ਬਾਦਲ ਪਰਵਾਰ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣੀ ਜ਼ਰੂਰੀ : ਸਰਨਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 8 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬਾਦਲ ਪਰਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਵਾਉਣ ਨਾਲ ਹੀ ਗੁਰਧਾਮਾਂ 'ਚ ਆਏ ਨਿਘਾਰ ਨੂੰ ਦਰੁਸਤ ਕੀਤਾ ਜਾ ਸਕਦਾ ਹੈ। ਸਰਨਾ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਦਲ ਵਿਰੋਧੀ ਸਿੱਖ ਸੰਗਠਨ ਨਾਲ ਲੜਨ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਨੂੰ ਜ਼ੋਰ ਦਿਤਾ ਕਿ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਤੁਰਤ ਕੀਤੀ ਜਾਵੇ।

ਸਰਨਾ ਨੇ ਸ਼੍ਰੋਮਣੀ ਕਮੇਟਂੀ ਦੀਆਂ ਚੋਣਾਂ ਤੁਰਤ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਬਾਦਲਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਗੁਰਧਾਮਾਂ ਦੇ ਪ੍ਰਬੰਧਾਂ 'ਚ ਨਿਘਾਰ ਆ ਚੁੱਕਾ ਹੈ। ਉਨ੍ਹਾਂ ਬਲਾਤਕਾਰੀ ਸੁੱਚਾ ਸਿੰਘ ਲੰਗਾਹ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਪੈਦਾਇਸ਼ ਦਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਭੱ ਮੁਢਲੇ ਅਸੂਲ ਤੇ ਨਿਯਮ ਛਿੱਕੇ ਟੰਗ ਕੇ ਉਕਤ ਲੰਗਾਹ ਵਰਗਿਆਂ ਦੀ ਭਰਤੀ ਕੀਤੀ। ਸੁੱਚਾ ਸਿੰਘ ਲੰਗਾਹ ਤਾਂ ਫੜਿਆ ਗਿਆ ਪਰ ਉਸ ਦੀ ਘਟੀਆ ਸੋਚ ਤੇ ਕਿਰਦਾਰ ਵਾਲੇ ਆਗੂਆਂ ਦੀ ਅੱਜ ਵੀ ਭਰਮਾਰ ਹੈ ਜੋ ਬੇਪਰਦ ਹੋਣੋ ਅਜੇ ਬਚੇ ਹਨ। ਸਰਨਾ ਨੇ ਦੋਸ਼ ਲਾਇਆ ਕਿ ਸਿੱਖੀ ਨੂੰ ਖੋਰਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਲਾਇਆ।

ਸਰਨਾ ਨੇ ਸੁਖਬੀਰ ਸਿੰਘ ਬਾਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਚੁਨੌਤੀ ਦਿਤੀ ਕਿ ਉਹ ਸ਼ਰਾਬ ਦੇ ਠੇਕੇ ਲੈਣ ਤੇ ਕਰੋੜਾਂ ਰੁਪਈਆਂ ਛਕ ਜਾਣ ਸਬੰਧੀ ਠੋਸ ਸਬੂਤ ਪੇਸ਼ ਕਰੇ। ਜੇਕਰ ਸਬੂਤ ਸੱਚ ਸਾਬਤ ਹੋਏ ਤਾਂ ਉਹ ਦੋਵੇਂ ਭਰਾ ਅਸਤੀਫ਼ੇ ਦੇ ਕੇ ਘਰ ਬੈਠ ਜਾਣਗੇ। ਸਰਨਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ 'ਤੇ ਦੋਸ਼ ਲਾਇਆ ਕਿ ਉਸ ਨੇ ਦੇਸੀ ਘਿਉ ਦਾ ਲਗਭਗ ਸਵਾ 5 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਉਹ ਘਿਉ ਵੇਰਕਾ ਮਿਲਕ ਪਲਾਟ ਵਰਗੇ ਅਦਾਰਿਆ ਤੋਂ ਖ਼ਰੀਦਣ ਦੀ ਥਾਂ ਨਿਯਮ ਛਿੱਕੇ ਤੇ ਟੰਗ ਕੇ ਵਪਾਰੀਆਂ ਤੇ ਫ਼ਰਜ਼ੀ ਕੰਪਨੀਆਂ ਤੋਂ ਖ਼ਰੀਦਦੇ ਰਹੇ।

ਉਨ੍ਹਾਂ ਅਕਾਲ ਤਖ਼ਤ ਦੇ 'ਜਥੇਦਾਰ' ਤੋਂ ਮੰਗ ਕੀਤੀ ਕਿ ਦਸਮ ਗ੍ਰੰਥ ਤੇ ਦਸਮ ਪਿਤਾ ਵਿਰੁਧ ਘਟੀਆ ਭਾਸ਼ਾ ਵਰਤਣ ਦੇ ਦੋਸ਼ 'ਚ ਮਨਜੀਤ ਸਿੰਘ ਜੀ ਕੇ ਨੂੰ ਤਲਬ ਕੀਤਾ ਜਾਵੇ, ਜਿਸ ਸਬੰਧੀ ਪੈਨ ਡਰਾਈਵ ਉਨ੍ਹਾਂ ਕੋਲ ਹੈ ਤੇ ਇਸ ਸਬੰਧੀ ਬਕਾਇਦਾ ਯਾਦ ਪੱਤਰ ਉਨ੍ਹਾਂ ਨੂੰ ਦਿਤਾ ਹੈ। ਸਰਨਾ ਨੇ ਮੰਗ ਕੀਤੀ ਕਿ 13 ਅਕਤੂਬਰ ਨੂੰ 'ਜਥੇਦਾਰਾਂ' ਦੀ ਹੋ ਰਹੀ ਬੈਠਕ 'ਚ ਇਸ ਨੂੰ ਏਜੰਡੇ 'ਤੇ ਰਖਿਆ ਜਾਵੇ।

ਗੁਰਦਾਸਪੁਰ ਜ਼ਿਮਨੀ ਚੋਣ ਦੀ ਗੱਲ ਕਰਦਿਆਂ ਸਰਨਾ ਨੇ ਕਿਹਾ ਕਿ ਬਲਾਤਕਾਰੀ ਸੁੱਚਾ ਸਿੰਘ ਲੰਗਾਹ ਤੇ ਸਵਰਨ ਸਲਾਰੀਆ ਦੀਆਂ ਗ਼ਲਤੀਆਂ ਕਾਰਨ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰੇਗਾ। ਇਸ ਮੌਕੇ ਮਨਿੰਦਰ ਸਿੰਘ ਧੁੰਨਾ ਤੇ ਹੋਰ ਆਗੂ ਮੌਜੂਦ ਸਨ।