ਬ੍ਰਿਟਿਸ਼ ਏਅਰਵੇਜ਼ ਵਿਚ ਹੋਏ ਧੱਕੇ ਵਿਰੁਧ ਸਿੱਖ ਕੁੜੀ ਨੇ ਆਵਾਜ਼ ਕੀਤੀ ਬੁਲੰਦ ਪੱਤਰਕਾਰ ਹਰਸ਼ਰਨ ਕੌਰ ਨੂੰ ਨਾ ਪੁਛਿਆ ਰੋਟੀ-ਪਾਣੀ

ਪੰਥਕ, ਪੰਥਕ/ਗੁਰਬਾਣੀ



ਨਵੀਂ ਦਿੱਲੀ, 29 ਸਤੰਬਰ (ਅਮਨਦੀਪ ਸਿੰਘ): ਬ੍ਰਿਟਿਸ਼ ਏਅਰਵੇਜ਼ ਦੀ ਉਡਾਣ 'ਚ ਅਪਣੇ ਨਾਲ ਹੋਏ ਅਖਉਤੀ ਧੱਕੇ ਵਿਰੁਧ ਇਕ ਅੰਮ੍ਰਿਤਧਾਰੀ ਤੇ ਕੇਸਕੀਧਾਰੀ ਸਿੱਖ ਪੱਤਰਕਾਰ ਬੀਬੀ ਨੇ ਆਵਾਜ਼ ਬੁਲੰਦ ਕੀਤੀ ਹੈ।

ਚੰਡੀਗੜ੍ਹ ਦੀ ਰਹਿਣ ਵਾਲੀ ਇਕ ਨਿੱਜੀ ਟੀ.ਵੀ.ਚੈੱਨਲ ਦੀ ਨੌਜਵਾਨ ਪੱਤਰਕਾਰ ਬੀਬਾ ਹਰਸ਼ਰਨ ਕੌਰ ਨੂੰ ਵਿਤਕਰੇ ਦਾ ਸਾਹਮਣਾ ਉਸ ਵੇਲੇ ਕਰਨਾ ਪਿਆ, ਜਦੋਂ ਉਹ 27 ਸਤੰਬਰ ਨੂੰ ਕੈਨੇਡਾ ਤੋਂ ਲੰਡਨ ਜਾਣ ਲਈ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ 'ਤੇ ਸਵਾਰ ਹੋਈ । ਉਦੋਂ ਜਹਾਜ਼ 'ਚ ਉਸਨੂੰ ਪੀਣ ਲਈ ਪਾਣੀ ਤੱਕ ਨਾ ਪੁਛਿਆ ਗਿਆ। ਆਖ਼ਰਕਾਰ ਜਦੋਂ ਬੀਬੀ ਨੇ ਜਹਾਜ਼ ਦੇ ਅਮਲੇ ਕੋਲ ਜਾ ਕੇ, ਰੋਸ ਪ੍ਰਗਟਾਇਆ ਤੇ ਪੁਛਿਆ, 'ਤੁਸੀਂ ਸਾਰੇ ਮੁਸਾਫ਼ਰਾਂ ਨੂੰ ਤਾਂ ਪਾਣੀ ਪੁਛਿਆ ਤੇ ਰੋਟੀ ਦਿਤੀ ਹੈ,  ਪਰ ਮੈਨੂੰ ਇਕ ਵਾਰ ਵੀ ਨਹੀਂ ਪੁਛਿਆ,  ਕਿਉਂ?' ਤਾਂ ਅੱਗੋਂ ਅਮਲੇ ਨੇ ਪੱਲਾ ਝਾੜ ਲਿਆ।

ਇਸ ਬਾਰੇ ਬੀਬੀ ਨੇ ਜਹਾਜ ਕੰਪਨੀ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਪਿਛੋਂ ਕੰਪਨੀ ਨੇ ਅੱਜ ਅਪਣੀ ਜਵਾਬੀ ਈ ਮੇਲ ਵਿਚ ਬੀਬੀ ਨੂੰ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਹੈ, ਪਰ ਹਰਸ਼ਰਨ ਕੌਰ ਨੇ ਕਿਹਾ, “ਮੈਨੂੰ ਮੁਆਵਜ਼ਾ ਨਹੀਂ ਚਾਹੀਦਾ, ਬਸ, ਕੰਪਨੀ ਇਹ ਯਕੀਨੀ ਬਣਾਏ ਕਿ ਭਵਿੱਖ ਵਿਚ ਸਿੱਖਾਂ ਤੇ ਹੋਰਨਾਂ ਭਾਈਚਾਰਿਆਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਵੇਗਾ।“

ਬੀਬੀ ਹਰਸ਼ਰਨ ਕੌਰ ਨੇ ਦੋਸ਼  ਲਾਇਆ ਹੈ, ' ਸਾਢੇ ਨੌਂ ਘੰਟੇ ਦੇ ਸਫ਼ਰ ਵਿਚਕਾਰ ਮੋਨਿਕਾ ਨਾਂਅ ਦੀ ਏਅਰ ਹੋਸਟੈੱਸ ਨੇ ਸਾਰੇ ਮੁਸਾਫ਼ਰਾਂ ਨੂੰ ਪੀਣ ਲਈ ਪਾਣੀ ਦਿਤਾ ਤੇ ਫਿਰ ਰੋਟੀ ਵੀ ਦਿਤੀ,  ਪਰ ਮੈਨੂੰ ਜਹਾਜ਼ ਦੇ ਅਮਲੇ ਨੇ ਨਾ ਤਾਂ ਪਾਣੀ ਪੁਛਿਆ ਤੇ ਨਾ ਹੀ ਰੋਟੀ ਦਿਤੀ।'
ਪੱਤਰਕਾਰ ਹਰਸ਼ਰਨ ਕੌਰ ਨੇ ਫੇੱਸਬੁਕ 'ਤੇ ਵੀਡੀਓ ਪਾ ਕੇ, ਇਸ ਸਾਰੇ ਵਾਕਿਆ ਬਾਰੇ ਦਸਿਆ ਹੈ, ਤੇ ਕਿਹਾ, “ਮੈਂ ਸੋਚਿਆ ਕਿ ਸ਼ਾਇਦ ਜਹਾਜ਼ ਦੇ ਅਮਲੇ ਕੋਲੋਂ ਉਕਾਈ ਹੋ ਗਈ ਹੋਵੇਗੀ, ਪਰ ਸਾਢੇ ਨੌਂ ਘੰਟੇ ਦੇ ਸਫ਼ਰ 'ਚ ਮੁੜ ਸਾਰੇ ਮੁਸਾਫ਼ਰਾਂ ਨੂੰ ਰਾਤ ਦੀ ਰੋਟੀ ਦਿਤੀ ਗਈ, ਪਰ ਮੈਨੂੰ ਮੁੜ ਨਾ ਪੁਛਿਆ ਗਿਆ। ਮੈਂ ਇਸ ਬਾਰੇ ਜਦੋਂ ਮੋਨਿਕਾ ਨਾਂਅ ਦੀ ਏਅਰ ਹੋਸਟਸ ਨੂੰ ਜਾ ਕੇ, ਪੁਛਿਆ,  ਕਿ ਤੁਸੀਂ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕਰ ਰਹੇ ਹੋ? ਤਾਂ ਅੱਗੋਂ ਏਅਰ ਹੋਸਟੈੱਸ ਨੇ ਜਵਾਬ ਦਿਤਾ, 'ਨਹੀਂ ਵਿਤਕਰੇ ਵਾਲੀ ਕੋਈ ਗੱਲ ਨਹੀਂ। ਅਸੀਂ ਭੁੱਲ ਗਏ ਸੀ। ਅਖ਼ੀਰ ਬਿਨਾਂ ਪੁਛੇ ਜਦੋਂ ਮੈਂ ਅਪਣੀ ਸੀਟ 'ਤੇ ਨਹੀਂ ਸੀ, ਤਾਂ ਰੋਟੀ ਦਾ ਪੈਕਟ ਰੱਖ ਗਏ।'
ਬੀਬੀ ਨੇ ਸਪਸ਼ਟ ਕੀਤਾ ਹੈ ਕਿ,  'ਮੈਨੂੰ ਮੁਆਵਜ਼ਾ ਨਹੀਂ ਚਾਹੀਦਾ ਤੇ ਬ੍ਰਿਟਿਸ਼ ਏਅਰ ਵੇਜ਼ ਦੇ ਸੀਈਓ ਤੇ ਸਬੰਧਤ ਮਹਿਕਮੇ ਦੇ ਭਾਰਤ ਤੇ ਇੰਗਲੈਂਡ ਦੇ ਮੰਤਰੀਆਂ ਨੂੰ ਇਸ ਬਾਰੇ ਸ਼ਿਕਾਇਤ ਭੇਜ ਕੇ ਵਿਤਕਰੇ ਨੂੰ ਰੋਕਣ ਦੀ ਮੰਗ ਕਰਾਂਗੀ।'

ਜ਼ਿਕਰਯੋਗ ਹੈ ਕਿ ਵਿਤਕਰੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਪਹਿਲਾਂ ਵੀ ਵਿਦੇਸ਼ੀ ਹਵਾਈ ਉਡਾਣਾਂ 'ਚ ਸਿੱਖਾਂ ਨਾਲ ਅਜਿਹੇ ਮਾਮਲੇ ਵਾਪਰਦੇ ਰਹੇ ਹਨ, ਜਿਸਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਸਿੱਖ ਆਵਾਜ਼ ਚੁਕਦੇ ਰਹੇ ਹਨ।