ਬਾਦਲ ਕਿਸ ਤਰ੍ਹਾਂ ਧਾਰਾ 25 (ਬੀ) ਵਿਚ ਸੋਧ ਕਰਵਾ ਸਕਣਗੇ? ਸਰਨਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 4 ਜਨਵਰੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 (ਬ) ਵਿਚ ਸੋਧ ਦੇ ਮੁੱਦੇ 'ਤੇ ਘੇਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਜਦ ਸਿੱਖ ਜਾਣਦੇ ਹਨ ਕਿ ਬਾਦਲ ਦਲ ਸਿੱਖ ਸੰਸਥਾਵਾਂ ਆਰ.ਐਸ.ਐਸ. ਦੇ ਅਖੌਤੀ ਇਸ਼ਾਰੇ 'ਤੇ ਚਲਾ ਰਿਹਾ ਹੈ ਤੇ ਜਦ ਆਰਐਸਐਸ ਸਿੱਖ ਧਰਮ ਨੂੰੰ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਗਰਦਾਨਦਾ ਚਲਾ ਆ ਰਿਹਾ ਹੈ, ਉਦੋਂ ਬਾਦਲ ਦਲ ਕਿਸ ਤਰ੍ਹਾਂ ਧਾਰਾ 25 (ਬੀ), ਵਿਚ ਸੋਧ ਕਰਵਾ ਸਕਦਾ ਹੈ। 

ਸਾਰੇ ਜਾਣਦੇ ਹਨ ਕਿ ਆਰਐਸਐਸ ਵਲੋਂ ਕੇਦਰ ਦੀ ਮੋਦੀ ਸਰਕਾਰ ਨੂੰ ਚਲਾਇਆ ਜਾ ਰਿਹਾ ਹੈ, ਫਿਰ ਕਿਸ ਤਰ੍ਹਾਂ ਧਾਰਾ 25 ਵਿਚ ਸੋਧ ਹੋ ਸਕਦੀ ਹੈ? ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਹੁਦੇਦਾਰਾਂ ਵਲੋਂ ਮੋਦੀ ਸਰਕਾਰ ਦੇ ਦੋ ਮੰਤਰੀਆਂ ਨਾਲ ਇਸ ਮੁੱਦੇ 'ਤੇ ਕੀਤੀ ਗਈ ਮੁਲਾਕਾਤ ਨੂੰ ਸਿਰਫ਼ ਫ਼ੋਟੋਆਂ ਖਿਚਵਾਉਣ ਤੇ ਅਖ਼ਬਾਰਾਂ ਵਿਚ ਛਪਵਾਉਣ ਦਾ ਨਾਟਕ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਇਸ ਮੁੱਦੇ  'ਤੇ ਬਾਦਲ ਦਲ ਸਿਰਫ਼ ਸਿੱਖਾਂ ਦਾ ਧਿਆਨ ਅਸਲ ਪੰਥਕ ਮੁਦਿਆਂ ਤੋਂ ਖਿੰਡਾਉਣ ਲਈ ਧਾਰਾ 25 ਬੀ ਦਾ ਪੱਤਾ ਖੇਡ ਰਿਹਾ ਹੈ। ਸ. ਸਰਨਾ ਨੇ ਕਿਹਾ ਕਿ ਬਾਦਲ ਦਲ ਨੂੰ ਸਿੱਖਾਂ ਨੂੰ ਪਹਿਲਾਂ ਇਹ ਸਪੱਸ਼ਟ ਕਰਨਾ ਹੋਵੇਗਾ ਤੇ ਸਿੱਖਾਂ ਦਾ ਮੁੜ ਭਰੋਸਾ ਜਿਤਣਾ ਪਵੇਗਾ, ਇਸ ਨਾਲ ਹੀ ਸਿੱਖ ਸਮਝ ਸਕਣਗੇ ਕਿ ਬਾਦਲ ਦਲ ਧਾਰਾ 25 ਦੇ ਮੁੱਦੇ ਨੂੰ ਸੰਜੀਦਗੀ ਤੇ ਦਿਆਨਤਦਾਰੀ ਨਾਲ ਚੁੱਕ ਰਿਹਾ ਹੈ।