ਭਾਈ ਦਇਆ ਸਿੰਘ ਲਾਹੌਰੀਆ ਨੇ ਭੁਗਤੀ ਪੇਸ਼ੀ

ਪੰਥਕ, ਪੰਥਕ/ਗੁਰਬਾਣੀ


ਨਵੀਂ ਦਿੱਲੀ, 10  ਸਤੰਬਰ (ਸੁਖਰਾਜ ਸਿੰਘ): ਭਾਈ ਦਇਆ ਸਿੰਘ ਲਾਹੌਰੀਆ ਨੂੰ ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਸੌਦਾ ਸਾਧ ਕੇਸ ਐਫ਼.ਆਈ.ਆਰ ਨੰ 77/2007 ਧਾਰਾ 25(1), 120-ਬੀ ਅਤੇ 121-ਏ ਕੋਰਟ ਵਿਚ ਦਿੱਲੀ ਪੁਲਿਸ ਦੀ ਸਖ਼ਤ ਸੁਰਖਿਆ ਹੇਠ ਬੀਤੇ ਦਿਨ ਪੇਸ਼ ਕੀਤਾ ਗਿਆ।

ਇਸੇ ਕੇਸ ਵਿਚ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀਂ ਕੀਤਾ ਗਿਆ ਅਤੇ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜ਼ਮਾਨਤ 'ਤੇ ਹਨ ਉਹ ਨਿਜੀ ਤੌਰ 'ਤੇ ਪੇਸ਼ ਹੋਏ ਸਨ। ਜਾਣਕਾਰੀ ਮੁਤਾਬਕ ਇਨ੍ਹਾਂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਅਦਾਲਤ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅੱਜ ਟੈਲੀਫ਼ੋਨ ਆਪਰੇਟਰ ਨੇ ਅਦਾਲਤ ਵਿਚ ਹਾਜ਼ਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ਸੀ ਜਿਸ ਨੂੰ ਭਾਈ ਲਾਹੌਰੀਆ ਦੇ ਵਕੀਲ ਨੇ ਕਰਾਸ ਕੀਤਾ।

ਇਸ ਮਾਮਲੇ ਦੀ ਅਗਲੀ ਸੁਣਵਾਈ 22 ਤੇ 27 ਨਵੰਬਰ ਨੂੰ ਹੋਵੇਗੀ। ਇਸੇ ਤਰ੍ਹਾਂ ਹਾਈ ਕੋਰਟ ਅੰਦਰ ਭਾਈ ਲਾਹੌਰੀਆ ਦੀ ਚਲੀ ਜ਼ਮਾਨਤ ਦੀ ਕਾਰਵਾਈ ਵਿਚ ਵੀ ਵਕੀਲਾਂ ਵਲੋਂ ਕ੍ਰਾਸਿੰਗ ਹੋਈ ਸੀ। ਮਾਮਲੇ ਵਿਚ ਪੰਜਾਬ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਉਚੇਚੇ ਤੌਰ 'ਤੇ ਭਾਈ ਦਇਆ ਸਿੰਘ ਲਾਹੌਰੀਆ ਵਲੋਂ ਹਾਈ ਕੋਰਟ ਅੰਦਰ ਪੇਸ਼ ਹੋਏ ਸਨ। ਅਦਾਲਤ ਅੰਦਰ ਜ਼ਿਆਦਾ ਕੇਸ ਹੋਣ ਕਰ ਕੇ ਭਾਈ ਲਾਹੌਰੀਆ ਦੀ ਜ਼ਮਾਨਤ ਦੇ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਲਈ ਰਾਖਵੀ ਕਰ ਦਿਤੀ ਗਈ ਹੈ।