ਬਰਤਾਨਵੀ ਪਾਰਲੀਮੈਂਟ ਦੇ ਮੈਂਬਰਾਂ ਦੇ ਨਾਂ ਤੇ ਕੋਰਾ ਝੂਠ ਬੋਲਿਆ ਜਾ ਰਿਹੈ ਕਿ ਉਹ ਸਿੱਖਾਂ ਲਈ ਮਰਦਮਸ਼ੁਮਾਰੀ ਵਿਚ ਵਖਰਾ ਖ਼ਾਨਾ ਮੰਗ ਰਹੇ ਹਨ : ਡਾ. ਹਰਜਿੰਦਰ ਸਿੰਘ ਦਿਲਗੀਰ

ਪੰਥਕ, ਪੰਥਕ/ਗੁਰਬਾਣੀ



ਲੰਡਨ, 23 ਸਤੰਬਰ: ਕੁੱਝ ਦਿਨਾਂ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ''ਇੰਗਲੈਂਡ ਦੀ ਪਾਰਲੀਮੈਂਟ ਦੇ 100 ਤੋਂ ਵੱਧ ਐਮ.ਪੀਜ਼., ਜਿਨ੍ਹਾਂ ਵਿਚ ਸਾਰੀਆਂ ਧਿਰਾਂ ਦੇ ਨੁਮਾਇੰਦੇ ਸ਼ਾਮਲ ਹਨ, ਨੇ ਇਕ ਮਤਾ ਪਾਸ ਕੀਤਾ ਹੈ ਕਿ ਸਿੱਖ ਵਖਰੀ ਕੌਮ ਹਨ। ਇਹ ਕੋਰੀ ਗੱਪ ਹੈ।'' ਇਹ ਕਹਿਣਾ ਹੈ ਪ੍ਰਸਿੱਧ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਜੋ ਇਸ ਵੇਲੇ ਇੰਗਲੈਂਡ ਵਿਚ ਰਹਿ ਰਹੇ ਹਨ।

ਦਿਲਗੀਰ ਮੁਤਾਬਕ ਇਹ ਖ਼ਬਰ ਨਿਰੀ ਗੱਪ ਹੈ। ਬ੍ਰਿਟਿਸ਼ ਪਾਰਲੀਮੈਂਟ ਵਿਚ ਜਾਂ ਕਿਸੇ ਪ੍ਰਾਈਵੇਟ ਇਕੱਠ ਵਿਚ ਅਜਿਹਾ ਕੋਈ ਮਤਾ ਪਾਸ ਨਹੀਂ ਹੋਇਆ। ਸੱਚਾਈ ਇਹ ਹੈ ਕਿ ਸਿੱਖਾਂ ਵਿਚੋਂ ਕੁੱਝ 'ਚੁਸਤ' ਲੋਕ ਆਪੋ-ਅਪਣੇ ਇਲਾਕੇ ਦੇ ਐਮ.ਪੀ. ਨੂੰ ਮਿਲ ਕੇ ਇਹ ਜ਼ੋਰ ਪਾ ਰਹੇ ਸਨ ਕਿ ਬਰਤਾਨਵੀ ਮਰਦਮਸ਼ੁਮਾਰੀ ਵਿਚ ਸਿੱਖਾਂ ਦਾ ਵਖਰਾ ਖ਼ਾਨਾ ਬਣਇਆ ਜਾਵੇ ਤਾਂ ਜੋ ਮੁਲਕ ਵਿਚ ਉਨ੍ਹਾਂ ਦੀ ਵਖਰੀ ਗਿਣਤੀ ਪਤਾ ਲੱਗ ਸਕੇ। ਪਹਿਲਾਂ ਦੇ ਫ਼ਾਰਮ ਵਿਚ ਅਜਿਹਾ ਕੋਈ ਖ਼ਾਨਾ ਨਹੀਂ ਸੀ।

ਇਸ ਨੂੰ ਇਹ ਕਹਿਣਾ ਕਿ ਇਹ ਖ਼ਾਲਿਸਤਾਨ ਦੀ ਹਮਾਇਤ ਹੈ, ਨਿਰਾ ਝੂਠ ਹੈ। ਉਨ੍ਹਾਂ ਕਿਹਾ, ''ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਇੱਥੇ ਸਾਰੇ ਐਮ.ਪੀਜ਼ ਦਾ ਇਕ ਅਣ-ਐਲਾਨਿਆ ਪ੍ਰੋਟੋਕੋਲ ਹੈ ਕਿ ਜਿਨ੍ਹਾਂ ਤੋਂ ਉਨ੍ਹਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ, ਉਹ ਉਨ੍ਹਾਂ ਦੇ ਅਜਿਹੇ ਨਾਹਰਿਆਂ ਨਾਲ 'ਹਮਦਰਦੀ' ਦਾ ਇਜ਼ਹਾਰ ਕਰ ਦਿਆ ਕਰਦੇ ਹਨ। ਉਹ ਛਪੇ ਛਪਾਏ ਪਰਫ਼ਾਰਮੇ ਉਤੇ ਦਸਤਖ਼ਤ ਵੀ ਕਰ ਦਿਆ ਕਰਦੇ ਹਨ। ਜਿੱਥੇ-ਜਿੱਥੇ ਸਿੱਖ ਵੋਟ ਹੈ, ਸਿੱਖ ਉਥੋਂ ਦੇ ਐਮ.ਪੀ. ਤੋਂ ਸਹਿੰਦਾ-ਸਹਿੰਦਾ ਕੋਈ ਵੀ ਬਿਆਨ ਦਿਵਾ ਸਕਦਾ ਹੈ। ਇਹ ਤਰੀਕਾ ਪਾਕਿਸਤਾਨੀ, ਬੰਗਲਾਦੇਸ਼ੀ, ਤਾਮਿਲ, ਯੂਕਰੇਨ ਵਾਲੇ ਤੇ ਹੋਰ ਮੁਲਕਾਂ ਦੇ ਲੋਕ ਵੀ ਕਰਿਆ ਕਰਦੇ ਹਨ। ਇਹ ਸ਼ਿਸ਼ਟਤਾ ਦਾ ਇਕ ਤਰੀਕਾ ਹੈ। ਇਹ ਮਹਿਜ਼ ਰਸਮੀ ਗੱਲ ਹੈ। ਇਹ 'ਖੇਡ' ਚਲਦੀ ਰਹਿੰਦੀ ਹੈ।''

ਡਾ. ਦਿਲਗੀਰ ਦਾ ਮੱਤ ਹੈ ਕਿ ਇਹ ਨਾ ਤਾਂ 'ਸਿੱਖ ਇਕ ਵਖਰੀ ਕੌਮ' ਨਾਹਰੇ ਦੀ ਹਮਾਇਤ ਹੈ ਅਤੇ ਨਾ ਹੀ 'ਖ਼ਾਲਿਸਤਾਨ' ਦੀ ਹਮਾਇਤ। ਇਹ ਇਸੇ ਤਰ੍ਹਾਂ ਹੈ ਜਿਵੇਂ ਪ੍ਰਧਾਨ ਮੰਤਰੀ ਮੋਦੀ ਕਿਸੇ ਮੁਲਕ ਵਿਚ ਜਾਂਦਾ ਹੈ ਅਤੇ ਉਨ੍ਹਾਂ ਨਾਲ ਵਪਾਰ ਦੇ ਮੁਆਹਿਦੇ ਕਰਦਾ ਹੈ ਅਤੇ ਉਹ ਪਾਕਿਸਤਾਨ ਵਿਰੁਧ ਬਿਆਨ ਦੇ ਦੇਂਦੇ ਹਨ। ਨਾ ਤਾਂ ਉਨ੍ਹਾਂ ਬਿਆਨਾਂ ਨਾਲ ਪਾਕਿਸਤਾਨ ਨੂੰ ਫ਼ਰਕ ਪੈਂਦਾ ਹੈ ਅਤੇ ਨਾ ਹੀ ਬਰਤਾਨੀਆਂ ਦੇ ਐਮ.ਪੀਜ਼. ਵਲੋਂ ਸਿੱਖਾਂ ਬਾਰੇ ਕੋਈ ਬਿਆਨ ਦੇਣ ਨਾਲ ਕੋਈ ਫ਼ਰਕ ਪੈਂਦਾ ਹੈ। ਚੇਤੇ ਰਹੇ ਕਿ ਕਦੇ ਅਮਰੀਕਾ ਵਿਚ ਡਾ. ਗੁਰਮੀਤ ਸਿੰਘ ਔਲਖ ਵੀ ਇਹ ਰੋਲ ਕੀਤਾ ਕਰਦਾ ਸੀ। ਉਹ ਵੀ ਕੁੱਝ ਕਾਂਗਰਮੈਨਾਂ ਨਾਲ ਨੇੜਤਾ ਬਣਾ ਕੇ ਭਾਰਤ ਸਰਕਾਰ ਵਿਰੁਧ ਬਿਆਨ ਦਿਵਾ ਲਿਆ ਕਰਦਾ ਸੀ। ਉਹ ਤਾਂ ਸੈਨਟ ਤੇ ਕਾਂਗਰਸ (ਪਾਰਲੀਮੈਂਟ ਦੇ ਦੋਹਾਂ ਹਾਊਸਿਜ਼) ਵਿਚ ਵੀ ਭਾਰਤ ਵਿਰੁਧ ਬਿਆਨ ਦਿਵਾ ਲਿਆ ਕਰਦਾ ਸੀ। ਪਰ ਉਸ ਨਾਲ ਭਾਰਤ ਨੂੰ ਕਦੇ ਕੋਈ ਫ਼ਰਕ ਨਹੀਂ ਪਿਆ ਸੀ।

ਡਾ. ਦਿਲਗੀਰ ਅਨੁਸਾਰ, ਇਸ ਤਰ੍ਹਾਂ ਐਮ.ਪੀ. ਨੂੰ ਫੜ ਕੇ ਬਿਆਨ ਦਿਵਾ ਲੈਣ ਨਾਲ ਜਾਂ 'ਰੀਫ਼ਰੈਂਡਮ' ਦਾ ਡਰਾਮਾ ਕਰ ਲੈਣ ਨਾਲ ਖ਼ਾਲਿਸਤਾਨ ਨਹੀਂ ਬਣ ਜਾਣਾ। 100 ਤਾਂ ਕੀ ਜੇ ਇੰਗਲੈਂਡ ਦੇ ਸਾਰੇ 650 ਐਮ.ਪੀ. ਵੀ ਦਸਤਖ਼ਤ ਕਰ ਦੇਣ ਜਾਂ ਪਾਰਲੀਮੈਂਟ ਵਿਚ ਮਤਾ ਪਾਸ ਕਰ ਦੇਣ ਤਾਂ ਵੀ ਖ਼ਾਲਿਸਤਾਨ ਨਹੀਂ ਬਣ ਜਾਣਾ। ਇਸ ਗੱਲੋਂ ਕੈਨੇਡਾ ਦੇ ਸਿੱਖ ਸਹੀ ਹਨ। ਉਥੇ ਉਹ ਚੋਣਾਂ ਜਿੱਤ ਕੇ ਪਾਰਲੀਮੈਂਟ ਵਿਚ ਜਾਂਦੇ ਹਨ ਅਤੇ ਸਿੱਖਾਂ ਦੇ ਲੋਕਲ ਮਸਲੇ ਹੱਲ ਕਰਵਾਉਂਦੇ ਹਨ।  ਉਹ ਅਪਣੇ ਭਾਈਚਾਰੇ ਦੀ ਅਸਲ ਸੇਵਾ ਕਰਦੇ ਹਨ।  ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨਾਲ ਕਿਸੇ ਦੇ ਕੋਈ ਫ਼ਰਕ ਹੋ ਸਕਦੇ ਹਨ, ਪਰ ਉਨ੍ਹਾਂ ਦਾ ਇਹ ਤਰੀਕਾ ਕਾਰਗਰ ਹੋ ਗੁਜ਼ਰਿਆ ਹੈ। ਅੰਤ ਵਿਚ ਡਾ. ਦਿਲਗੀਰ ਚੇਤਾਵਨੀ ਦੇਂਦੇ ਹੋਏ ਕਹਿੰਦੇ ਹਨ ਕਿ ਇੰਗਲੈਂਡ ਵਿਚ ਕੁੱਝ ਚੌਧਰੀ ਅਜਿਹੇ ਹਨ ਜੋ ਇਹੋ ਜਿਹੇ ਡਰਾਮੇ ਕਰਨ ਦੇ ਮਾਹਿਰ ਹਨ। ਉਹ ਕਦੇ ਸਿੱਖ ਕੌਂਸਲ, ਕਦੇ ਸਿੱਖ ਫ਼ੈਡਰੇਸ਼ਨ, ਕਦੇ ਸਿੱਖ ਪਾਰਲੀਮੈਂਟ ਬਣਾ ਲੈਂਦੇ ਹਨ ਤੇ ਮੋਰਚਿਆਂ ਦੇ ਨਾਂ ਤੇ ਜਾਂ ਸ਼ਹੀਦਾਂ ਨੂੰ ਦੇਣ ਦੇ ਨਾਂ ਤੇ ਫ਼ੰਡ ਇਕੱਠੇ ਕਰਦੇ ਰਹਿੰਦੇ ਹਨ। ਉਨ੍ਹਾਂ ਵਿਚੋਂ ਕਈ ਤਾਂ ਦਰਜਨ ਦਰਜਨ ਘਰਾਂ, ਫ਼ੈਕਟਰੀਆਂ ਤੇ ਰੈਸਟੋਰਾਂ ਦੇ ਮਾਲਕ ਬਣ ਚੁਕੇ ਹਨ। ਦਸਵੰਧ ਦੇ ਨਾਂ ਤੇ ਇਹ ਠੱਗੀ ਦੀ ਦੁਕਾਨ ਹੈ। ਇਸੇ ਤਰ੍ਹਾਂ ਦੀ ਚਾਲਾਕੀ ਨਾਲ ਇੱਥੋਂ ਦੇ ਚਾਰ ਟੀ.ਵੀ. ਵੀ ਅਪਣੀ ਦੁਕਾਨਦਾਰੀ ਚਲਾ ਰਹੇ ਹਨ। ਇਹ ਸਾਰਾ ਕੁੱਝ ਵੀ ਸ਼ਾਇਦ ਫ਼ੰਡ ਇਕੱਠੇ ਕਰਨ ਦਾ ਤਰੀਕਾ ਹੈ। ਸੰਗਤਾਂ ਕਿਸੇ ਖ਼ੁਸ਼ਫ਼ਹਿਮੀ ਜਾਂ ਭਰਮ ਦਾ ਸ਼ਿਕਾਰ ਨਾ ਹੋਣ।