ਚੱਢਾ ਵਿਰੁਧ ਮਾਮਲਾ ਦਰਜ

ਪੰਥਕ, ਪੰਥਕ/ਗੁਰਬਾਣੀ

ਪੁਲਿਸ ਵਲੋਂ ਚੱਢਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ

ਅੰਮ੍ਰਿਤਸਰ, 29 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਿਰੁਧ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਰਵਿੰਦਰ ਕੌਰ ਦੇ ਬਿਆਨਾਂ ਤਹਿਤ ਪਰਚਾ ਦਰਜ ਕੀਤਾ ਹੈ। ਚੀਫ਼ ਖ਼ਾਲਸਾ ਦੀਵਾਨ ਦੇ 111 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਇਸ ਮੁਕੱਦਸ ਸੰਸਥਾ ਦੇ ਮੁਖੀ ਵਿਰੁਧ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਧਮਕੀਆਂ ਦੇਣ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਰਵਿੰਦਰ ਕੌਰ ਵਲੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖੀ ਦਰਖ਼ਾਸਤ ਵਿਚ ਉਸ ਨੇ ਲਿਖਿਆ ਕਿ ਉਹ ਇਸ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ਼ ਐਵੀਨਿਊ, ਏਅਰਪੋਰਟ ਰੋਡ, ਅੰਮ੍ਰਿਤਸਰ ਬ੍ਰਾਂਚ ਵਿਖੇ ਬਤੌਰ ਪ੍ਰਿੰਸੀਪਲ 

ਕੰਮ ਕਰ ਰਹੀ ਹੈ। ਇਸ ਸੰਸਥਾ ਦਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਉਸ ਨੂੰ ਬੇਟੀ ਕਹਿ ਕੇ ਬਲਾਉਂਦਾ ਸੀ ਪਰ ਉਸ 'ਤੇ ਮਾੜੀ ਨਜ਼ਰ ਰਖਦਾ ਅਤੇ ਉਸ ਨਾਲ ਕਈ ਵਾਰ ਅਸ਼ਲੀਲ ਹਰਕਤਾਂ ਵੀ ਕਰਦਾ ਤੇ ਜਦ ਉਹ ਇਨਕਾਰ ਕਰਦੀ ਅਤੇ ਅਪਣੀ ਸਿਆਸੀ ਪਹੁੰਚ ਦੀਆਂ ਧਮਕੀਆਂ ਦਿੰਦਾ। ਇਸ ਕਰ ਕੇ ਉਹ ਕਿਸੇ ਨਾਲ ਗੱਲ ਨਾ ਕਰ ਸਕੀ ਪਰ ਪ੍ਰਧਾਨ ਦੀਆਂ ਹਰਕਤਾਂ ਦਿਨ-ਬ-ਦਿਨ ਮਾੜੀਆਂ ਹੁੰਦੀਆਂ ਗਈਆਂ, ਹੁਣ ਇਕ ਵੀਡੀਉ ਵਾਇਰਲ ਹੋਈ ਜਿਸ ਵਿਚ ਚਰਨਜੀਤ ਸ਼ਿੰਘ ਚੱਢਾ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਨੇ ਉਸ ਨਾਲ ਧੱਕੇਸ਼ਾਹੀ ਕੀਤੀ ਹੈ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਇਸ ਤੋਂ ਜਾਨ-ਮਾਲ ਦਾ ਖ਼ਤਰਾ ਹੈ। ਚਰਨਜੀਤ ਸਿੰਘ ਚੱਢਾ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।