ਸ੍ਰੀ ਮੁਕਤਸਰ ਸਾਹਿਬ, 5 ਸਤੰਬਰ
(ਰਣਜੀਤ ਸਿੰਘ/ਗੁਰਦੇਵ ਸਿੰਘ): ਪੰਜਾਬ ਵਿਚ ਕਾਂਗਰਸ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਕਰ ਦਿਤੀਆਂ ਸਨ। ਇਸ
ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਚ ਟਰੱਕ ਯੂਨੀਅਨ ਦੇ ਹਲਾਤ ਕਈ ਵਾਰ ਤਣਾਅ ਪੂਰਨ ਬਣ
ਚੁੱਕੇ ਹਨ। ਹੁਣ ਪ੍ਰਸ਼ਾਸਨ ਵਲੋਂ ਇਥੇ 145 ਧਾਰਾ ਲਾਗੂ ਕੀਤੀ ਗਈ ਜਿਸ ਦੇ ਆਧਾਰ ਤੇ ਟਰੱਕ
ਯੂਨੀਅਨ ਨੂੰ ਜਿੰਦਰਾ ਲਗਣਾ ਸੀ ਪਰ ਇਥੇ ਗੁਰਦਵਾਰਾ ਹੋਣ ਕਰ ਕੇ ਇਹ ਧਾਰਾ ਲਾਗੂ ਨਹੀਂ
ਹੋ ਸਕਦੀ ਸੀ। ਪ੍ਰਸ਼ਾਸਨ ਵਲੋਂ ਪ੍ਰਧਾਨ ਰਹਿ ਚੁੱਕੇ ਗੁਰਮੀਤ ਸਿੰਘ ਬੁੱਲਾ ਦੇ ਬੰਦਿਆਂ
ਨੂੰ ਕਿਹਾ ਗਿਆ ਕਿ ਇਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੈਅ ਥਾਂ 'ਤੇ
ਪਹੁੰਚਾਏ ਜਾਣ।
ਕਰੀਬ ਦੁਪਹਿਰ 2 ਵਜੇ ਦੇ ਕਰੀਬ ਇਨੋਵਾ ਗੱਡੀ 'ਤੇ ਆਏ ਵਿਅਕਤੀਆਂ
ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਕ ਗੱਡੀ ਵਿਚ ਰੱਖ ਕੇ ਲਿਜਾਏ ਗਏ ਪਰ ਇਥੇ
ਵਿਰੋਧੀ ਧਿਰ ਅਤੇ ਮੌਕੇ ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੇ ਸਰੂਪ ਨੂੰ ਬਿਨਾਂ ਮਰਿਆਦਾ ਤੋਂ ਲਿਜਾਇਆ ਗਿਆ ਹੈ ਅਤੇ ਸਰੂਪ ਲਿਜਾਣ ਵਾਲੇ ਵਿਅਕਤੀ
ਵੀ ਘੱਟ ਸਨ। ਸਿਰਫ਼ ਪੰਜ ਬੰਦੇ ਸਨ ਜੋ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਕੋ
ਵਾਰੀ ਲੈ ਕੇ ਗਏ ਸਨ।
ਗੁਰਜਿੰਦਰ ਸਿੰਘ ਕਾਲਾ ਦਾ ਕਹਿਣਾ ਹੈ ਕਿ ਘਟਨਾ ਦਾ ਪਤਾ
ਲੱਗਣ ਤੇ ਉਸ ਨੇ ਵੇਖਿਆ ਕਿ ਗੁਰਦਵਾਰੇ ਵਿਚ ਸਮਾਨ (ਰੁਮਾਲੇ ਆਦਿ) ਖਿਲਰੇ ਪਏ ਸਨ।
ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਗ੍ਰੰਥੀ ਦੀ ਸੇਵਾ ਕਰ ਰਹੇ ਰੂੜ ਸਿੰਘ ਨੂੰ ਇਤਲਾਹ
ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਇਸ ਤਰ੍ਹਾਂ ਦੀ ਹੋਈ ਬੇਅਦਬੀ ਨੂੰ
ਲੈ ਕੇ ਟਰੱਕ ਆਪਰੇਟਰਾਂ ਵਿਚ ਭਾਰੀ ਰੋਸ ਪਾਇਆ ਗਿਆ। ਟਰੱਕ ਆਪਰੇਟਰਾਂ ਨੇ ਮੰਗ ਕੀਤੀ ਹੈ
ਕਿ ਇਸ ਗੁ: ਸਾਹਿਬ ਵਿਚ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੈਅ ਕੀਤਾ
ਜਾਵੇ।
ਇਸ ਬਾਰੇ ਗ੍ਰੰਥੀ ਰੂੜ ਸਿੰਘ ਨੇ ਦਸਿਆ ਕਿ ਉਕਤ ਵਿਅਕਤੀਆਂ ਨੇ ਉਨ੍ਹਾਂ
ਜਾਣਕਾਰੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਕੇ ਗੁ: ਬਿਧੀ ਚੰਦ
ਛਾਉਣੀ ਵਿਖੇ ਪਹੁੰਚਾਇਆ ਹੈ।
ਬਿਧੀ ਚੰਦ ਛਾਉਣੀ ਦੇ ਨਿਹੰਗ ਜੰਗ ਸਿੰਘ ਦਾ ਕਹਿਣਾ ਸੀ
ਕਿ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਡੀ ਜਾਣਕਾਰੀ ਤੋਂ ਬਿਨਾਂ ਛੱਡ ਕੇ
ਗਏ ਹਨ। ਸਿਰਫ਼ ਪਾਠੀ ਸਿੰਘ ਨੂੰ 'ਸਾਂਭ ਲਿਓ' ਕਹਿ ਕੇ ਗਏ ਹਨ ਜੋ ਗ਼ਲਤ ਅਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੈ। ਇਹ ਵਿਅਕਤੀ ਬੋਰੀਆਂ ਦੇ ਵਾਂਗ ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਸਰੂਪ ਉਥੇ ਛੱਡ ਕੇ ਆਏ ਹਨ।
ਵਿਰੋਧੀ ਧਿਰ ਦੇ ਲਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਇਹ ਗ਼ਲਤ ਇਲਜਾਮ ਲਾਏ ਜਾ ਰਹੇ ਹਨ।
ਅਸੀ
ਖ਼ੁਦ ਅੰਮ੍ਰਿਤਧਾਰੀ ਹੋਣ ਦੇ ਨਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ
ਕਰਦੇ ਹਾਂ। ਅਸੀ ਅਰਦਾਸ ਬੇਨਤੀ ਕਰ ਕੇ ਕਰੀਬ 15 ਵਿਅਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ
ਦੇ ਪ੍ਰਕਾਸ਼ ਬਿਧੀ ਚੰਦ ਦਲ ਦੇ ਗੁਰਦਵਾਰਾ ਵਿਖੇ ਪੁਜਦੇ ਕੀਤੇ ਹਨ।