ਬੇਅਦਬੀ ਕਾਂਡ: ਕਮਿਸ਼ਨ ਵਲੋਂ ਪ੍ਰੋ. ਬਡੂੰਗਰ ਤਲਬ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 27 ਸਤੰਬਰ (ਗੁਰਿੰਦਰ ਸਿੰਘ): ਪਿਛਲੇ ਮਹੀਨੇ 16, 17 ਅਤੇ 18 ਅਗੱਸਤ ਦੇ ਤਿੰਨ ਰੋਜ਼ਾ ਦੌਰੇ ਮੌਕੇ ਕੋਟਕਪੂਰਾ ਵਿਖੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੰਕੇਤ ਦਿਤਾ ਸੀ ਕਿ ਬੇਅਦਬੀ ਕਾਂਡ ਦੇ ਸਬੰਧ 'ਚ ਤਤਕਾਲੀਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ ਤੇ ਹੁਣ ਕਮਿਸ਼ਨ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਕਮਿਸ਼ਨ ਵਲੋਂ ਪ੍ਰ੍ਰੋ. ਬਡੂੰਗਰ ਨੂੰ ਸੌਦਾ ਸਾਧ ਨੂੰ ਮੁਆਫ਼ੀ ਦੇਣ ਅਤੇ ਮੁਆਫ਼ੀ ਦੇਣ ਦਾ ਫ਼ੈਸਲਾ ਵਾਪਸ ਲੈਣ ਨਾਲ ਸਬੰਧਤ ਸਾਰਾ ਰੀਕਾਰਡ ਨਾਲ ਲਿਆਉਣ ਲਈ ਕਿਹਾ ਹੈ। ਕਮਿਸ਼ਨ ਮੁਤਾਬਕ ਸਾਲ 2015 'ਚ ਇਕ ਹਫ਼ਤੇ ਦੌਰਾਨ ਮੁਆਫ਼ੀ ਦੇਣ ਅਤੇ ਮੁਆਫ਼ੀ ਦਾ ਫ਼ੈਸਲਾ ਵਾਪਸ ਲੈਣ ਦੀਆਂ ਘਟਨਾਵਾਂ ਦਾ ਇਸ ਮਸਲੇ ਅਤੇ ਜਾਂਚ 'ਚ ਸਹਾਈ ਹੋਣਾ ਸੁਭਾਵਕ ਹੈ।
ਜਸਟਿਸ ਰਣਜੀਤ ਸਿੰਘ ਨੇ ਪ੍ਰੋ. ਬਡੂੰਗਰ ਨੂੰ ਸੰਮਨ ਭੇਜਣ ਦੀ ਪੁਸ਼ਟੀ ਕਰਦਿਆਂ ਬੇਅਦਬੀ ਕਾਂਡ ਨਾਲ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਕੋਲ ਇਸ ਘਟਨਾਕ੍ਰਮ ਨਾਲ ਸਬੰਧ ਰਖਦੇ ਕੋਈ ਵੀਡੀਉ/ਆਡੀਉ ਜਾਂ ਹੋਰ ਦਸਤਾਵੇਜ਼ ਹੋਣ ਤਾਂ ਉਹ ਕਮਿਸ਼ਨ ਨੂੰ ਜ਼ਰੂਰ ਮੁਹਈਆ ਕਰਾਉਣ।
ਜ਼ਿਕਰਯੋਗ ਹੈ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ 'ਚੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆੇ 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੌਦਾ ਸਾਧ ਦੇ ਪ੍ਰੇਮੀਆਂ ਨੇ ਉਕਤ ਗੁਰਦਵਾਰੇ ਦੀਆਂ ਕੰਧਾਂ 'ਤੇ ਇਕ ਤੋਂ ਵਧ ਹੱਥ ਲਿਖਤ ਪੋਸਟਰ ਲਾ ਕੇ ਪਾਵਨ ਸਰੂਪ ਅਪਣੇ ਕੋਲ ਹੋਣ ਅਤੇ ਉਸ ਦੀ ਭਾਲ ਕਰਨ ਵਾਲੇ ਨੂੰ ਦਸ ਲੱਖ ਰੁਪਏ ਅਪਣੇ ਡੇਰੇ 'ਚ ਦੇਣ ਦੀ ਪੇਸ਼ਕਸ਼ ਸਮੇਤ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ। 12 ਅਕਤੂਬਰ ਨੂੰ ਤੜਕਸਾਰ ਬਰਗਾੜੀ ਵਿਖੇ ਪਾਵਨ ਸਰੂਪ ਦੀ ਬੇਅਦਬੀ ਕਰ ਦਿਤੀ ਗਈ। 14 ਅਕਤੂਬਰ ਨੂੰ ਸ਼ਾਂਤਮਈ ਧਰਨੇ 'ਤੇ ਬੈਠੀ ਸਿਮਰਨ ਕਰਦੀ ਸੰਗਤ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਨਾਲ ਪਿੰਡ ਬਹਿਬਲ ਵਿਖੇ ਦੋ ਨੌਜਵਾਨ ਸ਼ਹੀਦ ਹੋ ਗਏ ਜਦਕਿ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਦਰਜਨਾਂ ਸਿੱਖ ਨੌਜਵਾਨ ਜ਼ਖ਼ਮੀ ਹੋਏ ਅਤੇ ਪੁਲਿਸ ਵਲੋਂ ਘਰਾਂ 'ਚੋਂ ਕੱਢ-ਕੱਢ ਕੇ ਅਤੇ ਘੇਰ-ਘੇਰ ਕੇ ਸਿੱਖਾਂ ਨੂੰ ਛੱਲੀਆਂ ਵਾਂਗ ਕੁੱਟਣ ਦੇ ਵੀਡੀਉ ਕਲਿੱਪ ਸੋਸ਼ਲ ਮੀਡੀਆ ਰਾਹੀਂ ਖੂਬ ਵਾਇਰਲ ਹੋਏ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਗਠਿਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਖ਼ੁਦ ਜਾਂ ਅਪਣੇ ਨੁਮਾਇੰਦੇ ਰਾਹੀਂ 9 ਅਕਤੂਬਰ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।