ਜੈਤੋ, 18 ਸਤੰਬਰ (ਭੂਰਾ
ਸਿੰਘ ਰਮਨ/ਜਸਵਿੰਦਰ ਸਿੰਘ ਜੱਸਾ): ਸਾਲਾਨਾ ਜੋੜ ਮੇਲਾ ਗੁਰੂ ਕੀ ਢਾਬ ਵਿਖੇ ਸ਼੍ਰੋਮਣੀ
ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਸਿਆਸੀ ਰੈਲੀ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸ.
ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਨੇ ਪਿਛਲੇ 70 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ
ਅਤੇ ਉਨ੍ਹਾਂ ਦੇ ਲੀਡਰਾਂ ਨੂੰ ਦੇਸ਼ ਦੀ ਮਾੜੀ ਹਾਲਤ ਲਈ ਅਤੇ ਭੋਲੇ ਭਾਲੇ ਲੋਕਾਂ ਨੂੰ
ਅਪਣੀਆਂ ਲੂੰਬੜ ਚਾਲਾਂ ਨਾਲ ਲੁੱਟਣ ਅਤੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਧੋਖੇਬਾਜ਼
ਗਰਦਾਨਿਆਂ।
ਇਸ ਮੌਕੇ ਜਥੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਦੇ ਨਾਂਅ 'ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੈਦੀਆਂ ਨੂੰ ਜੰਗੀ ਕੈਦੀ ਪ੍ਰਵਾਨ ਕਰ ਕੇ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਸਾਜ਼ਸ਼ਘਾੜਿਆਂ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਬਾਦਲਾਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ
ਇਨ੍ਹਾਂ ਦੀ ਪੁਸ਼ਤਪਨਾਹੀ ਵਿਚ ਹੀ ਨਸ਼ੇ ਦਾ ਕਾਰੋਬਾਰ ਫ਼ੈਲਿਆ ਅਤੇ ਨੌਜਵਾਨੀ ਦਾ ਘਾਣ ਹੋਇਆ
ਹੈ ਜਿਸ ਦੀ ਪ੍ਰੋੜਤਾ ਨਸ਼ੇ ਦਾ ਤਸਕਰ ਭਲਵਾਨ ਭੋਲਾ ਸਿੰਘ ਅਪਣੇ ਬਿਆਨਾਂ ਰਾਹੀਂ ਕਰ ਰਿਹਾ
ਹੈ। ਸ. ਮਾਨ ਨੇ ਕਾਤਲ, ਬਲਾਤਕਾਰੀ ਸੌਦਾ ਸਾਧ ਨੂੰ ਸਿਆਸੀ ਮੁਫ਼ਾਦਾਂ ਅਧੀਨ ਮੁਆਫ਼ੀ ਕਰਾਉਣ
ਲਈ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਅਤੇ ਅਖੌਤੀ ਜਥੇਦਾਰਾਂ ਨੂੰ ਦੋਸ਼ੀ ਠਹਿਰਾਇਆ।