ਭਲਕੇ ਦਰਬਾਰ ਸਾਹਿਬ ਆਉਣਗੇ ਟਰੂਡੋ

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 19 ਫ਼ਰਵਰੀ (ਚਰਨਜੀਤ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਆਖ਼ਰੀ ਛੋਹਾਂ ਦਿਤੀਆਂ ਜਾ ਚੁੱਕੀਆਂ ਹਨ। ਟਰੂਡੋ ਅਪਣੇ ਪੰਜ ਪਰਵਾਰਕ ਮੈਂਬਰਾਂ, 16 ਮੈਂਬਰ ਪਾਰਲੀਮੈਂਟ, 5 ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜ ਮੰਤਰੀਆਂ ਨਾਲ 21 ਫ਼ਰਵਰੀ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ।  ਜਸਟਿਨ ਟਰੂਡੋ ਨਾਲ 40 ਦੇ ਕਰੀਬ ਕੈਨੇਡਾ ਤੋਂ ਪੱਤਰਕਾਰ ਵੀ ਆ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਵੇਂ ਹੀ ਜਸਟਿਨ ਟਰੂਡੋ ਅਪਣੇ ਕਾਫ਼ਲੇ ਨਾਲ ਦਰਬਾਰ ਸਾਹਿਬ ਪਲਾਜ਼ਾ ਵਿਖੇ ਪੁਜਣਗੇ ਤਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕਤੱਰ ਡਾਕਟਰ ਰੂਪ ਸਿੰਘ ਉਨ੍ਹਾਂ ਨੂੰ ਜੀ ਆਇਆਂ ਕਹਿਣਗੇ। 

ਉਸ ਤੋਂ ਬਾਅਦ ਰਸਮੀ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਨ੍ਹਾਂ ਦਾ ਸਵਾਗਤ ਕਰਨਗੇ। ਜਸਟਿਨ ਟਰੂਡੋ ਦਰਬਾਰ ਸਾਹਿਬ ਦੀਪੂਰੀ ਪ੍ਰਕਰਮਾ ਕਰਨਗੇ ਅਤੇ ਸ੍ਰੀ ਗੁਰੂ ਰਾਮਦਾਸ  ਲੰਗਰ ਹਾਲ ਜਾ ਕੇ ਕੁੱਝ ਸਮਾਂ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰਨਗੇ। ਦਰਬਾਰ ਸਾਹਿਬ ਵਿਖੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿਚ ਰੁਮਾਲਾ ਭੇਂਟ ਕਰਨਗੇ ਜਿਸ ਤੋਂ ਬਾਅਦ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨਤ ਕੀਤਾ ਜਾਵੇਗਾ।