ਬਹਿਬਲ ਕਾਂਡ : ਅਦਾਲਤ ਵਲੋਂ ਪੁਲਿਸ ਨੂੰ 7 ਅਪ੍ਰੈਲ ਤਕ ਰੀਪੋਰਟ ਪੇਸ਼ ਕਰਨ ਦੇ ਹੁਕਮ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 6 ਫਰਵਰੀ (ਗੁਰਿੰਦਰ ਸਿੰਘ): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਮਗਰੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੌਰਾਨ ਅਕਤੂਬਰ 2015 'ਚ ਵਾਪਰੇ ਬਹੁਤ ਚਰਚਿਤ ਬਹਿਬਲ ਕਾਂਡ 'ਚ ਘਿਰੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁਧ ਅਦਾਲਤ ਵਿਚ ਚੱਲ ਰਹੀ ਕਾਰਵਾਈ ਤੋਂ ਆਰਜ਼ੀ ਰਾਹਤ ਮਿਲ ਗਈ ਹੈ। ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਸ਼ਵੇਤਾ ਦਾਸ ਨੇ ਬਾਜਾਖਾਨਾ ਪੁਲਿਸ ਤੋਂ ਬਹਿਬਲ ਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਂਵਾਂ ਸਬੰਧੀ ਦਰਜ ਹੋਏ ਮਾਮਲੇ ਦੀ ਸਟੇਟਸ ਰੀਪੋਰਟ ਮੰਗੀ ਸੀ। ਪੁਲਿਸ ਨੇ ਅਪਣੀ ਸਟੇਟਸ ਰੀਪੋਰਟ 'ਚ ਅਦਾਲਤ ਨੂੰ ਦਸਿਆ ਕਿ ਪੁਲਿਸ ਇਸ ਮਾਮਲੇ ਦੀ ਅਜੇ ਪੜਤਾਲ ਕਰ ਰਹੀ ਹੈ। ਅਦਾਲਤ ਨੇ ਪੁਲਿਸ ਦੀ ਪੜਤਾਲ ਮੁਕੰਮਲ ਹੋਣ ਤਕ ਅਗਲੀ ਕਾਰਵਾਈ ਕਰਨ 'ਤੇ ਰੋਕ ਲਾ ਦਿਤੀ ਹੈ ਅਤੇ ਪੁਲਿਸ ਨੂੰ ਹੁਕਮ ਦਿਤਾ ਕਿ ਉਹ ਪੜਤਾਲ ਦੀ ਮੁਕੰਮਲ ਰੀਪੋਰਟ 7 ਅਪ੍ਰੈਲ ਤਕ ਅਦਾਲਤ ਸਾਹਮਣੇ ਪੇਸ਼ ਕਰੇ।