ਨੰਗਲ, 31
ਅਗੱਸਤ (ਕੁਲਵਿੰਦਰ ਭਾਟੀਆ): ਰੋਜ਼ਾਨਾ ਸਪੋਕਸਮੈਨ ਵਿਚ ਅੱਜ ਬਾਬਾ ਪਿਆਰਾ ਸਿੰਘ ਭਨਿਆਰਾ
ਵਾਲੇ ਦੀ ਖ਼ਬਰ ਛੱਪਣ ਤੋਂ ਬਾਅਦ ਲੋਕਾਂ ਵਿਚ ਇਹ ਚਰਚਾ ਰਹੀ ਕਿ ਬਾਬਾ ਇਕਦਮ ਸਰਗਰਮ ਕਿਵੇਂ
ਹੋ ਗਿਆ ਅਤੇ ਕਈ ਲੋਕ ਬਾਬੇ ਦਾ ਪਿਛੋਕੜ ਜਾਣਨ ਦੇ ਵੀ ਇਛੁੱਕ ਰਹੇ।
ਦਸਣਾ
ਬਣਦਾ ਹੈ ਕਿ ਪਿਆਰਾ ਸਿੰਘ ਭਨਿਆਰਾ ਵਾਲਾ ਜੰਗਲਾਤ ਵਿਭਾਗ ਵਿਚ ਦਰਜਾ ਚਾਰ ਦਾ ਕਰਮਚਾਰੀ
ਸੀ ਅਤੇ ਇਸ ਦੀ ਕਿਸ ਤਰ੍ਹਾਂ ਤਤਕਾਲੀ ਕੇਂਦਰੀ ਮੰਤਰੀ ਬੂਟਾ ਸਿੰਘ ਨਾਲ ਅੱਖ ਭਿੜ ਗਈ ਅਤੇ
ਇਸ ਤੋਂ ਬਾਅਦ ਬਾਬੇ ਦੇ ਇਸ ਡੇਰੇ ਦਾ ਉਦਘਾਟਨ ਵੀ ਕਥਿਤ ਤੌਰ 'ਤੇ ਬੂਟਾ ਸਿੰਘ ਕਰ ਗਿਆ।
ਸਾਲ 2000 ਵਿਚ ਇਲਾਕਾ ਨੂਰਪੁਰਬੇਦੀ ਦੇ ਇਕ ਪਿੰਡ ਵਿਚ ਬਹੁਤ ਹੀ ਮਸ਼ਹੂਰ ਹੋ ਗਿਆ ਸੀ
ਅਤੇ ਇਸ ਦੇ ਕੋਲ ਕਈ ਪ੍ਰਸ਼ਾਸਕੀ ਅਫ਼ਸਰ, ਪੁਲਿਸ ਅਫ਼ਸਰ ਅਤੇ ਜੱਜ ਵੀ ਗੇੜੇ ਮਾਰਨ ਲੱਗ ਪਏ
ਸਨ। ਹਲਾਤ ਇਥੋਂ ਤਕ ਸਨ ਕਿ ਇਕ ਪਾਸੇ ਮੁੱਖ ਮੰਤਰੀ ਦਾ ਫ਼ੋਨ ਕਰਵਾ ਲਉ ਅਤੇ ਦੂਜੇ ਪਾਸੇ
ਬਾਬੇ ਦਾ ਫ਼ੋਨ ਕਰਵਾ ਲਉ ਕੰਮ ਬਰਾਬਰ ਹੁੰਦਾ ਸੀ। ਬਾਬੇ ਦਾ ਜੁਡੀਸ਼ਰੀ ਵਿਚ ਵੀ ਦਬਦਬਾ ਬਣ
ਗਿਆ ਸੀ ਅਤੇ ਬਾਬੇ ਕੋਲ ਜੱਜ ਵੀ ਆਉਣ ਲੱਗ ਪਏ ਸਨ ਜਿਸ ਦੀ ਬਾਅਦ ਵਿਚ ਪੁਸ਼ਟੀ ਵੀ ਹੋ ਗਈ
ਸੀ ਅਤੇ ਬਾਬੇ ਕੋਲ ਜਾਣ ਵਾਲੇ ਅਫ਼ਸਰਾਂ ਦੀ ਖ਼ਬਰ ਵੀ ਸਪੋਕਸਮੈਨ ਨੇ ਛਾਪੀ ਸੀ।
ਦੂਜੇ
ਪਾਸੇ ਬਾਬੇ ਨੂੰ ਪੂਰੀ ਰਾਜਨੀਤਕ ਸ਼ਹਿ ਮਿਲ ਚੁੱਕੀ ਸੀ ਅਤੇ ਬਾਬੇ ਨਾਲ ਕਾਂਗਰਸੀ ਆਗੂ
ਬੂਟਾ ਸਿੰਘ, ਚੌਧਰੀ ਜਗਜੀਤ ਸਿੰਘ, ਚਰਨਜੀਤ ਸਿੰਘ ਚੰਨੀ ਤਤਕਾਲੀ ਮੈਂਬਰ ਪਾਰਲੀਮੈਂਟ,
ਬਸਪਾ ਦੇ ਕਾਂਸ਼ੀ ਰਾਮ, ਅਕਾਲੀ ਆਗੂ ਗੁਰਦੇਵ ਸਿੰਘ ਬਾਦਲ, ਅਤੇ ਹੋਰ ਕਈ ਅਕਾਲੀ ਆਗੂ ਇਥੇ
ਚੌਕੀਆਂ ਭਰਦੇ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦਾ ਨਾਂਅ ਵੀ
ਭਨਿਆਰਾ ਸਾਧ ਨਾਲ ਕਥਿਤ ਤੌਰ 'ਤੇ ਜੁੜਨ ਦੇ ਚਰਚੇ ਰਹੇ ਸਨ।
ਬਾਬਾ ਪਿਆਰਾ ਸਿੰਘ
ਭਨਿਆਰਾ ਵਾਲਾ ਸਿਰ 'ਤੇ ਕਲਗੀ ਲਗਾਉਂਦਾ ਸੀ ਅਤੇ ਅਪਣੇ ਆਪ ਨੂੰ ਕਲਗੀਆਂ ਵਾਲਾ ਅਖਵਾਉਂਦਾ
ਸੀ। ਇਸ ਨੂੰ ਪੰਜ ਸਿੰਘ ਸਹਿਬਾਨਾਂ ਵਲੋਂ ਤਤਕਾਲੀ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਵਿਚ
17-8-1998 ਨੂੰ ਪੰਥ ਵਿਚੋ ਛੇਕ ਦਿਤਾ ਗਿਆ ਸੀ ਜਿਸ ਤੋਂ ਬਾਅਦ ਬਾਬੇ ਨੇ ਬਿਆਨ ਦੇ
ਦਿਤਾ ਸੀ ਕਿ '' ਮੈਂ ਸਿੱਖ ਹੀ ਨਹੀਂ ਅਤੇ ਮੇਰੇ 'ਤੇ ਹੁਕਮਨਾਮਾ ਲਾਗੂ ਨਹੀ ਹੁੰਦਾ।''
18
ਸਤੰਬਰ 2001 ਨੂੰ ਤਾਕਤ ਦੇ ਨਸ਼ੇ ਵਿਚ ਚੂਰ ਹੋਏ ਬਾਬੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਇਕ ਸਰੂਪ ਨੂੰ ਅਗਨ ਭੇਂਟ ਕਰਵਾ ਦਿਤਾ ਸੀ ਅਤੇ ਬਾਅਦ ਵਿਚ ਹੋਰ ਸਰੂਪ ਵੀ ਅਗਨ ਭੇਂਟ
ਹੋਏ ਸਨ। ਸਿੱਖਾਂ ਦਾ ਰੋਹ ਭੜਕ ਗਿਆ ਅਤੇ ਸਰਕਾਰ ਨੂੰ ਮਜਬੂਰ ਹੋ ਕੇ 26 ਸਤੰਬਰ ਨੂੰ
ਬਾਬੇ ਅਤੇ ਉਸ ਦੇ 148 ਚੇਲਿਆਂ ਵਿਰੁਧ ਮੁਕੱਦਮਾ ਦਰਜ ਕਰਨਾ ਪਿਆ ਸੀ ਅਤੇ ਬਾਬੇ ਨੂੰ
ਗ੍ਰਿਫ਼ਤਾਰ ਕਰ ਲਿਆ ਸੀ। ਸਾਲ 2013 ਵਿਚ ਬਾਬੇ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਸੀ ਅਤੇ
ਕਾਨੂੰਨੀ ਪੱਖਾਂ ਤਹਿਤ ਬਾਬੇ ਨੂੰ ਮੌਕੇ 'ਤੇ ਹੀ ਜ਼ਮਾਨਤ ਮਿਲ ਗਈ ਸੀ ਅਤੇ ਹੁਣ ਇਹ ਕੇਸ
ਸੈਸ਼ਨ ਕੋਰਟ ਅੰਬਾਲਾ ਵਿਚ ਚੱਲ ਰਿਹਾ ਹੈ।