ਬਾਦਲਾਂ ਵਿਰੁਧ ਪੰਥਕ ਜਥੇਬੰਦੀ ਖੜੀ ਕਰਾਂਗੇ : ਭਾਈ ਰਣਜੀਤ ਸਿੰਘ, ਬਾਬਾ ਬੇਦੀ

ਪੰਥਕ, ਪੰਥਕ/ਗੁਰਬਾਣੀ

ਐਸ.ਏ.ਐਸ. ਨਗਰ, 24 ਸਤੰਬਰ (ਪਰਦੀਪ ਸਿੰਘ ਹੈਪੀ): ਬਜ਼ੁਰਗ ਪੰਥਕ ਨੇਤਾ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਅਤੇ ਯੂਥ ਪੰਥਕ ਨੇਤਾ ਭਾਈ ਗੁਰਵਿੰਦਰ ਸਿੰਘ ਡੂਮਛੇੜੀ ਦੀ ਦੇਖ-ਰੇਖ ਹੇਠ ਫ਼ੇਜ਼-6 ਵਿਖੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ 'ਚ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।
'ਕੌਮੀ ਵਿਰਾਸਤ ਅਤੇ ਵਾਰਸਾਂ ਨੂੰ ਚੁਨੌਤੀਆਂ ਤੇ ਵਿਕਲਪ' ਵਿਸ਼ੇ 'ਤੇ ਕਰਵਾਏ ਇਸ ਸੈਮੀਨਾਰ ਦੌਰਾਨ ਬਾਬਾ ਸਰਬਜੋਤ ਸਿੰਘ ਬੇਦੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਉਪਰੋਂ ਇਕ ਪਰਵਾਰ ਦਾ ਕਬਜ਼ਾ ਹਟਾ ਕੇ ਹੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਹਸਤੀ ਕਾਇਮ ਰਹਿ ਸਕਦੀ ਹੈ ਜਿਸ ਲਈ ਤੁਰਤ ਪੰਥਕ ਜਥੇਬੰਦੀ ਬਣਾਏ ਜਾਣ ਦੀ ਲੋੜ ਹੈ। ਪਿੰਡ-ਪਿੰਡ ਜਾ ਕੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਬਾਬਾ ਬੇਦੀ ਨੇ ਕਿਹਾ ਕਿ ਇਸ ਜਥੇਬੰਦੀ ਲਈ ਨੇਤਾ ਥੋਪੇ ਨਹੀਂ ਜਾਣਗੇ, ਸਗੋਂ ਸੱਭ ਦੇ ਸਾਹਮਣੇ ਸਿੱਖ ਸੰਗਤ ਵਿਚੋਂ ਹੀ ਪੈਦਾ ਕੀਤੇ ਜਾਣਗੇ।
ਇਸ ਮੌਕੇ ਮੌਜੂਦ ਪੰਥਕ ਨੇਤਾਵਾਂ ਨੇ ਇਹ ਫ਼ੈਸਲਾ ਲਿਆ ਕਿ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਸੰਗਤ ਨੂੰ ਏਕਤਾ ਦੀ ਲੜੀ 'ਚ ਪਰੋ ਕੇ ਸਮੁੱਚੇ ਪੰਥ ਦੀ ਏਕਤਾ ਕਰਨ ਲਈ ਅੱਗੇ ਹੋਣ, ਜਿਸ ਨੂੰ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿਤੀ ਗਈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਬੁਰਛਾਗਰਦੀ ਕਰ ਕੇ ਮੈਨੂੰ ਅਕਾਲ ਤਖ਼ਤ ਤੋਂ ਲਾਹਿਆ ਸੀ ਅਤੇ ਬਾਦਲਾਂ ਨੇ ਹਮੇਸ਼ਾ ਪੈਰ ਦੀ ਜੁੱਤੀ ਸਿੱਖਾਂ ਦੇ ਸਿਰ 'ਤੇ ਹੀ ਰੱਖੀ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿਟ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਦਿਤੀ ਗਈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਥਕ ਕਾਫ਼ਲਾ ਵੇਖ ਕੇ 'ਵਜੀਰ ਖਾਂ' ਖ਼ੁਦ ਹੀ ਭੱਜ ਜਾਣਗੇ। ਇਸ ਜਥੇਬੰਦੀ ਵਿਚ ਲਿਫ਼ਾਫ਼ਾ ਕਲਚਰ ਨਹੀਂ ਹੋਵੇਗਾ ਬਲਕਿ ਸੰਗਤ ਦੀ ਹਾਜ਼ਰੀ ਵਿਚ ਹੀ ਸੰਗਤੀ ਫਰਮਾਨ ਹੀ ਲਾਗੂ ਹੋਵੇਗਾ। ਇਸ ਮੌਕੇ ਹਰਿਆਣਾ ਦੇ ਸਿੱਖ ਨੇਤਾ ਦੀਦਾਰ ਸਿੰਘ ਨਲਵੀ, ਫ਼ੈਡਰੇਸ਼ਨ ਨੇਤਾ ਭਾਈ ਸੁਰਿੰਦਰ ਸਿੰਘ ਕਿਸਨਪੁਰਾ, ਬਾਬਾ ਨਛੱਤਰ ਸਿੰਘ ਦਮਦਮੀ ਟਕਸਾਲ ਭਿੰਡਰਕਲਾਂ, ਬਾਬਾ ਭੋਲਾ ਸਿੰਘ ਮੁੱਖ ਸੇਵਾਦਾਰ ਨੇਤਰਹੀਣ ਵਿਦਿਆਲਿਆ ਸ੍ਰੀ ਆਨੰਦਪੁਰ ਸਾਹਿਬ, ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵਲੋਂ ਬਾਬਾ ਸੁਖਵਿੰਦਰ ਸਿੰਘ, ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵਲੋਂ ਉਨ੍ਹਾਂ ਦੇ ਪੁੱਤਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਗੁਰਪ੍ਰੀਤ ਸਿੰਘ, ਸਾਬਕਾ ਆਈ.ਏ.ਐਸ. ਕੁਲਬੀਰ ਸਿੰਘ ਸਿੱਧੂ, ਯੂਕ ਨੇਤਾ ਜੋਗਾ ਸਿੰਘ ਚੱਪੜ, ਕੇਂਦਰੀ ਸਿੰਘ ਸਭਾ ਵਲੋਂ ਭਾਈ ਖ਼ੁਸ਼ਹਾਲ ਸਿੰਘ, ਭਾਈ ਕਿੱਕਰ ਸਿੰਘ, ਸਾਬਕਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਗੁਰਵਿੰਦਰ ਸਿੰਘ ਸਾਮਪੁਰਾ, ਜਸਵੀਰ ਸਿੰਘ ਧਾਲੀਵਾਲ, ਪ੍ਰੋ. ਗੁਰਮੇਜ ਸਿੰਘ, ਢਾਡੀ ਗੁਰਚਰਨ ਸਿੰਘ ਬੀ.ਏ., ਹਰਨਿਰਵੈਰ ਸਿੰਘ, ਭਗਵੰਤ ਸਿੰਘ ਆਦਿ ਹਾਜ਼ਰ ਸਨ।