ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਪ੍ਰੋਗਰਾਮ ਉਲੀਕਾਂਗੇ: ਜਥੇਦਾਰ

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 5 ਮਾਰਚ (ਚਰਨਜੀਤ ਸਿੰਘ): ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜੇਲਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਛੇਤੀ ਹੀ ਪੰਥਕ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ। ਅੱਜ ਫ਼ੋਨ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ  ਸਿੱਖਾਂ ਦੀਆਂ ਸਮੂਹ ਧਾਰਮਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੀ ਇਕ ਮੀਟਿੰਗ ਛੇਤੀ ਅਕਾਲ ਤਖ਼ਤ ਸਕਤਰੇਤ ਵਿਖੇ ਬੁਲਾ ਕੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਠੋਸ ਪ੍ਰੋਗਰਾਮ ਪੰਥ ਦੇ ਸਾਹਮਣੇ ਰਖਿਆ ਜਾਵੇਗਾ ਤਾਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ। ਜਥੇਦਾਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਵਿਚੋਂ ਜਾਤ ਪਾਤ ਅਤੇ ਊਚ ਨੀਚ ਦੇ ਭੇਦ ਨੂੰ ਖ਼ਤਮ ਕੀਤਾ ਸੀ ਪਰ ਅਫ਼ਸੋਸ ਕਿ ਅੱਜ ਗੁਰੂ ਕੇ ਸਿੱਖ 

ਹੋਣ ਦੇ ਦਾਅਵੇਦਾਰ ਇਸ ਵਿਚ ਉਲਝ ਕੇ ਰਹਿ ਗਏ ਹਨ। 550 ਸਾਲਾ ਸਮਾਗਮਾਂ ਦੌਰਾਨ ਵਿਸ਼ੇਸ਼ ਪ੍ਰੋਗਰਾਮ ਤਿਆਰ ਕਰਵਾ ਕੇ ਸੰਗਤ ਵਿਚ ਲਿਜਾਏ ਜਾਣਗੇ ਤਾਕਿ ਜਾਤ ਪਾਤ ਅਤੇ ਊਚ ਨੀਚ ਦੇ ਭਿੰਨ ਭੇਦ ਨੂੰ ਮਿਟਾਇਆ ਜਾ ਸਕੇ। ਗ਼ਰੀਬ ਪਰਵਾਰਾਂ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਪਹਿਲ ਕਦਮੀ ਲਈ ਕਿਹਾ ਜਾਵੇਗਾ। ਸਿਖਿਆ ਦੇ ਖੇਤਰ ਬਾਰੇ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਸਾਬਤ ਸੂਰਤ ਸਿੱਖ ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਲਈ ਵਿਸ਼ੇਸ਼  ਯਤਨ ਕੀਤੇ ਜਾਣਗੇ ਤਾਕਿ ਸਿੱਖ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਸਕਣ।