ ਪਟਨਾ ਸਾਹਿਬ ਵਿਖੇ 25 ਦਸੰਬਰ ਨੂੰ ਹੀ ਸਮਾਗਮ ਕਰਨਗੇ। ਗਿਆਨੀ ਗੁਰਬਚਨ ਸਿੰਘ ਸਮੇਤ ਤਖ਼ਤਾਂ ਦੇ ਦੂਜੇ ਜਥੇਦਾਰਾਂ ਨੇ ਵੀ ਸ਼੍ਰੋਮਣੀ ਕਮੇਟੀ ਦਾ ਮਤਾ ਰੱਦ ਕਰਦਿਆਂ ਸੰਗਤ ਨੂੰ 25 ਦਸੰਬਰ ਨੂੰ ਹੀ ਪ੍ਰਕਾਸ਼ ਪੁਰਬ ਮਨਾਉਣ ਦੀ ਹਦਾਇਤ ਕਰ ਦਿਤੀ।